ਪੰਜਾਬ ''ਚ ਕਈ ਮਹੀਨਿਆਂ ਬਾਅਦ ਖੁੱਲ੍ਹੇ ਸਕੂਲ, ਪਹਿਲੇ ਦਿਨ ਘੱਟ ਰਹੀ ਹਾਜ਼ਰੀ

Friday, Jan 08, 2021 - 12:57 PM (IST)

ਮੋਹਾਲੀ (ਨਿਆਮੀਆਂ) : ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪਿਛਲੇ 10 ਮਹੀਨਿਆਂ ਤੋਂ ਬੰਦ ਪਏ ਸਕੂਲ ਖੋਲ੍ਹ ਦਿੱਤੇ ਗਏ। ਪਹਿਲੇ ਦਿਨ ਬੱਚਿਆਂ ਦੀ ਹਾਜ਼ਰੀ ਪਹਿਲਾਂ ਨਾਲੋਂ ਘੱਟ ਰਹੀ। ਮੋਹਾਲੀ ਦੇ ਫ਼ੇਜ਼-9 ਦੇ ਸਰਕਾਰੀ ਸਕੂਲ 'ਚ ਪ੍ਰਾਇਮਰੀ ਸੈਕਸ਼ਨ ਦੇ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਸਕੂਲ ਖੋਲ੍ਹ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬੱਚੇ ਜਦੋਂ ਸਕੂਲ ਆਏ ਤਾਂ ਉਨ੍ਹਾਂ ਦਾ ਤਾਪਮਾਨ ਚੈੱਕ ਕੀਤਾ ਗਿਆ। ਇਹ ਵੀ ਧਿਆਨ ਰੱਖਿਆ ਗਿਆ ਕਿ ਬੱਚਿਆਂ ਨੇ ਮਾਸਕ ਪਾਇਆ ਹੈ ਜਾਂ ਨਹੀਂ ਅਤੇ ਸੈਨੇਟਾਈਜ਼ਰ ਦਾ ਵੀ ਪੂਰਾ ਧਿਆਨ ਰੱਖਿਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਮਾਜਿਕ ਦੂਰੀ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਇਕ ਬੈਂਚ 'ਤੇ ਇਕ ਹੀ ਬੱਚੇ ਨੂੰ ਬਿਠਾਇਆ ਜਾ ਰਿਹਾ ਹੈ। ਇਸ ਮੌਕੇ ਬੱਚਿਆਂ ਨੂੰ ਪੜ੍ਹਾ ਰਹੀ ਅਧਿਆਪਕਾ ਜੋਤੀ ਰਾਣੀ ਨੇ ਕਿਹਾ ਕਿ ਉਹ ਬੱਚਿਆਂ ਨੂੰ ਆਨਲਾਈਨ ਵੀ ਪੜ੍ਹਾ ਰਹੇ ਸੀ ਅਤੇ ਬੱਚਿਆਂ ਦਾ ਹੋਮ ਵਰਕ ਚੈੱਕ ਕਰ ਰਹੇ ਸੀ ਪਰ ਇਕ ਸਾਲ ਬਾਅਦ ਬੱਚਿਆਂ ਨੂੰ ਦੁਬਾਰਾ ਕਲਾਸ 'ਚ ਬਿਠਾ ਕੇ ਪੜ੍ਹਾਉਣ 'ਚ ਉਨ੍ਹਾਂ ਨੂੰ ਬਹੁਤ ਆਨੰਦ ਆ ਰਿਹਾ ਹੈ।

ਇਸ ਮੌਕੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਰੀਟਾ ਅਤੇ ਪ੍ਰਭਜੋਤ ਨੇ ਕਿਹਾ ਕਿ ਉਹ ਆਨਲਾਈਨ ਪੜ੍ਹਾਈ ਤਾਂ ਕਰ ਰਹੇ ਸੀ ਪਰ ਆਪਣੇ ਦੋਸਤਾਂ ਨੂੰ ਯਾਦ ਕਰ ਰਹੇ ਸਨ ਅਤੇ ਅੱਜ ਉਨ੍ਹਾਂ ਨੂੰ ਦੁਬਾਰਾ ਆਪਣੇ ਦੋਸਤਾਂ ਨਾਲ ਬੈਠ ਕੇ ਪੜ੍ਹਨ 'ਚ ਬਹੁਤ ਮਜ਼ਾ ਆ ਰਿਹਾ ਹੈ।
 


Babita

Content Editor

Related News