ਪੰਜਾਬ ਦੇ ਸਕੂਲਾਂ ਦੀ ਸਰਕਾਰ ਨੂੰ ਚਿੱਠੀ, ''ਫੀਸਾਂ ਨਹੀਂ ਮਿਲਣਗੀਆਂ ਤਾਂ ਤਨਖਾਹਾਂ ਕਿੱਥੋਂ ਦਿਆਂਗੇ''
Tuesday, Apr 14, 2020 - 02:36 PM (IST)
ਚੰਡੀਗੜ੍ਹ : ਮੈਂਬਰਜ਼ ਆਫ ਇੰਡੀਪੈਂਡੈਂਟ ਸਕੂਲਜ਼ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਕ ਪੱਤਰ ਲਿਖ ਕੇ ਉਨ੍ਹਾਂ ਹੁਕਮਾਂ ਨੂੰ ਰੱਦ ਕਰਨ ਲਈ ਕਿਹਾ ਗਿਆ ਹੈ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਲਾਕ ਡਾਊਨ ਖਤਮ ਹੋਣ ਤੱਕ ਕੋਈ ਵੀ ਸਕੂਲ ਵਿਦਿਆਰਥੀਆਂ ਨੂੰ ਫੀਸਾਂ ਵਸੂਲ ਨਹੀਂ ਕਰੇਗਾ। ਇਸ ਐਸੋਸੀਏਸ਼ਨ 'ਚ ਚੰਡੀਗੜ੍ਹ ਅਤੇ ਪੰਜਾਬ ਦੇ ਸਕੂਲ ਵੀ ਸ਼ਾਮਲ ਹਨ। ਐਸੋਸੀਏਸ਼ਨ ਵਲੋਂ ਕਿਹਾ ਗਿਆ ਹੈ ਕਿ ਜੇਕਰ ਸਕੂਲ ਫੀਸਾਂ ਨਹੀਂ ਲੈਣਗੇ ਤਾਂ ਫਿਰ ਅਧਿਆਪਕਾਂ ਅਤੇ ਚੌਥੇ ਦਰਜੇ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦੇ ਸਕਣਗੇ। ਸਕੂਲਾਂ ਵਲੋਂ ਇਹ ਵੀ ਅਪੀਲ ਕੀਤੀ ਗਈ ਹੈ ਕਿ ਸਰਕਾਰ ਫੰਡਾਂ ਦੇ ਰੂਪ 'ਚ ਉਨ੍ਹਾਂ ਦਾ ਬਣਦਾ ਪੈਸਾ ਉਨ੍ਹਾ ਨੂੰ ਵਾਪਸ ਦੇਵੇ।
ਉਨ੍ਹਾਂ ਕਿਹਾ ਕਿ ਜੇਕਰ ਸਕੂਲਾਂ ਨੂੰ ਫੀਸਾਂ ਨਹੀਂ ਮਿਲਣਗੀਆਂ ਤਾਂ ਉਹ ਅਪ੍ਰੈਲ ਦੀ ਤਨਖਾਹ ਵੀ ਆਪਣੇ ਮੁਲਾਜ਼ਮਾਂ ਨੂੰ ਨਹੀਂ ਦੇ ਸਕਣਗੇ। ਦੂਜੇ ਪਾਸੇ ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਨਿਤੀਨ ਗੋਇਲ ਦਾ ਕਹਿਣਾ ਹੈ ਕਿ ਪ੍ਰਾਈਵੇਟ ਸਕੂਲਾਂ ਵਲੋਂ ਇਹ ਕਹਿ ਕੇ ਕਿ ਉਹ ਤਨਖਾਹਾਂ ਦੇਣ ਦੇ ਸਮਰੱਥ ਨਹੀਂ ਹਨ, ਸਰਕਾਰ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ, ਜਦੋਂ ਕਿ ਸੱਚਾਈ ਇਹ ਹੈ ਕਿ ਇਨ੍ਹਾਂ ਸਕੂਲਾਂ ਨੂੰ ਕਾਫੀ ਲਾਭ ਮਿਲਦਾ ਹੈ। ਇਸ ਬਾਰੇ ਬੋਲਦਿਆਂ ਚੰਡੀਗੜ੍ਹ ਦੇ ਸਲਾਹਕਾਰ ਮਨੋਜ ਪਰਿਦਾ ਦਾ ਕਹਿਣਾ ਹੈ ਕਿ ਜੇਕਰ ਲੋਕ ਫੀਸਾਂ ਦੇਣਾ ਚਾਹੁੰਦੇ ਹਨ ਤਾਂ ਉਹ ਦੇ ਸਕਦੇ ਹਨ ਕਿਉਂਕਿ ਫੀਸ ਦੇਣ ਤੋਂ ਛੋਟ ਨਹੀਂ ਦਿੱਤੀ ਗਈ ਹੈ, ਸਿਰਫ ਇਸ ਨੂੰ ਮੁਲਤਵੀ ਕੀਤਾ ਗਿਆ ਹੈ।