ਵੱਡੀ ਖ਼ਬਰ : ਪੰਜਾਬ ਬੋਰਡ ਵੱਲੋਂ 10ਵੀਂ ਤੇ 12ਵੀਂ ਜਮਾਤ ਦੇ ਸਰਟੀਫਿਕੇਟਾਂ ਨੂੰ ਲੈ ਕੇ ਨਵਾਂ ਫ਼ਰਮਾਨ ਜਾਰੀ

Thursday, Aug 19, 2021 - 12:33 PM (IST)

ਵੱਡੀ ਖ਼ਬਰ : ਪੰਜਾਬ ਬੋਰਡ ਵੱਲੋਂ 10ਵੀਂ ਤੇ 12ਵੀਂ ਜਮਾਤ ਦੇ ਸਰਟੀਫਿਕੇਟਾਂ ਨੂੰ ਲੈ ਕੇ ਨਵਾਂ ਫ਼ਰਮਾਨ ਜਾਰੀ

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਹਿਲਾਂ ਹੀ ਆਰਥਿਕ ਤੌਰ 'ਤੇ ਪਿਸ ਰਹੇ ਗ਼ਰੀਬ ਲੋਕਾਂ 'ਤੇ ਸਰਟੀਫਿਕੇਟ ਦੀ ਹਾਰਡ ਕਾਪੀ ਦੇ ਨਾਂ 'ਤੇ ਹੋਰ ਬੋਝ ਪਾ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਜਦੋਂ ਵੀ ਕੋਈ ਪ੍ਰੀਖਿਆ ਲੈਂਦਾ ਹੈ ਤਾਂ ਉਸ ਦਾ ਸਰਟੀਫਿਕੇਟ ਜਾਰੀ ਕਰਨਾ ਸਿੱਖਿਆ ਬੋਰਡ ਦੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਇਸ ਸੰਬੰਧੀ ਪ੍ਰੀਖਿਆ ਫ਼ੀਸ ਵਿੱਚ ਹੀ ਉਹ ਸਾਰੇ ਪੈਸੇ ਵਸੂਲ ਲੈਂਦਾ ਹੈ ਪਰ ਇਸ ਵਾਰ ਸਿੱਖਿਆ ਬੋਰਡ ਨੇ ਇਕ ਨਵਾਂ ਫ਼ਰਮਾਨ ਜਾਰੀ ਕਰਦਿਆਂ ਕਿਹਾ ਹੈ ਕਿ ਜਿਸ ਵੀ ਪ੍ਰੀਖਿਆਰਥੀ ਨੇ ਆਪਣੇ ਸਰਟੀਫਿਕੇਟ ਦੀ ਹਾਰਡ ਕਾਪੀ ਲੈਣੀ ਹੈ, ਉਸ ਨੂੰ 300 ਰੁਪਏ ਜਮ੍ਹਾਂ ਕਰਵਾਉਣੇ ਪੈਣਗੇ।

ਇਹ ਵੀ ਪੜ੍ਹੋ : ਹਰੀਸ਼ ਰਾਵਤ ਦਾ ਚੰਡੀਗੜ੍ਹ ਦੌਰਾ ਹੁਣ ਅਗਲੇ ਹਫ਼ਤੇ, ਕੈਪਟਨ ਤੇ ਸਿੱਧੂ ਦੀ ਨਵੀਂ ਟੀਮ ਨਾਲ ਕਰਨਗੇ ਮੁਲਾਕਾਤ

ਇਹ ਹੁਕਮ ਦਸਵੀਂ ਅਤੇ ਬਾਰ੍ਹਵੀਂ ਜਮਾਤ ਪਾਸ ਕਰ ਚੁੱਕੇ ਪ੍ਰੀਖਿਆਰਥੀਆਂ 'ਤੇ ਲਾਗੂ ਹੋਣਗੇ। ਸਿੱਖਿਆ ਬੋਰਡ ਦੇ ਅਚਾਨਕ ਆਏ ਇਸ ਹੁਕਮ ਨੂੰ ਲੈ ਕੇ ਵਿਦਿਆਰਥੀਆਂ ਦੇ ਮਾਪੇ ਕਾਫ਼ੀ ਹੈਰਾਨ-ਪਰੇਸ਼ਾਨ ਹਨ ਕਿਉਂਕਿ ਸਿੱਖਿਆ ਬੋਰਡ ਨੇ ਬਿਨਾਂ ਕੋਈ ਪ੍ਰੀਖਿਆ ਲਿਆ ਕਰੋੜਾਂ ਰੁਪਏ ਪ੍ਰੀਖਿਆਰਥੀਆਂ ਕੋਲੋਂ ਪਹਿਲਾਂ ਹੀ ਵਸੂਲ ਕਰ ਲਏ ਹਨ ਅਤੇ ਹੁਣ ਹੁਣ 300 ਰੁਪਏ ਵਾਧੂ ਮੰਗੇ ਜਾਣ 'ਤੇ ਮਾਪਿਆਂ ਵਿੱਚ ਰੋਸ ਹੈ। ਇੱਥੇ ਇਹ ਗੱਲ ਖ਼ਾਸ ਤੌਰ 'ਤੇ ਜ਼ਿਕਰਯੋਗ ਹੈ ਕਿ ਕੋਵਿਡ ਕਾਲ ਤੋਂ ਪਹਿਲਾਂ ਜਦੋਂ ਵੀ ਪ੍ਰੀਖਿਆਵਾਂ ਹੁੰਦੀਆਂ ਸਨ ਤਾਂ ਸਿੱਖਿਆ ਬੋਰਡ ਵੱਲੋਂ ਬਾਕਾਇਦਾ ਸਰਟੀਫਿਕੇਟ ਅਤੇ ਪ੍ਰਾਪਤ ਅੰਕਾਂ ਵਾਲਾ ਸਰਟੀਫਿਕੇਟ ਪ੍ਰੀਖਿਆਰਥੀ ਨੂੰ ਤੁਰੰਤ ਦਿੱਤੇ ਜਾਂਦੇ ਸਨ।

ਇਹ ਵੀ ਪੜ੍ਹੋ : ਪਟਿਆਲਾ 'ਚ ਦਰਦਨਾਕ ਘਟਨਾ, ਛੁੱਟੀ ਆਏ 3 ਫ਼ੌਜੀ ਦੋਸਤ ਕਾਰ ਸਮੇਤ ਭਾਖੜਾ ਨਹਿਰ 'ਚ ਡਿਗੇ

ਜੋ ਕੰਪਿਊਟਰ ਫਰਮ ਇਹ ਨਤੀਜੇ ਤਿਆਰ ਕਰਦੀ ਹੁੰਦੀ ਸੀ, ਉਸ ਵੱਲੋਂ ਹੀ ਇਹ ਸਰਟੀਫਿਕੇਟ ਤਿਆਰ ਕਰਕੇ ਭੇਜ ਦਿੱਤੇ ਜਾਂਦੇ ਸਨ, ਜੋ ਕਿ ਸਿੱਖਿਆ ਬੋਰਡ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਪਾਠ-ਪੁਸਤਕ ਵਿਕਰੀ ਡਿੱਪੂਆਂ ਰਾਹੀਂ ਵਿਦਿਆਰਥੀਆਂ ਤੱਕ ਪੁੱਜਦੇ ਕੀਤੇ ਜਾਂਦੇ ਸਨ। ਜਦੋਂ ਇਸ ਸੰਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹਰੇਕ ਪ੍ਰੀਖਿਆਰਥੀ ਲਈ 300 ਰੁਪਏ ਜਮ੍ਹਾਂ ਕਰਵਾਉਣੇ ਜ਼ਰੂਰੀ ਨਹੀਂ ਹਨ। ਉਨ੍ਹਾਂ ਕਿਹਾ ਕਿ ਹਰ ਇੱਕ ਪ੍ਰੀਖਿਆਰਥੀ ਲਈ ਹਾਰਡ ਕਾਪੀ ਜ਼ਰੂਰੀ ਨਹੀਂ ਹੁੰਦੀ।

ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਮੁਲਾਜ਼ਮਾਂ ਲਈ ਜ਼ਰੂਰੀ ਖ਼ਬਰ, ਮੈਡੀਕਲ ਛੁੱਟੀ ਲੈਣ ਸਬੰਧੀ ਜਾਰੀ ਹੋਏ ਨਵੇਂ ਹੁਕਮ

ਉਨ੍ਹਾਂ ਕਿਹਾ ਕਿ ਹਾਰਡ ਕਾਪੀ ਜਿਸ ਪ੍ਰੀਖਿਆਰਥੀ ਨੇ ਹਾਸਲ ਕਰਨੀ ਹੈ, ਸਿਰਫ ਉਸ ਨੂੰ ਹੀ ਇਹ ਪੈਸੇ ਜਮ੍ਹਾਂ ਕਰਵਾਉਣੇ ਪੈਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਹੁਕਮਾਂ ਅਨੁਸਾਰ ਡਿਜੀਟਲ ਸਰਟੀਫਿਕੇਟ ਤਿਆਰ ਕੀਤੇ ਗਏ ਹਨ, ਜਿਹੜੇ ਕਿ ਹਰ ਇੱਕ ਸਕੂਲ ਲਾਗ ਇਨ ਅਤੇ ਡਿਜੀ ਲਾਕਰ ਵਿਚ ਉਪਲੱਬਧ ਕਰਵਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਸ ਪ੍ਰੀਖਿਆਰਥੀ ਨੇ ਹਾਰਡ ਕਾਪੀ ਲੈਣੀ ਹੈ, ਸਿਰਫ ਉਹ ਹੀ ਪੈਸੇ ਜਮ੍ਹਾਂ ਕਰਵਾਏਗਾ। ਬਾਕੀ ਕਿਸੇ ਨੂੰ ਪੈਸੇ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News