ਪੰਜਾਬ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ''ਚ 98.14 ਫ਼ੀਸਦੀ ਰਿਹਾ ਜਲੰਧਰ ਜ਼ਿਲ੍ਹੇ ਦਾ ਰਿਜ਼ਲਟ

07/31/2021 4:35:03 PM

ਜਲੰਧਰ (ਸੁਮਿਤ)– ਇਕ ਲੰਮੀ ਉਡੀਕ ਤੋਂ ਬਾਅਦ ਆਖ਼ਿਰਕਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਬੀਤੇ ਦਿਨ ਐਲਾਨ ਦਿੱਤਾ ਗਿਆ, ਹਾਲਾਂਕਿ ਇਹ ਨਤੀਜਾ ਵਿਦਿਆਰਥੀ ਬੋਰਡ ਦੀ ਵੈੱਬਸਾਈਟ ’ਤੇ 31 ਜੁਲਾਈ ਨੂੰ ਵੇਖੇ ਗਏ ਪਰ ਬੋਰਡ ਅਧਿਕਾਰੀਆਂ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਮੀਡੀਆ ਅੱਗੇ ਨਤੀਜਿਆਂ ਦੇ ਸਾਰੇ ਪਹਿਲੂਆਂ ਨੂੰ ਸਾਂਝਾ ਕੀਤਾ ਗਿਆ। ਹਮੇਸ਼ਾ ਬੋਰਡ ਵੱਲੋਂ ਇਕ ਦਿਨ ਪਹਿਲਾਂ ਮੈਰਿਟ ਸੂਚੀ ਵੀ ਜਾਰੀ ਕੀਤੀ ਜਾਂਦੀ ਹੈ ਪਰ ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਵੀ ਪਿਛਲੇ ਸਾਲ ਵਾਂਗ ਕੋਈ ਮੈਰਿਟ ਲਿਸਟ ਨਹੀਂ ਜਾਰੀ ਕੀਤੀ ਗਈ।
ਜੇਕਰ ਜ਼ਿਲ੍ਹੇ ਦੇ ਨਤੀਜੇ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਦਾ ਓਵਰਆਲ ਨਤੀਜਾ 98.14 ਫ਼ੀਸਦੀ ਰਿਹਾ। ਜ਼ਿਲ੍ਹੇ ਭਰ ਵਿਚੋਂ ਕੁੱਲ 21101 ਵਿਦਿਆਰਥੀ ਵੱਖ-ਵੱਖ ਸਟ੍ਰੀਮਜ਼ ਵਿਚ 12ਵੀਂ ਦੀ ਪ੍ਰੀਖਿਆ ਵਿਚ ਬੈਠੇ। ਇਨ੍ਹਾਂ ਵਿਚੋਂ 20708 ਨੇ ਇਹ ਪ੍ਰੀਖਿਆ ਪਾਸ ਕੀਤੀ। ਵੇਖਿਆ ਜਾਵੇ ਤਾਂ ਇਸ ਵਾਰ ਮੈਰੀਟੋਰੀਅਸ ਸਕੂਲਾਂ ਤੋਂ ਇਲਾਵਾ ਸਰਕਾਰੀ ਸਕੂਲਾਂ ਦਾ ਨਤੀਜਾ ਵੀ ਕਾਫੀ ਵਧੀਆ ਰਿਹਾ ਹੈ। ਪਾਸ ਫ਼ੀਸਦੀ ਵਿਚ ਵੀ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਖ਼ੁਲਾਸਾ: ਜਲੰਧਰ ਦੇ ਸੁਖਮੀਤ ਡਿਪਟੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਬੰਬੀਹਾ ਗੁਰੱਪ ਦੀ ਆਈ. ਡੀ. ਨਿਕਲੀ ਫੇਕ

ਇਥੇ ਦੱਸਣਯੋਗ ਹੈ ਕਿ ਪਿਛਲੇ ਸਾਲ ਵਾਂਗ ਇਸ ਸਾਲ ਵੀ ਫਾਈਨਲ ਪ੍ਰੀਖਿਆਵਾਂ ਕੋਰੋਨਾ ਮਹਾਮਾਰੀ ਕਾਰਨ ਪ੍ਰਭਾਵਿਤ ਹੋਈਆਂ ਸਨ, ਜਿਸ ਕਾਰਨ ਨਤੀਜਾ ਕਿਸ ਆਧਾਰ ’ਤੇ ਕੱਢਿਆ ਜਾਵੇ, ਇਸ ’ਤੇ ਮੰਥਨ ਕੀਤਾ ਗਿਆ ਅਤੇ ਫਿਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਨਤੀਜਾ ਐਲਾਨਿਆ ਗਿਆ। ਹਾਲਾਂਕਿ ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਦਾ ਸਾਲ ਬਚਾਅ ਲਿਆ ਗਿਆ ਹੈ ਪਰ ਵਿਦਿਆਰਥੀਆਂ ਨੂੰ ਅੱਗੇ ਮੁਕਾਬਲਾ ਪ੍ਰੀਖਿਆਵਾਂ ਵਿਚ ਆਪਣੀ ਯੋਗਤਾ ਨੂੰ ਦਰਸਾਉਣਾ ਹੀ ਪਵੇਗਾ, ਜੋ ਕਿ ਕਈ ਵਿਦਿਆਰਥੀਆਂ ਲਈ ਚੁਣੌਤੀ ਭਰਿਆ ਰਹੇਗਾ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਿੰਦਰਪਾਲ ਸਿੰਘ ਨੇ ਨਤੀਜਿਆਂ ’ਤੇ ਸੰਤੁਸ਼ਟੀ ਜਤਾਉਂਦਿਆਂ ਕਿਹਾ ਕਿ ਇਹ ਬਹੁਤ ਵਧੀਆ ਰਿਹਾ ਹੈ। ਵਿਦਿਆਰਥੀਆਂ ਨੇ ਮਹਾਮਾਰੀ ਦੇ ਬਾਵਜੂਦ ਮਨ ਲਾ ਕੇ ਪੜ੍ਹਾਈ ਜਾਰੀ ਰੱਖੀ, ਇਸੇ ਕਾਰਨ ਨਤੀਜੇ ਵਧੀਆ ਆਏ ਹਨ। ਉਨ੍ਹਾਂ ਸਾਰੇ ਪ੍ਰਮੋਟ ਹੋਏ ਬੱਚਿਆਂ ਨੂੰ ਭਵਿੱਖ ਦੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਇਹ ਵੀ ਪੜ੍ਹੋ: ਫਤਿਹਗੜ੍ਹ ਚੂੜੀਆਂ 'ਚ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਵਿਅਕਤੀ ਦਾ ਕੀਤਾ ਕਤਲ

ਸੂਬੇ ’ਚ 10ਵੇਂ ਸਥਾਨ ’ਤੇ ਰਿਹਾ ਜਲੰਧਰ
ਭਾਵੇਂ ਮਹਾਮਾਰੀ ਕਾਰਨ ਇਸ ਵਾਰ ਵੀ ਬੋਰਡ ਵੱਲੋਂ ਮੈਰਿਟ ਲਿਸਟ ਨਹੀਂ ਜਾਰੀ ਕੀਤੀ ਗਈ ਪਰ ਓਵਰਆਲ ਪਾਸ ਫ਼ੀਸਦੀ ਮੁਤਾਬਕ ਜ਼ਿਲ੍ਹਾ ਜਲੰਧਰ ਸੂਬੇ ਵਿਚ 10ਵੇਂ ਸਥਾਨ ’ਤੇ ਰਿਹਾ, ਜਦਕਿ ਰੂਪਨਗਰ ਇਸ ਸੂਚੀ ਵਿਚ ਪਹਿਲੇ ਸਥਾਨ ’ਤੇ ਆਇਆ ਅਤੇ ਫਾਜ਼ਿਲਕਾ ਇਸ ਸੂਚੀ ਵਿਚ ਆਖ਼ਰੀ ਸਥਾਨ ’ਤੇ ਰਿਹਾ।

ਆਨਲਾਈਨ ਪੜ੍ਹਾਈ ਦੇ ਬਾਵਜੂਦ ਵਧੀਆ ਨਤੀਜਾ
ਇਹ ਪੂਰਾ ਸਾਲ ਹੀ ਆਨਲਾਈਨ ਪੜ੍ਹਾਈ ਵਿਚ ਲੰਘਿਆ ਸੀ ਪਰ ਲਾਕਡਾਊਨ ਵਿਚ ਬੰਦ ਹੋਏ ਸਕੂਲ ਸਾਰਾ ਸਾਲ ਹੀ ਬੰਦ ਰਹੇ ਅਤੇ ਬੱਚਿਆਂ ਨੇ ਘਰਾਂ ਵਿਚ ਰਹਿ ਕੇ ਹੀ ਪੜ੍ਹਾਈ ਕੀਤੀ। ਇਸ ਸਭ ਦੇ ਬਾਵਜੂਦ ਜੇਕਰ ਨਤੀਜੇ ਵਧੀਆ ਆਏ ਹਨ ਤਾਂ ਇਸ ਦੇ ਲਈ ਅਧਿਆਪਕਾਂ ਨੂੰ ਵੀ ਸਿਹਰਾ ਜਾਂਦਾ ਹੈ, ਜਿਨ੍ਹਾਂ ਬੱਚਿਆਂ ਦੀ ਪੜ੍ਹਾਈ ਵਿਚ ਕੋਈ ਕਸਰ ਨਹੀਂ ਛੱਡੀ।

ਇਹ ਵੀ ਪੜ੍ਹੋ: ਜਲੰਧਰ: ਟਿਕਟਾਕ ਸਟਾਰ ਲਾਲੀ ਦਾ ਵਿਆਹ ਬਣਿਆ ਵਿਵਾਦ ਦਾ ਵਿਸ਼ਾ, 'ਜਾਗੋ' ’ਚ ਦੋਸਤਾਂ ਨੇ ਕੀਤੇ ਹਵਾਈ ਫਾਇਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News