P.S.E.B. ਵਲੋਂ ਇਨ੍ਹਾਂ ਕਲਾਸਾਂ ਦਾ ਲਿਆ ਜਾਵੇਗਾ ਇੰਗਲਿਸ਼ ਵਿਸ਼ੇ ਦਾ ਪ੍ਰੈਕਟੀਕਲ

Thursday, Jan 09, 2020 - 08:31 PM (IST)

P.S.E.B. ਵਲੋਂ ਇਨ੍ਹਾਂ ਕਲਾਸਾਂ ਦਾ ਲਿਆ ਜਾਵੇਗਾ ਇੰਗਲਿਸ਼ ਵਿਸ਼ੇ ਦਾ ਪ੍ਰੈਕਟੀਕਲ

ਲੁਧਿਆਣਾ,(ਵਿੱਕੀ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2019-20 ਦੀ ਸਾਲਾਨਾ ਪ੍ਰੀਖਿਆ ਵਿਚ ਪਹਿਲੀ ਵਾਰ 8ਵੀਂ, 10ਵੀਂ ਅਤੇ 12ਵੀਂ ਦੀਆਂ ਕਲਾਸਾਂ ਦੇ ਲਈ ਅੰਗਰੇਜ਼ੀ ਵਿਸ਼ੇ ਦਾ ਪ੍ਰੈਕਟੀਕਲ ਵੀ ਲਿਆ ਜਾਵੇਗਾ। ਵਿਦਿਆਰਥੀਆਂ ਨੂੰ ਇਸ ਸਬੰਧੀ ਤਿਆਰੀ ਵੀ ਕਰਵਾਈ ਜਾ ਚੁੱਕੀ ਹੈ। ਪੀ. ਐੱਸ. ਈ. ਬੀ. ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਪ੍ਰੈਕਟੀਕਲ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 8ਵੀਂ, 10ਵੀਂ ਅਤੇ 12ਵੀਂ ਦੀਆਂ ਕਲਾਸਾਂ ਲਈ ਸਾਲਾਨਾ ਪ੍ਰੀਖਿਆ ਵਿਚ ਅੰਗਰੇਜ਼ੀ ਵਿਸ਼ੇ ਦਾ ਪ੍ਰੈਕਟੀਕਲ, ਲਿਸਨਿੰਗ ਐਂਡ ਸਪੀਕਿੰਗ ਸਕਿਲ ਟੈਸਟਿੰਗ ਦੇ ਤੌਰ 'ਤੇ ਲਿਆ ਜਾਵੇਗਾ ਅਤੇ ਹਰ ਟੈਸਟ ਦਾ ਅੰਦਰੂਨੀ ਮੁੱਲਾਂਕਣ 10 ਅੰਕ 'ਚ ਕੀਤਾ ਜਾਵੇਗਾ।

12ਵੀਂ ਅਤੇ 10ਵੀਂ ਸ਼੍ਰੇਣੀ ਲਈ ਇਹ ਮੁੱਲਾਂਕਣ ਸੀ. ਸੀ. ਈ. ਮਾਡਿਊਲ ਦੇ ਅਧੀਨ ਹੀ ਲਿਆ ਜਾਣਾ ਹੈ, ਜਦਕਿ 8ਵੀਂ ਸ਼੍ਰੇਣੀ ਲਈ ਪ੍ਰੈਕਟੀਕਲ ਦੇ ਅੰਕ ਸੀ. ਸੀ. ਈ. ਮਾਡਿਊਲ ਤੋਂ ਅਲੱਗ ਹੋਣਗੇ, ਜਿਸ ਦਾ ਸਾਰਾ ਵੇਰਵਾ ਬੋਰਡ ਦੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤਾ ਗਿਆ ਹੈ। ਬੋਰਡ ਦੇ ਵਾਈਸ ਚੇਅਰਮੈਨ ਅਨੁਸਾਰ ਅੰਗਰੇਜ਼ੀ ਵਿਸ਼ੇ ਦੇ ਇਸ ਲਿਸਨਿੰਗ ਐਂਡ ਸਪੀਕਿੰਗ ਸਕਿਲ ਟੈਸਟਿੰਗ ਲਈ ਜ਼ਰੂਰੀ ਪ੍ਰੈਕਟਿਸ ਸ਼ੀਟਸ ਅਤੇ ਆਡੀਓ ਕਲਿਪ ਵੀ ਬੋਰਡ ਦੀ ਵੈੱਬਸਾਈਟ 'ਤੇ ਹੀ ਅਪਲੋਡ ਕੀਤੇ ਗਏ ਹਨ। ਇਨ੍ਹਾਂ ਟੈਸਟਾਂ ਵਿਚ 10 ਪ੍ਰਸ਼ਨਾਂ ਵਿਚੋਂ 6 ਪ੍ਰਸ਼ਨ ਲਿਸਨਿੰਗ ਨਾਲ ਸਬੰਧਤ ਹੋਣਗੇ, ਜਦਕਿ 4 ਪ੍ਰਸ਼ਨ ਸਪੀਕਿੰਗ ਨਾਲ ਸਬੰਧਤ ਹੋਣਗੇ। ਵਿਦਿਆਰਥੀਆਂ ਦੇ 'ਲਿਸਨਿੰਗ' ਟੈਸਟ ਲਈ ਉਨ੍ਹਾਂ ਨੂੰ 10 ਪ੍ਰਸ਼ਨਾਂ ਦੀ ਇਕ ਪ੍ਰੈਕਟਿਸ ਸ਼ੀਟ ਦਿੱਤੀ ਜਾਵੇਗੀ ਅਤੇ ਵਿਦਿਆਰਥੀ ਆਡੀਓ ਨਾਲ ਕਲਿੱਪ ਸੁਣਨ ਉਪਰੰਤ ਸ਼ੀਟ 'ਤੇ ਪੁੱਛੇ ਗਏ 10 ਵਿਚੋਂ 6 ਪ੍ਰਸ਼ਨਾਂ ਦੇ ਸਹੀ ਉੱਤਰ ਲਿਖਣਗੇ। ਇਸੇ ਤਰ੍ਹਾਂ ਹੀ ਸਪੀਕਿੰਗ ਟੈਸਟ ਦੀ ਪ੍ਰੈਕਟਿਸ ਸ਼ੀਟ ਵਿਚੋਂ ਤਸਵੀਰ ਦੇ 'ਕਿਊ' ਸ਼ਬਦ ਦੇਖ ਕੇ ਵਿਦਿਆਰਥੀ ਘੱਟ ਤੋਂ ਘੱਟ 6 ਵਾਕ ਅੰਗਰੇਜ਼ੀ ਵਿਚ ਵਿਚ ਬੋਲਣਗੇ। ਹਰ ਪ੍ਰਸ਼ਨ ਇਕ ਅੰਕ ਦਾ ਹੋਵੇਗਾ। ਅਧਿਆਪਕ ਅਤੇ ਵਿਦਿਆਰਥੀ ਪੂਰੀ ਜਾਣਕਾਰੀ ਬੋਰਡ ਦੀ ਵੈੱਬਸਾਈਟ 'ਤੇ ਪ੍ਰਾਪਤ ਕਰ ਸਕਦੇ ਹਨ।


Related News