ਪੰਜਾਬ ਦੀ ਔਰਤ ਨੇ ਉੱਤਰ ਪ੍ਰਦੇਸ਼ 'ਚ ਦਿੱਤੀ ਸੀ ਵਾਜਪਾਈ ਨੂੰ ਪਹਿਲੀ ਚੋਣ ਹਾਰ
Thursday, Apr 18, 2019 - 12:34 PM (IST)

ਚੰਡੀਗੜ੍ਹ (ਹਰੀਸ਼ਚੰਦਰ) - ਦੇਸ਼ 'ਚ ਕਹਿਣ ਨੂੰ ਔਰਤਾਂ ਦੀ ਤਾਦਾਦ ਕੁਲ ਆਬਾਦੀ 'ਚ ਕਰੀਬ ਅੱਧੀ ਹੈ ਪਰ ਜਦੋਂ ਚੋਣਾਂ ਲੜਨ ਦੀ ਗੱਲ ਆਉਂਦੀ ਹੈ ਤਾਂ ਸਿਆਸੀ ਪਾਰਟੀਆਂ ਉਨ੍ਹਾਂ ਦੀ ਦਾਅਵੇਦਾਰੀ ਨੂੰ ਨਕਾਰ ਦਿੰਦੀਆਂ ਹਨ। ਦੱਸ ਦੇਈਏ ਕਿ ਪੰਜਾਬ ਤੋਂ ਹੁਣ ਤੱਕ ਲੋਕ ਸਭਾ ਚੋਣਾਂ 'ਚ 11 ਔਰਤਾਂ ਸੰਸਦ ਮੈਂਬਰ ਚੁਣੀਆਂ ਗਈਆਂ ਹਨ। ਇਨ੍ਹਾਂ 'ਚੋਂ 6 ਔਰਤਾਂ ਅਜਿਹੀਆਂ ਹਨ, ਜੋ ਇਕ ਤੋਂ ਜ਼ਿਆਦਾ ਵਾਰ ਸੰਸਦ ਮੈਂਬਰ ਬਣੀਆਂ ਪਰ ਪੰਜਾਬ ਤੋਂ ਹੁਣ ਤੱਕ ਚੁਣੀਆਂ ਗਈਆਂ ਔਰਤਾਂ ਸੰਸਦ ਮੈਂਬਰਾਂ ਦੀ ਗਿਣਤੀ ਕੁਲ ਸੰਸਦ ਮੈਂਬਰਾਂ ਦੇ ਮੁਕਾਬਲੇ 10 ਫ਼ੀਸਦੀ ਵੀ ਨਹੀਂ। ਹਾਲਾਂਕਿ ਪਹਿਲਾਂ ਲੋਕ ਸਭਾ ਚੋਣਾਂ 'ਚ ਪੰਜਾਬ ਦੀਆਂ ਔਰਤਾਂ ਨੇ ਸੰਸਦ 'ਚ ਦਸਤਕ ਦਿੱਤੀ ਸੀ ਪਰ 3 ਮੌਕੇ ਅਜਿਹੇ ਆਏ ਜਦੋਂ ਇਕ ਵੀ ਮਹਿਲਾ ਲੋਕ ਸਭਾ ਦੀ ਦਹਿਲੀਜ਼ ਪਾਰ ਨਹੀਂ ਕਰ ਸਕੀ।ਸਿਆਲਕੋਟ 'ਚ ਜੰਮੀ ਤੇ ਜਲੰਧਰ 'ਚ ਪੜ੍ਹੀ ਸੁਭਦਰਾ ਜੋਸ਼ੀ ਨੇ ਸਾਲ 1962 'ਚ ਬਲਰਾਮਪੁਰ ਤੋਂ ਤਤਕਾਲੀ ਸੰਸਦ ਮੈਂਬਰ ਅਟਲ ਬਿਹਾਰੀ ਵਾਜਪਾਈ ਨੂੰ ਹਰਾਇਆ ਸੀ। ਉਨ੍ਹਾਂ ਦੀ ਇਹ ਪਹਿਲੀ ਚੋਣ ਹਾਰ ਸੀ।
ਹੁਣ ਤੱਕ ਰਹੀਆਂ ਸੰਸਦ ਮੈਂਬਰ
ਮਹਿਲਾ ਉਮੀਦਵਾਰ | ਕਿੰਨੀ ਵਾਰ |
ਸੁਖਬੰਸ ਕੌਰ ਭਿੰਡਰ | 5 |
ਪ੍ਰਨੀਤ ਕੌਰ | 3 |
ਸੰਤੋਸ਼ ਚੌਧਰੀ | 3 |
ਸੁਭੱਦਰਾ ਜੋਸ਼ੀ | 2 |
ਹਰਸਿਮਰਤ ਕੌਰ ਬਾਦਲ | 2 |
ਪਰਮਜੀਤ ਕੌਰ ਗੁਲਸ਼ਨ | 2 |
ਬਿਮਲ ਕੌਰ ਖਾਲਸਾ | 1 |
ਮੋਹਿੰਦਰ ਕੌਰ | 1 |
ਰਾਜਿੰਦਰ ਕੌਰ ਬੁਲਾਰੀਆ | 1 |
ਸਤਵਿੰਦਰ ਕੌਰ ਧਾਲੀਵਾਲ | 1 |
ਗੁਰਬਿੰਦਰ ਕੌਰ | 1 |
2009 'ਚ ਚਾਰ ਔਰਤਾਂ ਜਿੱਤੀਆਂ ਸਨ ਪੰਜਾਬ ਤੋਂ
ਸਾਲ 2009 ਮਹਿਲਾ ਸੰਸਦ ਮੈਂਬਰ ਦੀ ਲੋਕ ਸਭਾ 'ਚ ਹਾਜ਼ਰੀ ਦੇ ਹਿਸਾਬ ਨਾਲ ਪੰਜਾਬ ਲਈ ਸੁਨਹਿਰਾ ਵਰ੍ਹਾ ਰਿਹਾ, ਕਿਉਂਕਿ ਉਦੋਂ 4 ਔਰਤਾਂ ਲੋਕ ਸਭਾ ਪਹੁੰਚੀਆਂ ਸਨ। ਉਸ ਸਾਲ ਕਾਂਗਰਸ ਦੀ ਟਿਕਟ 'ਤੇ ਪਟਿਆਲਾ ਤੋਂ ਪ੍ਰਨੀਤ ਕੌਰ, ਹੁਸ਼ਿਆਰਪੁਰ ਤੋਂ ਸੰਤੋਸ਼ ਚੌਧਰੀ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਤੋਂ ਹਰਸਿਮਰਤ ਬਾਦਲ ਅਤੇ ਫਰੀਦਕੋਟ ਤੋਂ ਪਰਮਜੀਤ ਕੌਰ ਗੁਲਸ਼ਨ ਨੇ ਚੋਣ ਜਿੱਤੀ ਸੀ। ਇਸ ਤੋਂ ਇਲਾਵਾ ਵੱਖ-ਵੱਖ ਸੀਟਾਂ 'ਤੇ 9 ਹੋਰ ਉਮੀਦਵਾਰ ਸਨ, ਜਿਨ੍ਹਾਂ 'ਚ ਸੀ.ਪੀ.ਆਈ. ਦੀ ਕੌਸ਼ੱਲਿਆ ਚਮਨ ਭੌਰਾ ਵੀ ਸ਼ਾਮਲ ਸਨ। 1989 'ਚ ਕੁਲ 12 ਔਰਤਾਂ ਨੇ ਲੋਕ ਸਭਾ ਚੋਣ ਲੜੀ, ਜਿਨ੍ਹਾਂ 'ਚੋਂ ਤਿੰਨ ਜਿੱਤੀਆਂ। ਇਨ੍ਹਾਂ 'ਚ ਕਾਂਗਰਸ ਦੀ ਗੁਰਦਾਸਪੁਰ ਤੋਂ ਸੁਖਬੰਸ ਕੌਰ ਭਿੰਡਰ, ਸ਼੍ਰੋਮਣੀ ਅਕਾਲੀ ਦਲ ਮਾਨ ਦੀ ਬਿਮਲ ਕੌਰ ਖਾਲਸਾ ਨੇ ਰੋਪੜ ਅਤੇ ਰਾਜਿੰਦਰ ਕੌਰ ਬੁਲਾਰੀਆ ਨੇ ਲੁਧਿਆਣਾ ਤੋਂ ਚੋਣ ਜਿੱਤੀ ਸੀ।
1962 'ਚ ਨਹੀਂ ਸੀ ਕੋਈ ਮਹਿਲਾ ਉਮੀਦਵਾਰ
ਸਾਲ 1962 ਦੀ ਸੰਸਦੀ ਚੋਣ 'ਚ ਅਜਿਹਾ ਮੌਕਾ ਆਇਆ ਸੀ ਜਦੋਂ ਕੋਈ ਵੀ ਮਹਿਲਾ ਉਮੀਦਵਾਰ ਮੈਦਾਨ 'ਚ ਨਹੀਂ ਸੀ। ਨਾ ਕਿਸੇ ਪਾਰਟੀ ਨੇ ਮਹਿਲਾ ਨੂੰ ਟਿਕਟ ਦਿੱਤੀ ਤੇ ਨਾ ਹੀ ਕੋਈ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਮੈਦਾਨ 'ਚ ਉਤਰੀ। 1971 'ਚ ਇਕਮਾਤਰ ਮਹਿਲਾ ਉਮੀਦਵਾਰ ਪਟਿਆਲਾ ਤੋਂ ਮੋਹਿੰਦਰ ਕੌਰ ਸਨ ਪਰ ਉਨ੍ਹਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ 1977 'ਚ ਬਠਿੰਡਾ ਵਲੋਂ ਪ੍ਰੀਤਮ ਕੌਰ ਤੇਜੀ ਨੇ ਬਤੌਰ ਆਜ਼ਾਦ ਉਮੀਦਵਾਰ ਚੋਣ ਲੜੀ ਪਰ ਹਾਰ ਗਈ। ਇਨ੍ਹਾਂ ਦੋ ਲਗਾਤਾਰ ਚੋਣਾਂ 'ਚ ਕੋਈ ਮਹਿਲਾ ਲੋਕਸਭਾ ਨਹੀਂ ਪਹੁੰਚ ਸਕੀ।
ਜਲੰਧਰ ਤੋਂ ਹੁਣ ਤੱਕ ਸਿਰਫ ਇਕ ਮਹਿਲਾ ਉਮੀਦਵਾਰ
ਜਲੰਧਰ ਨੂੰ ਚਾਹੇ ਪੰਜਾਬ 'ਚ ਸਿੱਖਿਆ ਖੇਤਰ 'ਚ ਸਭ ਤੋਂ ਅਹਿਮ ਸ਼ਹਿਰ ਮੰਨਿਆ ਜਾਂਦਾ ਹੋਵੇ ਪਰ ਪੜ੍ਹੇ-ਲਿਖੇ ਲੋਕਾਂ ਦੇ ਸ਼ਹਿਰ ਤੋਂ ਹੁਣ ਤੱਕ ਸਿਰਫ ਇਕ ਵਾਰ ਹੀ ਕਿਸੇ ਮਹਿਲਾ ਨੇ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਭਰੀ ਹੈ। ਆਜ਼ਾਦੀ ਦੀ ਅੱਧੀ ਸਦੀ ਬਾਅਦ 1999 'ਚ ਪ੍ਰਭਜੋਤ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਬਣਾਇਆ ਸੀ ਪਰ ਉਹ ਹਾਰ ਗਈ ਸੀ। ਇਸ ਤੋਂ ਪਹਿਲਾਂ ਅਤੇ ਬਾਅਦ 'ਚ ਕਦੇ ਕੋਈ ਮਹਿਲਾ ਉਮੀਦਵਾਰ ਜਲੰਧਰ ਸੀਟ ਤੋਂ ਚੋਣ ਮੈਦਾਨ 'ਚ ਨਹੀਂ ਉਤਰੀ।
ਇਕ ਪਰਿਵਾਰ 'ਚ ਦੋ ਔਰਤਾਂ ਰਹਿ ਚੁੱਕੀਆਂ ਹਨ ਸੰਸਦ ਮੈਂਬਰ
ਪਟਿਆਲਾ ਲੋਕ ਸਭਾ ਸੀਟ ਤੋਂ 1999, 2004 ਅਤੇ 2009 ਦੀਆਂ ਲੋਕ ਸਭਾ ਚੋਣਾਂ ਜਿੱਤ ਚੁੱਕੀਆਂ ਅਤੇ ਮਨਮੋਹਨ ਸਿੰਘ ਸਰਕਾਰ 'ਚ ਵਿਦੇਸ਼ ਰਾਜ ਮੰਤਰੀ ਰਹੀ ਪ੍ਰਨੀਤ ਕੌਰ ਤੋਂ ਇਲਾਵਾ 1961 'ਚ ਉਨ੍ਹਾਂ ਦੀ ਸੱਸ ਮੋਹਿੰਦਰ ਕੌਰ ਵੀ ਇਸ ਸੀਟ ਤੋਂ ਜਿੱਤ ਚੁੱਕੀ ਹੈ। ਹੁਣ ਤੱਕ ਪੰਜਾਬ 'ਚ ਸਭ ਤੋਂ ਜ਼ਿਆਦਾ 20 ਮਹਿਲਾ ਉਮੀਦਵਾਰ ਪਿਛਲੀਆਂ ਲੋਕ ਸਭਾ ਚੋਣਾਂ 'ਚ ਮੈਦਾਨ 'ਚ ਉਤਰੀਆਂ ਸਨ। ਇਸ ਤੋਂ ਪਹਿਲਾਂ 1996 'ਚ 17 ਅਤੇ 1999 'ਚ 14 ਮਹਿਲਾਵਾਂ ਨੇ ਚੋਣ ਲੜੀ ਸੀ।
ਲਗਾਤਾਰ 3 ਵਾਰ ਬਣੀ ਸੰਸਦ ਮੈਂਬਰ
ਪੰਜਾਬ ਦੀਆਂ ਔਰਤਾਂ ਨੇ ਸੰਸਦੀ ਚੋਣ 'ਚ ਕਈ ਅਜਿਹੇ ਕੀਰਤੀਮਾਨ ਸਥਾਪਤ ਕੀਤੇ ਹਨ, ਜਿਨ੍ਹਾਂ ਦੇ ਰਾਜ ਤੋਂ ਕੋਈ ਪੁਰਸ਼ ਸੰਸਦ ਮੈਂਬਰ ਨਹੀਂ ਪਹੁੰਚ ਸਕਿਆ। ਸੰਯੁਕਤ ਪੰਜਾਬ ਦੀ ਕਰਨਾਲ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਜਿੱਤ ਕੇ ਪਹਿਲੀ ਵਾਰ 1952 'ਚ ਸੁਭੱਦਰਾ ਜੋਸ਼ੀ ਲੋਕ ਸਭਾ ਪਹੁੰਚੀ ਸੀ। ਇਸ ਤੋਂ ਬਾਅਦ ਉਹ 1957 'ਚ ਅੰਬਾਲਾ ਤੋਂ ਜਿੱਤੀ। ਉਨ੍ਹਾਂ ਦੀ ਲੋਕਪ੍ਰਿਯਤਾ ਦਾ ਆਲਮ ਇਹ ਸੀ ਕਿ ਪਾਰਟੀ ਨੇ 1962 'ਚ ਬਹੁਤ ਦੂਰ ਉਤਰ ਪ੍ਰਦੇਸ਼ ਦੀ ਬਲਰਾਮਪੁਰ ਸੀਟ ਤੋਂ ਉਮੀਦਵਾਰ ਬਣਾਇਆ। ਸੁਭੱਦਰਾ ਬਾਅਦ 'ਚ 1971 'ਚ ਦਿੱਲੀ ਦੀ ਚਾਂਦਨੀ ਚੌਕ ਸੀਟ ਤੋਂ ਜਿੱਤੀ ਸੀ। ਚਾਰ ਚੋਣਾਂ ਅਤੇ ਉਹ ਵੀ ਹਰ ਵਾਰ ਨਵੀਂ ਸੀਟ ਤੋਂ ਜਿੱਤਣਾ, ਉਨ੍ਹਾਂ ਦੀ ਲੋਕਪ੍ਰਿਯਤਾ ਦੀ ਵੱਡੀ ਉਦਾਹਰਣ ਹੈ। ਅਜਿਹਾ ਹੀ ਇਕ ਰਿਕਾਰਡ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਰਹੇ ਸਵ. ਸੁਖਬੰਸ ਕੌਰ ਭਿੰਡਰ ਦੇ ਨਾਂ ਦਰਜ ਹੈ। ਇਸ ਸੀਮਾਵਰਤੀ ਸੀਟ ਤੋਂ ਭਿੰਡਰ ਨੇ 1980 'ਚ ਕਾਂਗਰਸ ਉਮੀਦਵਾਰ ਦੇ ਤੌਰ 'ਤੇ ਉਦੋਂ ਚੋਣ ਜਿੱਤੀ ਸੀ ਜਦੋਂ ਪੰਜਾਬ 'ਚ ਅੱਤਵਾਦ ਦੀ ਸ਼ੁਰੂਆਤ ਹੋਈ ਸੀ। ਇਸ ਤੋਂ ਬਾਅਦ 1985, 1989, 1992 ਅਤੇ 1996 'ਚ ਵੀ ਚੋਣ ਜਿੱਤੀ ਸੀ। ਪੰਜਾਬ ਤੋਂ ਲਗਾਤਾਰ 5 ਚੋਣਾਂ ਜਿੱਤਣ ਵਾਲੀ ਉਹ ਇਕਮਾਤਰ ਸੰਸਦ ਮੈਂਬਰ ਹੈ।