ਪੰਜਾਬ ਦੀ ਧੀ ਨੇ ਨੈਸ਼ਨਲ ਪੱਧਰ 'ਤੇ ਨਿਸ਼ਾਨੇਬਾਜ਼ੀ 'ਚ ਜਿੱਤਿਆ ਗੋਲਡ, ਢੋਲ-ਧਮੱਕੇ ਨਾਲ ਹੋਇਆ ਸਵਾਗਤ
Friday, Sep 04, 2026 - 05:11 PM (IST)
ਮੋਹਾਲੀ (ਨਿਆਮੀਆਂ) : ਜ਼ਿਲ੍ਹਾ ਮੋਹਾਲੀ ਦੀ ਇਕ ਮੁਟਿਆਰ ਸਹਿਜਪ੍ਰੀਤ ਕੌਰ ਨੇ ਦੇਹਰਾਦੂਨ 'ਚ ਕੌਮੀ ਸ਼ੂਟਿੰਗ ਚੈਂਪੀਅਨਸ਼ਿਪ 'ਚ ਸੋਨੇ ਦਾ ਤਮਗਾ ਜਿੱਤ ਕੇ ਜਿੱਥੇ ਦੇਸ਼ ਦਾ ਮਾਣ ਵਧਾਇਆ ਹੈ, ਉੱਥੇ ਆਪਣੇ ਇਲਾਕੇ ਅਤੇ ਮਾਤਾ-ਪਿਤਾ ਦਾ ਨਾਂ ਵੀ ਰੌਸ਼ਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਿਜਪ੍ਰੀਤ ਕੌਰ ਮੋਹਾਲੀ ਦੇ ਪਿੰਡ ਮਟੌਰ ਦੀ ਰਹਿਣ ਵਾਲੀ ਹੈ। ਅੱਜ ਜਦੋਂ ਉਹ ਇਹ ਮਾਣ ਮੱਤੀ ਪ੍ਰਾਪਤੀ ਕਰਕੇ ਪਿੰਡ ਪਹੁੰਚੀ ਤਾਂ ਪਿੰਡ ਵਾਸੀਆਂ ਨੇ ਢੋਲ ਵਜਾ ਕੇ ਉਸ ਦਾ ਸਵਾਗਤ ਕੀਤਾ ਅਤੇ ਉਸ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ।
ਇਸ ਮੌਕੇ ਮੋਹਾਲੀ ਟਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਬੈਦਵਾਣ ਨੇ ਅਤੇ ਪਿੰਡ ਵਾਸੀਆਂ ਨੇ ਪਰਿਵਾਰ ਨੂੰ ਵਧਾਈ ਦਿੱਤੀ। ਸਹਿਜਪ੍ਰੀਤ ਦੇ ਪਿਤਾ ਦਰਸ਼ਨ ਸਿੰਘ ਮਟੌਰ ਨੇ ਦੱਸਿਆ ਕਿ ਕੌਂਸਲਰ ਕੁਲਵਿੰਦਰ ਕੌਰ ਦੀ ਸਪੁੱਤਰੀ ਸਹਿਜਪ੍ਰੀਤ ਕੌਰ ਦੀ ਇਹ ਪ੍ਰਾਪਤੀ ਪੂਰੇ ਇਲਾਕੇ, ਮੋਹਾਲੀ ਹਲਕੇ ਅਤੇ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ। ਸਹਿਜਪ੍ਰੀਤ ਕੌਰ ਨੇ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਜਿੱਤ ਕੇ ਨੈਸ਼ਨਲ ਟੀਮ 'ਚ ਪ੍ਰਵੇਸ਼ ਕਰ ਲਿਆ ਹੈ। ਇੱਥੇ ਇਹ ਗੱਲ ਖ਼ਾਸ ਤੌਰ 'ਤੇ ਜ਼ਿਕਰਯੋਗ ਹੈ ਕਿ ਚਾਰ ਸਾਲ ਪਹਿਲਾਂ ਸਹਜਪ੍ਰੀਤ ਕੌਰ ਨੇ ਐਥਲੈਟਿਕਸ (ਸ਼ਾਟ ਪੁੱਟ ਅਤੇ ਜੈਵਲਿਨ ਥਰੋ) ਤੋਂ ਆਪਣੇ ਖੇਡ ਜੀਵਨ ਦੀ ਸ਼ੁਰੂਆਤ ਕੀਤੀ ਸੀ।
ਇਸ ਤੋਂ ਬਾਅਦ ਉਸ ਨੇ ਸ਼ੂਟਿੰਗ ਦੇ ਖੇਤਰ 'ਚ ਕਦਮ ਰੱਖਿਆ ਅਤੇ ਫਿਰ ਬਹੁਤ ਘੱਟ ਸਮੇਂ 'ਚ ਤਿੰਨਾਂ ਮੁੱਖ ਈਵੈਂਟਾਂ 'ਚ ਨੈਸ਼ਨਲ ਪੱਧਰ 'ਤੇ ਆਪਣੀ ਜਗ੍ਹਾ ਬਣਾਉਣ 'ਚ ਸਫ਼ਲਤਾ ਹਾਸਲ ਕੀਤੀ ਹੈ। ਬੈਦਵਾਣ ਨੇ ਦੱਸਿਆ ਕਿ ਸਹਿਜਪ੍ਰੀਤ ਨੇ 10 ਮੀਟਰ ਏਅਰ ਪਿਸਟਲ, ਜ਼ਿਲ੍ਹਾ ਅਤੇ ਸਟੇਟ ਤੋਂ ਹੁੰਦੇ ਹੋਏ ਪ੍ਰੀ-ਨੈਸ਼ਨਲ ਤੱਕ ਦਾ ਸਫ਼ਰ ਕੀਤਾ। ਸਹਿਜਪ੍ਰੀਤ ਨੇ 22.25 ਮੀਟਰ ਪਿਸਟਲ ਸਟੇਟ ਅਤੇ ਪ੍ਰੀ-ਨੈਸ਼ਨਲ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੌਥੇ ਨੰਬਰ 'ਤੇ ਕੁਆਲੀਫਾਈ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
