ਪੰਜਾਬ ਦੀ ਖੇਤੀ ਨੂੰ ਇਜ਼ਰਾਇਲ ਵਾਂਗ ਬਣਾਇਆ ਜਾਵੇਗਾ, ਕਿਸਾਨ ਸਾਡੇ ਭਗਵਾਨ ਹਨ : ਚੁੱਘ
Wednesday, Oct 07, 2020 - 01:21 AM (IST)
ਅੰਮ੍ਰਿਤਸਰ,(ਇੰਦਰਜੀਤ, ਕਮਲ)- ਭਾਜਪਾ ਨੇ ਪੰਜਾਬ ਭਰ ਦੇ ਕਿਸਾਨਾਂ ਦਾ ਸਾਥ ਦਿੰਦਿਆਂ ਕਿਹਾ ਹੈ ਕਿ ਉਹ ਪੰਜਾਬ ਦੀ ਖੇਤੀ ਨੂੰ ਇਜ਼ਰਾਇਲ ਵਾਂਗ ਅੱਗੇ ਵਧਾ ਕੇ ਪੰਜਾਬ ਨੂੰ ਖੁਸ਼ਹਾਲ ਬਣਾ ਦੇਣਗੇ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਸਾਨਾਂ ਪ੍ਰਤੀ ਆਪਣੀ ਭਰੋਸੇਯੋਗਤਾ ਜ਼ਾਹਿਰ ਕਰਦਿਆਂ ਕਿਹਾ ਕਿ ਕਿਸਾਨ ਸਾਡੇ ਲਈ ਭਗਵਾਨ ਹਨ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਗਲਤਫਹਿਮੀ ’ਚ ਨਹੀਂ ਰਹਿਣਾ ਚਾਹੀਦਾ ਹੈ। ਭਾਜਪਾ ਜਨਰਲ ਸਕੱਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਲਈ ਸਹੂਲਤ ਦਿੱਤੀ ਹੈ ਕਿ ਉਹ ਆਪਣੀ ਫਸਲ ਨੂੰ ਭਾਰਤ ਦੇ ਕਿਸੇ ਵੀ ਕੋਨੇ ਦੀ ਮੰਡੀ ’ਚ ਜਾ ਕੇ ਵੇਚ ਸਕਦੇ ਹਨ, ਜਿਸ ਕਾਰਣ ਕਿਸਾਨ ਨੂੰ ਆਪਣੀ ਫਸਲ ਦਾ ਠੀਕ ਮੁੱਲ ਮਿਲੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਮੁਤਾਬਕ ਐੱਮ. ਐੱਸ. ਪੀ. ਹੈ , ਐੱਮ . ਐੱਸ. ਪੀ. ਰਿਹਾ ਹੈ ਅਤੇ ਰਹੇਗਾ।
ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਕਿਸਾਨਾਂ ਦੀ ਜ਼ਮੀਨੀ ਸ਼ਕਤੀ ਵਧਾਉਣ ਲਈ ਇਕ ਵੱਡਾ ਉਪਰਾਲਾ ਕੀਤਾ ਹੈ, ਜਿਸਦੀ ਪੂਰੇ ਸੰਸਾਰ ’ਚ ਸ਼ਲਾਘਾ ਹੋ ਰਹੀ ਹੈ, ਉੱਥੇ ਹੀ ਦੇਸ਼ ਦੇ 2 ਜਾਂ 3 ਸੂਬਿਆਂ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ’ਚ ਇਸ ਦਾ ਸਵਾਗਤ ਹੋ ਰਿਹਾ ਹੈ ਪਰ ਪੰਜਾਬ ਦੀ ਸਿਆਸਤ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਉਨ੍ਹਾਂ ਨੂੰ ਉਲਝਾ ਰਹੀ ਹੈ। ਅਸੀਂ ਉਨ੍ਹਾਂ ਨੂੰ ਵੀ ਸਮਝਾਵਾਂਗੇ ਅਤੇ ਇਸ ਕਾਨੂੰਨ ਦੇ ਫਾਇਦੇ ਦੱਸਾਂਗੇ।
ਤਰੁਣ ਚੁੱਘ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਕਿਸਾਨਾਂ ਦੇ ਹੱਕ ਦੀਆਂ ਗੱਲਾਂ ਕਰ ਰਹੇ ਹਨ ਪਰ ਉਨ੍ਹਾਂ ਨੂੰ ਖੇਤੀਬਾੜੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਜਿਸ ਤਰ੍ਹਾਂ ਦੀਆਂ ਦਲੀਲਾਂ ਉਹ ਦੇ ਰਹੇ ਹਨ ਉਨ੍ਹਾਂ ਨੂੰ ਖ਼ੁਦ ਇਸਦਾ ਗਿਆਨ ਨਹੀਂ।