ਪੰਜਾਬ ਰੋਡਵੇਜ਼ ਦੀ ਬੱਸ ਨਾਲ ਟੱਕਰ ਕਾਰਨ ਦੋ ਵਿਅਕਤੀਆਂ ਦੀ ਮੌਤ

11/17/2019 8:34:57 PM

ਹੁਸ਼ਿਆਰਪੁਰ (ਅਮਰਿੰਦਰ) : ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ ਹੁਸ਼ਿਆਰਪੁਰ-ਟਾਂਡਾ ਮੇਨ ਰੋਡ 'ਤੇ ਕੋਲਡ ਸਟੋਰ ਦੇ ਨਜ਼ਦੀਕ ਐਤਵਾਰ ਸਵੇਰੇ 9 ਵਜੇ ਦੇ ਕਰੀਬ ਪੰਜਾਬ ਰੋਡਵੇਜ਼ ਦੀ ਬੱਸ ਅਤੇ ਮੋਟਰਸਾਈਕਲ ਵਿਚ ਹੋਈ ਜ਼ੋਰਦਾਰ ਟੱਕਰ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ । ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ ਕਿਸੇ ਨੇ ਹਾਦਸੇ ਦੀ ਸੂਚਨਾ ਥਾਣਾ ਮਾਡਲ ਟਾਊਨ ਪੁਲਸ ਨੂੰ ਦਿੱਤੀ ਤੇ ਸੂਚਨਾ ਮਿਲਦੇ ਹੀ ਏ.ਐੱਸ.ਆਈ. ਨਾਨਕ ਸਿੰਘ ਅਤੇ ਹੈੱਡ ਕਾਂਸਟੇਬਲ ਜਸਵਿੰਦਰ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਮਾਮਲੇ ਦੀ ਜਾਂਚ ਵਿਚ ਜੁੱਟ ਗਏ। ਪੁਲਸ ਨੇ ਰੋਡਵੇਜ਼ ਦੀ ਬੱਸ ਅਤੇ ਹਾਦਸਾਗ੍ਰਸਤ ਮੋਟਰਸਾਈਕਲ ਨੂੰ ਕਬਜ਼ੇ ਵਿਚ ਲੈ ਲਿਆ। ਹਾਦਸੇ ਵਿਚ ਮੌਤ ਦੇ ਸ਼ਿਕਾਰ ਹੋਏ ਇਕ ਨੌਜਵਾਨ ਦੀ ਪਛਾਣ 42 ਸਾਲਾ ਸੁਦੇਸ਼ ਕੁਮਾਰ ਪੁੱਤਰ ਪ੍ਰਕਾਸ਼ ਚੰਦਰ ਨਿਵਾਸੀ ਪਿੰਡ ਚਡਿਆਲ ਵਜੋਂ ਹੋਈ ਜਦੋਂ ਕਿ ਦੂਜੇ ਮ੍ਰਿਤਕ ਦੀ ਪਛਾਣ ਦੇਰ ਸ਼ਾਮ ਤੱਕ ਨਹੀਂ ਹੋ ਸਕੀ।

ਲੇਬਰ ਚੌਕ ਤੋਂ ਮਜ਼ਦੂਰ ਲੈ ਕੇ ਜਾ ਰਿਹਾ ਸੀ ਸੁਦੇਸ਼ ਕੁਮਾਰ
ਦੁਪਹਿਰ ਸਿਵਲ ਹਸਪਤਾਲ ਵਿਚ ਮ੍ਰਿਤਕ ਸੁਦੇਸ਼ ਕੁਮਾਰ ਦੇ ਪਰਿਵਾਰ ਤੇ ਸਾਥੀਆਂ ਨੇ ਪੁਲਸ ਨੂੰ ਦੱਸਿਆ ਕਿ ਸੁਦੇਸ਼ ਮਿਹਨਤ ਮਜਦੂਰੀ ਦਾ ਕੰਮ ਕਰਦਾ ਸੀ । ਸਵੇਰੇ 8 ਵਜੇ ਉਹ ਘਰੋਂ ਕੰਮ ਲਈ ਹੁਸ਼ਿਆਰਪੁਰ ਆਇਆ ਸੀ । ਲੱਗਦਾ ਹੈ ਹੁਸ਼ਿਆਰਪੁਰ ਵਿਚ ਲੇਬਰ ਨੂੰ ਲੈ ਕੇ ਸੁਦੇਸ਼ ਕਿੱਤੇ ਕੰਮ 'ਤੇ ਜਾਣ ਲਈ ਨਿਕਲਿਆ ਸੀ ਕਿ ਰਸਤੇ ਵਿਚ ਬੱਸ ਦੀ ਚਪੇਟ ਵਿਚ ਆਉਣ ਨਾਲ ਹਾਦਸੇ ਦਾ ਸ਼ਿਕਾਰ ਹੋ ਗਿਆ । ਪਰਿਵਾਰ ਅਨੁਸਾਰ ਮ੍ਰਿਤਕ ਸੁਦੇਸ਼ ਕੁਮਾਰ ਆਪਣੇ ਪਿੱਛੇ ਪਤਨੀ ਤੇ ਇਕ ਬੇਟੇ ਨੂੰ ਛੱਡ ਗਿਆ ਹੈ । ਉੱਥੇ ਹੀ ਦੂਜੇ ਪਾਸੇ ਮੌਕੇ 'ਤੇ ਮੌਜੂਦ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਹਾਦਸਾ ਥਾਂ 'ਤੇ ਦਰਜਨਾਂ ਅਵਾਰਾ ਪਸ਼ੂਆਂ ਦੀ ਵਜ੍ਹਾ ਨਾਲ ਵੀ ਇਸ ਸਥਾਨ 'ਤੇ ਅਕਸਰ ਹੀ ਲੋਕ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ । ਪਸ਼ੂਆਂ ਦੇ ਅਚਾਨਕ ਸੜਕ 'ਤੇ ਆ ਜਾਣ ਨਾਲ ਪਸ਼ੂ ਨੂੰ ਬਚਾਉਣ ਦੇ ਚੱਕਰ ਵਿਚ ਬੇਕਾਬੂ ਵਾਹਨ ਹਾਦਸੇ ਦਾ ਸ਼ਿਕਾਰ ਹੋਣਾ ਇੱਥੇ ਆਮ ਗੱਲ ਹੋ ਗਈ ਹੈ ।

ਪੁਲਸ ਨੇ ਮ੍ਰਿਤਕ ਸੁਦੇਸ਼ ਕੁਮਾਰ ਦੇ ਪਰਿਵਾਰ ਦੇ ਬਿਆਨ 'ਤੇ ਪੰਜਾਬ ਰੋਡਵੇਜ਼ ਬੱਸ ਦੇ ਫਰਾਰ ਚੱਲ ਰਹੇ ਚਾਲਕ ਮਨਦੀਪ ਸਿੰਘ ਨਿਵਾਸੀ ਕੰਧਾਲਾ ਜੱਟਾਂ ਖਿਲਾਫ ਧਾਰਾ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਸੁਦੇਸ਼ ਕੁਮਾਰ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ, ਉਥੇ ਹੀ ਦੂਜੇ ਕਰੀਬ 40 ਸਾਲ ਦਾ ਮ੍ਰਿਤਕ ਜਿਸ ਦੀ ਸ਼ਾਮ ਤੱਕ ਪਹਿਚਾਣ ਨਹੀਂ ਹੋ ਸਕੀ। ਲਾਸ਼ ਦੀ ਸ਼ਿਨਾਖਤ ਲਈ ਲਾਸ਼ ਨੂੰ 72 ਘੰਟੇ ਲਈ ਸਿਵਲ ਹਸਪਤਾਲ ਵਿਚ ਰੱਖ ਦਿੱਤੀ ਹੈ ।


Gurminder Singh

Content Editor

Related News