ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਕੰਟੈਰਕਟ ਵਰਕਰਾਂ ਨੇ 2 ਘੰਟੇ ਲਈ ਕੀਤਾ ਬੱਸ ਅੱਡਾ ਬੰਦ
Tuesday, Jun 21, 2022 - 05:59 PM (IST)
ਲੁਧਿਆਣਾ (ਸੰਨੀ) : ਪੰਜਾਬ ਰੋਡਵੇਜ਼ ਪਨਬਸ ਅਤੇ ਪੀ.ਆਰ.ਟੀ.ਸੀ. ਕੰਟ੍ਰੈਕਟ ਵਰਕਰ ਯੂਨੀਅਨ ਨੇ ਕੱਚੇ ਮੁਲਾਜ਼ਮਾਂ ਦੀ ਤਨਖਾਹ ਵਿਭਾਗ ਵੱਲੋਂ ਜਾਰੀ ਨਾ ਕਰਨ ਦੇ ਵਿਰੋਧ ਵਿਚ ਸੂਬੇ ਦੇ ਸਾਰੇ ਬੱਸ ਅੱਡੇ 2 ਘੰਟੇ ਲਈ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ। ਲੁਧਿਆਣਾ ਬੱਸ ਅੱਡੇ ’ਤੇ ਧਰਨੇ ਦੌਰਾਨ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਸੂਬੇ ਦੇ ਜ. ਸਕੱਤਰ ਸ਼ਮਸ਼ੇਰ ਸਿੰਘ, ਡਿਪੂ ਪ੍ਰਧਾਨ ਸਤਨਾਮ ਸਿੰਘ, ਉਪ ਪ੍ਰਧਾਨ ਸੁਖਦੇਵ ਸਿੰਘ, ਰਾਜਵਿੰਦਰ ਸਿੰਘ ਗਰੇਵਾਲ, ਸਿਕੰਦਰ ਸਿੰਘ ਬੱਬੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਪਿਛਲੀਆਂ ਸਰਕਾਰਾਂ ਵਾਂਗ ਹੀ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਬਜਾਏ ਸੰਘਰਸ਼ ਕਰ ਰਹੇ ਮੁਲਾਜ਼ਮਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾਂ ਤੋਂ ਵੀ ਬੁਰੇ ਹਾਲਾਤ ਪੈਦਾ ਕਰ ਦਿੱਤੇ ਹਨ ਜਿਸ ਕਾਰਨ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਨਾਲ-ਨਾਲ ਹੁਣ ਹਰ ਮਹੀਨੇ ਪਨਬਸ ਅਤੇ ਪੀ.ਆਰ.ਟੀ.ਸੀ. ਮੁਲਾਜ਼ਮਾਂ ਦੀ ਤਨਖਾਹ ਬਹੁਤ ਹੀ ਦੇਰ ਨਾਲ ਆ ਰਹੀ ਹੈ। ਮੁਲਜ਼ਮਾਂ ਨੂੰ ਤਨਖਾਹ ਲੈਣ ਲਈ ਵਿਰੋਧ ਪ੍ਰਦਰਸ਼ਨ ਅਤੇ ਹੜਤਾਲ ਕਰਨੀ ਪੈ ਰਹੀ ਹੈ। ਰਾਜ ਵਿਚ ਦਿਨ-ਰਾਤ ਮਿਹਨਤ ਕਰਦੇ ਜਨਤਾ ਮੰਜ਼ਿਲਾਂ ਤੱਕ ਪਹੁੰਚਾਉਣ ਵਾਲੇ ਅਤੇ ਲੋਕਾਂ ਨੂੰ ਫ੍ਰੀ ਸਫਰ ਦੀ ਸਹੂਲਤ ਦੇਣ ਵਾਲੇ ਮੁਲਾਜ਼ਮਾਂ ਨੂੰ ਪਰਿਵਾਰ ਆਰਥਿਕ ਮੰਦੇ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਡ੍ਰਾਈਵਰ ਅਤੇ ਕੰਡਕਟਰ ਵੀ ਮਾਨਸਿਕ ਤਣਾਅ ਤੋਂ ਗੁਜ਼ਰ ਰਹੇ ਹਨ।
ਇਨ੍ਹਾਂ ਹਾਲਾਤ ਨੂੰ ਦੇਖਦੇ ਹੋਏ ਜੱਥੇਬੰਦੀ ਵੱਲੋਂ ਕਈ ਵਾਰ ਅਧਿਕਾਰੀਆਂ ਅਤੇ ਟ੍ਰਾਂਸਪੋਰਟ ਮੰਤਰੀ ਨਾਲ ਸੰਪਰਕ ਕਰਨ ‘ਤੇ ਵੀ ਹੁਣ ਤੱਕ ਤਨਖਾਹ ਨਾ ਆਉਣ ਕਾਰਨ ਸੂਬੇ ਦੇ ਸਾਰੇ ਬੱਸ ਅੱਡੇ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਜੇਕਰ ਫਿਰ ਵੀ ਉਨ੍ਹਾਂ ਦੀ ਤਨਖਾਹ ਨਹੀਂ ਆਉਂਦੀ ਤਾਂ 23 ਜੂਨ ਨੂੰ ਦੁਪਹਿਰ 12 ਵਜੇ ਤੋਂ ਸਮੂਹ ਮੁਲਾਜ਼ਮ ਬੱਸ ਅੱਡਾ ਬੰਦ ਕਰਕੇ ਚੱਕਾ ਜਾਮ ਕਰਨਗੇ ਅਤੇ ਰਾਜ ਭਰ ਵਿਚ ਸੜਕਾਂ ਨੂੰ ਬੱਸਾਂ ਰਾਹੀਂ ਬਲਾਕ ਕੀਤਾ ਜਾਵੇਗਾ ਅਤੇ ਤਨਖਾਹ ਨਾ ਆਉਣ ਤੱਕ ਮੰਤਰੀਆਂ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।
ਯੂਨੀਅਨ ਨੇਤਾਵਾਂ ਜਗਤਾਰ ਸਿੰਘ, ਹਰਜਿੰਦਰ ਸਿੰਘ, ਦਲਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਰੇ ਸਰਕਾਰੀ ਵਿਭਾਗਾਂ ਦੇ ਨਿਜੀਕਰਨ ਦੇ ਨਾਲ-ਨਾਲ ਫੌਜ ਵਿਚ ਵੀ ਠੇਕੇਦਾਰੀ ਸਿਸਟਮ ਲੈ ਕੇ ਆਉਣਾ ਇਸ ਗੱਲ ਦਾ ਸਰੂਤ ਹੈ ਕਿ ਭਾਰਤ ਦੇ ਅੰਦਰ ਸਰਕਾਰੀ ਵਿਭਾਗਾਂ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਪੂਰੇ ਜ਼ੋਰਾਂ ਨਾਲ ਲੱਗੀ ਹੋਈ ਹੈ। ਇਸ ਦੇ ਨਾਲ ਹੀ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਸਰਕਾਰੀ ਵਿਭਾਗਾਂ ਨੂੰ ਬਚਾਉਣ ਅਤੇ ਰੁਜ਼ਗਾਰ ਦੇਣ ਦੇ ਨਾਮ ’ਤੇ ਸੱਤਾ ਵਿਚ ਆਈ ਸੀ, ਹੁਣ ਕੇਂਦਰ ਦੇ ਨਕਸ਼ੇ ਕਦਮ ’ਤੇ ਚੱਲਣ ਲੱਗੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਲੋਕਾਂ ਨੂੰ ਸਹੂਲਤਾਂ ਦੇਣ ਵਾਲੇ ਮੁਲਾਜ਼ਮਾਂ ਦੇ ਬੱਚੇ ਭੁੱਖੇ ਹਨ, ਉਹ ਸਰਕਾਰ ਇਨ੍ਹਾਂ ਨੂੰ ਗਲਤ ਰਸਤੇ ’ਤੇ ਚੱਲਣ ਲਈ ਮਜਬੂਰ ਕਰ ਰਹੀ ਹੈ। ਅਗਲੇ ਮਹੀਨੇ ਤੋਂ 7 ਤਰੀਕ ਤੋਂ ਬਾਅਦ ਗੇਟ ਰੈਲੀਆਂ, 10 ਤੋਂ ਬਾਅਦ ਬੱਸ ਅੱਡੇ ਬੰਦ ਅਤੇ 15 ਤੋਂ ਸਮੂਹ ਪੰਜਾਬ ਬੰਦ ਦਾ ਪ੍ਰੋਗਰਾਮ ਐਲਾਨਿਆ ਜਾਵੇਗਾ।