ਮਿਆਣੀ ’ਚ ਨਕਾਬਪੋਸ਼ ਲੁਟੇਰਿਆਂ ਦਾ ਕਹਿਰ, ਗੁੱਜਰ ਪਰਿਵਾਰ ਨੂੰ ਬੰਧਕ ਬਣਾ ਕੇ ਕੀਤੀ ਲੱਖਾਂ ਦੀ ਲੁੱਟ

Monday, Sep 28, 2026 - 07:27 PM (IST)

ਮਿਆਣੀ ’ਚ ਨਕਾਬਪੋਸ਼ ਲੁਟੇਰਿਆਂ ਦਾ ਕਹਿਰ, ਗੁੱਜਰ ਪਰਿਵਾਰ ਨੂੰ ਬੰਧਕ ਬਣਾ ਕੇ ਕੀਤੀ ਲੱਖਾਂ ਦੀ ਲੁੱਟ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ, ਜਸਵਿੰਦਰ)- ਕਸਬਾ ਮਿਆਣੀ ਵਿਖੇ ਸੋਮਵਾਰ ਤੜਕੇ ਨਕਾਬਪੋਸ਼ ਲੁਟੇਰਿਆਂ ਵੱਲੋਂ ਗੁੱਜਰ ਮੁਹੰਮਦ ਕਾਲੂ ਦੇ ਡੇਰੇ ’ਤੇ ਧਾਵਾ ਬੋਲ ਕੇ ਪਰਿਵਾਰ ਨੂੰ ਬੰਧਕ ਬਣਾਉਣ ਅਤੇ ਬੇਰਹਮੀ ਨਾਲ ਕੁੱਟਮਾਰ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰਿਆਂ ਨੇ ਵਿਰੋਧ ਕਰਨ ’ਤੇ ਡੇਰਾ ਮਾਲਕ ਦੇ ਪੁੱਤਰ ’ਤੇ ਦਾਤਰ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ।

ਪੀੜਤ ਮੁਹੰਮਦ ਕਾਲੂ ਨੇ ਦੱਸਿਆ ਕਿ ਤੜਕੇ ਲੁਟੇਰੇ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਡੇਰੇ ’ਚ ਦਾਖ਼ਲ ਹੋਏ। ਉਨ੍ਹਾਂ ਆਉਂਦਿਆਂ ਹੀ ਪਿਸਤੌਲ ਦੀ ਨੋਕ ’ਤੇ ਉਸ ਨੂੰ ਕਬਜ਼ੇ ’ਚ ਲੈ ਲਿਆ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਡਰਾ-ਧਮਕਾ ਕੇ ਇਕ ਥਾਂ ’ਤੇ ਬਿਠਾ ਦਿੱਤਾ। ਇਸ ਦੌਰਾਨ ਬਦਮਾਸ਼ਾਂ ਨੇ ਮੁਹੰਮਦ ਕਾਲੂ, ਉਸ ਦੀ ਪਤਨੀ ਗੁਲਸ਼ਨ ਬੇਗਮ ਅਤੇ ਧੀ ਨਾਲ ਵੀ ਬੇਰਹਮੀ ਨਾਲ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ: LPU ਦੇ ਮਾਮਲੇ 'ਚ ਨਵੀਂ ਅਪਡੇਟ! ਪ੍ਰੋ-ਚਾਂਸਲਰ ਡਾ. ਰਸ਼ਮੀ ਮਿੱਤਲ ਨੇ ਵੀਡੀਓ ਜਾਰੀ ਕਰ ਕੀਤਾ ਵੱਡਾ ਖ਼ੁਲਾਸਾ

ਘਰ ਦੀ ਤਲਾਸ਼ੀ ਲੈਂਦਿਆਂ ਲੁਟੇਰਿਆਂ ਨੇ ਪਰਿਵਾਰਕ ਮੈਂਬਰਾਂ ਦੇ ਸਰੀਰ ’ਤੇ ਪਾਏ ਸੋਨੇ ਦੇ ਗਹਿਣੇ, ਜਿਨ੍ਹਾਂ ’ਚ ਪੁੱਤਰ ਮਨਜ਼ੂਰ ਅਹਿਮਦ ਦੇ ਕੰਨਾਂ ਦੀਆਂ ਵਾਲੀਆਂ ਤੇ ਅੰਗੂਠੀ ਸ਼ਾਮਲ ਸੀ, ਜ਼ਬਰਦਸਤੀ ਉਤਰਵਾ ਲਏ। ਇਸ ਤੋਂ ਇਲਾਵਾ ਲੁਟੇਰੇ ਘਰ ’ਚ ਰੱਖੀ ਕਰੀਬ 70 ਹਜ਼ਾਰ ਰੁਪਏ ਦੀ ਨਕਦੀ ਵੀ ਲੈ ਕੇ ਫ਼ਰਾਰ ਹੋ ਗਏ। ਵਾਰਦਾਤ ਦੌਰਾਨ ਲੁਟੇਰਿਆਂ ਵੱਲੋਂ ਦਾਤਰ ਦੇ ਕੀਤੇ ਵਾਰ ਨਾਲ ਗੰਭੀਰ ਜ਼ਖ਼ਮੀ ਹੋਏ ਮਨਜ਼ੂਰ ਅਹਿਮਦ ਨੂੰ ਇਲਾਜ ਲਈ ਸਿਵਲ ਹਸਪਤਾਲ ਟਾਂਡਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਟਾਂਡਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਿਵਾਰ ਅਤੇ ਗੁੱਜਰ ਭਾਈਚਾਰੇ ਦੇ ਆਗੂਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੁਟੇਰਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਲੁੱਟਿਆ ਗਿਆ ਸਾਮਾਨ ਬਰਾਮਦ ਕਰਵਾਇਆ ਜਾਵੇ।

ਇਹ ਵੀ ਪੜ੍ਹੋ: LPU ਵਿਵਾਦ 'ਤੇ ਸਪੈਸ਼ਲ DGP ਦਾ ਵੱਡਾ ਖ਼ੁਲਾਸਾ! ਦੱਸਿਆ ਯੂਨੀਵਰਸਿਟੀ 'ਚ ਕੌਣ ਲੈ ਕੇ ਪਹੁੰਚਿਆ ਵਾਕੀ-ਟਾਕੀ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News