'ਆਪ' ਦੀ ਜਿੱਤ ਨੇ ਪੰਜਾਬ ਦੀ ਸਿਆਸਤ 'ਚ ਮਚਾਈ ਤਰਥਲੀ

02/13/2020 11:41:10 AM

ਬੱਸੀ ਪਠਾਣਾਂ (ਰਾਜਕਮਲ): ਦਿੱਲੀ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਨੇ ਪੰਜਾਬ ਦੀ ਸਿਆਸਤ 'ਚ ਤਰਥਲੀ ਮਚਾ ਦਿੱਤੀ ਹੈ ਅਤੇ 'ਆਪ' ਦੀ ਤੀਜੀ ਵਾਰ ਹੋਈ ਇਸ ਜਿੱਤ ਨਾਲ ਇਹ ਇਕ ਅਜਿਹੀ ਮਜ਼ਬੂਤ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਈ ਹੈ ਜਿਸ ਨੇ ਦੇਸ਼ ਦੀ ਸਭ ਤੋਂ ਪੁਰਾਣੀ ਕਾਂਗਰਸ ਪਾਰਟੀ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦੀਆਂ ਜੜ੍ਹਾਂ ਵੀ ਹਿਲਾ ਕੇ ਰੱਖ ਦਿੱਤੀਆਂ ਹਨ। ਦਿੱਲੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦਾ ਹੌਸਲਾ ਜਿੱਥੇ ਮਜ਼ਬੂਤ ਹੋਇਆ ਹੈ, ਉੱਥੇ ਹੋਰ ਪਾਰਟੀਆਂ ਦੇ ਆਗੂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਆਪਣੀ ਸਾਖ ਬਚਾਉਣ ਦੀ ਰਣਨੀਤੀ ਤਿਆਰ ਕਰਨ ਲੱਗ ਪਏ ਹਨ ਤੇ ਕਾਂਗਰਸ ਪਾਰਟੀ ਦੀ ਵਾਅਦਾ-ਖਿਲਾਫ਼ੀ ਅਤੇ ਅਕਾਲੀ-ਭਾਜਪਾ ਗਠਜੋੜ ਦੀ ਖਿੱਚੋਤਾਣ ਇਨ੍ਹਾਂ ਦੋਵਾਂ ਪਾਰਟੀਆਂ ਦੀ ਬੇੜੀ ਡੋਬ ਸਕਦੀ ਹੈ।

ਕਾਂਗਰਸ ਪਾਰਟੀ ਦੀ ਵਾਅਦਾ-ਖਿਲਾਫ਼ੀ ਤੋਂ ਲੋਕ ਨਿਰਾਸ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਸੂਬੇ ਦੀ ਜਨਤਾ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ, ਜਿਨ੍ਹਾਂ ਵਿਚੋਂ ਕੁਝ ਹੀ ਵਾਅਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ। ਨੌਜਵਾਨਾਂ ਨੂੰ ਸਮਾਰਟਫੋਨ ਅਤੇ ਨੌਕਰੀਆਂ ਨਾ ਮਿਲਣ ਕਰ ਕੇ ਇਸ ਪਾਰਟੀ ਦੀ ਸਾਖ ਨੂੰ ਭਾਰੀ ਠੇਸ ਪਹੁੰਚੀ ਹੈ ਤੇ ਕਾਂਗਰਸ ਦੀ ਵਾਅਦਾ-ਖਿਲਾਫ਼ੀ ਬਿਜਲੀ ਦਰਾਂ 'ਚ ਲਗਾਤਾਰ ਕੀਤੇ ਜਾ ਰਹੇ ਵਾਧੇ ਕਾਰਣ ਹਰ ਵਰਗ ਦੇ ਲੋਕਾਂ ਅੰਦਰ ਵੀ ਨਿਰਾਸ਼ਾ ਪਾਈ ਜਾ ਰਹੀ ਹੈ। ਇੰਨਾ ਹੀ ਨਹੀਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਸਿੱਖ ਲੈਣ ਦੀ ਸਲਾਹ ਇਕ-ਦੂਜੇ ਨੂੰ ਦੇ ਰਹੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਕਾਂਗਰਸ ਅੰਦਰ ਪਾਈ ਜਾ ਰਹੀ ਆਪਸੀ ਫੁੱਟ, ਗੁੱਟਬੰਦੀ ਤੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਨਾ ਉਤਰਨਾ ਇਸ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਦੀ ਆਪਸੀ ਖਿੱਚੋਤਾਣ ਦਾ ਫਾਇਦਾ ਮਿਲ ਸਕਦੈ 'ਆਪ' ਨੂੰ
ਪੰਜਾਬ ਅੰਦਰ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਹਰਾਉਣ ਦੇ ਉਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ ਵਲੋਂ ਕਈ ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਾਇਮ ਕਰ ਲਿਆ ਗਿਆ ਪਰ ਇਸ ਤੋਂ ਬਾਅਦ ਭਾਵੇਂ ਅਕਾਲੀ-ਭਾਜਪਾ ਗਠਜੋੜ ਵਲੋਂ ਸੂਬੇ ਦੀ ਵਾਗਡੋਰ ਸੰਭਾਲੀ ਗਈ ਪਰ ਦੋਵੇਂ ਪਾਰਟੀਆਂ ਦੇ ਸੀਨੀਅਰ ਤੋਂ ਲੈ ਕੇ ਮੰਡਲ ਪੱਧਰ ਤੱਕ ਦੇ ਅਨੇਕਾਂ ਹੀ ਆਗੂਆਂ ਵਿਚਕਾਰ ਹਮੇਸ਼ਾ ਖਿੱਚੋਤਾਣ ਦਾ ਮਾਹੌਲ ਹੀ ਬਣਿਆ ਰਿਹਾ। ਅਕਸਰ ਅਖ਼ਬਾਰਾਂ 'ਚ ਅਕਾਲੀ ਦਲ ਵਲੋਂ ਭਾਜਪਾ ਆਗੂਆਂ ਦੀ ਅਣਦੇਖੀ ਜਾਂ ਭਾਜਪਾ ਆਗੂਆਂ ਵਲੋਂ ਅਕਾਲੀ ਦਲ ਨੂੰ ਹਮਾਇਤ ਨਾ ਕਰਨ ਦੇ ਸਮਾਚਾਰ ਪੜ੍ਹਨ ਨੂੰ ਮਿਲਦੇ ਰਹੇ, ਜਿਸ ਦਾ ਫਾਇਦਾ ਕਾਂਗਰਸ ਪਾਰਟੀ ਨੂੰ ਪਿਛਲੀਆਂ ਵਿਧਾਨ ਸਭਾ ਚੋਣਾ 'ਚ ਮਿਲਿਆ ਅਤੇ ਇਹ ਪਾਰਟੀ ਸੱਤਾ 'ਤੇ ਕਾਬਜ਼ ਹੋਈ ਪਰ ਕਾਂਗਰਸ ਤੇ ਅਕਾਲੀ ਦਲ ਦੀ ਆਪਸੀ ਗੁੱਟਬੰਦੀ ਕਾਰਣ ਪੈਦਾ ਹੋਈ ਇਸ ਸਥਿਤੀ ਅਤੇ ਆਪੇ-ਆਪਣੇ ਚੋਣ ਨਿਸ਼ਾਨ ਹੇਠ ਚੋਣ ਲੜਨ ਦੀਆਂ ਚਰਚਾਵਾਂ ਦਾ ਸਿੱਧਾ ਫਾਇਦਾ ਆਮ ਆਦਮੀ ਪਾਰਟੀ ਨੂੰ ਸਿੱਧੇ ਤੌਰ 'ਤੇ ਮਿਲ ਸਕਦਾ ਹੈ।

ਦਿੱਲੀ 'ਚ 'ਆਪ' ਦੀ ਕਾਰਜਸ਼ੈਲੀ ਨੇ ਖਿੱਚਿਆ ਪੰਜਾਬੀਆਂ ਦਾ ਮਨ
ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਆਪਣੇ ਕਾਰਜਕਾਲ ਦੌਰਾਨ ਜਿੱਥੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਗਈ, ਉੱਥੇ ਲੋਕਾਂ ਨੂੰ ਸਸਤੀ ਬਿਜਲੀ ਅਤੇ ਮੁਫ਼ਤ ਪਾਣੀ ਉੱਪਲਬਧ ਕਰਵਾਉਣ ਦਾ ਵੱਡਾ ਫੈਸਲਾ ਵੀ ਲਿਆ ਗਿਆ, ਜਿਸ ਨੂੰ ਪੂਰਾ ਕਰਨਾ ਆਸਾਨ ਨਹੀਂ ਸੀ ਪਰ ਅਜਿਹਾ ਕਰ ਕੇ ਦਿਖਾਇਆ ਗਿਆ। ਇਸ ਤੋਂ ਇਲਾਵਾ ਵਧੀਆ ਸਿਹਤ ਸਹੂਲਤਾਂ, ਭ੍ਰਿਸ਼ਟਾਚਾਰ 'ਤੇ ਸ਼ਿਕੰਜਾ ਅਤੇ ਸਾਫ਼ ਪ੍ਰਸ਼ਾਸਨ ਮੁਹੱਈਆ ਕਰਵਾਇਆ ਗਿਆ, ਜਿਸ ਕਰ ਕੇ ਦਿੱਲੀ ਵਾਸੀਆਂ ਵਲੋਂ ਇਸ ਪਾਰਟੀ ਨੂੰ ਤੀਜੀ ਵਾਰ ਜਿਤਾਇਆ ਗਿਆ। 'ਆਪ' ਵਲੋਂ ਕੀਤੇ ਜਾ ਰਹੇ ਕਾਰਜਾਂ ਨੇ ਉੱਥੇ ਰਹਿੰਦੇ ਪੰਜਾਬੀਆਂ ਦਾ ਮਨ ਮੋਹ ਲਿਆ ਤੇ ਪੰਜਾਬ ਅੰਦਰ ਆਉਣ ਵਾਲੀਆਂ ਚੋਣਾ ਦੌਰਾਨ ਇਸ ਪਾਰਟੀ ਨੂੰ ਹਮਾਇਤ ਕਰਨ ਦੀਆਂ ਚਰਚਾਵਾਂ ਵੀ ਪੰਜਾਬ ਦੇ ਪਿੰਡਾਂ, ਸ਼ਹਿਰਾਂ, ਗਲੀਆਂ ਤੇ ਮੁਹੱਲਿਆਂ 'ਚ ਦੇਖਣ ਨੂੰ ਮਿਲ ਰਹੀਆਂ ਹਨ, ਕਿਉਂਕਿ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀ ਦੇ ਝੂਠੇ ਵਾਅਦਿਆਂ ਅਤੇ ਲਾਰਿਆਂ ਦੀ ਨੀਤੀ ਨੇ ਸੂਬੇ ਦੀ ਜਨਤਾ ਦਾ ਮੋਹ ਭੰਗ ਕਰ ਕੇ ਆਮ ਆਦਮੀ ਪਾਰਟੀ ਪ੍ਰਤੀ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਹੈ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਦੀ ਸਿਆਸਤ ਦਾ ਭਵਿੱਖ ਕਿਸ ਪਾਰਟੀ ਲਈ ਲਾਹੇਵੰਦ ਸਾਬਤ ਹੋਵੇਗਾ।


Shyna

Content Editor

Related News