ਪੰਜਾਬ 'ਚ ਸਿਆਸੀ ਤਾਣਾ-ਬਾਣਾ : 'ਆਪ' ਦੇ ਹੌਂਸਲੇ ਬੁਲੰਦ ਤਾਂ ਕਾਂਗਰਸ 'ਚ ਈਗੋ ਕਲੇਸ਼
Monday, Sep 12, 2022 - 12:12 PM (IST)
ਮੋਹਾਲੀ (ਪਰਦੀਪ) : ਪੰਜਾਬ 'ਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਆਪਣੇ ਪਹਿਲੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ ਪੰਜਾਬ ਦੇ ਅਹਿਮ ਵਿਭਾਗਾਂ ਦੀਆਂ ਚੇਅਰਮੈਨੀਆਂ ਆਪਣੀ ਪਾਰਟੀ ਦੇ ਟਕਸਾਲੀ ਵਰਕਰਾਂ ਨੂੰ ਦੇ ਕੇ ‘ਆਪ’ ਵਰਕਰਾਂ 'ਚ ਤਸੱਲੀ ਅਤੇ ਖੁਸ਼ੀ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ। ਆਮ ਤੌਰ ’ਤੇ ਰਵਾਇਤੀ ਪਾਰਟੀਆਂ ਵੱਲੋਂ ਇਹ ਚੇਅਰਮੈਨੀਆਂ 5 ਸਾਲ ਕਾਰਜਕਾਲ ਪੂਰਾ ਹੋਣ ਦੀ ਕਾਗਾਰ ’ਤੇ ਸਰਕਾਰ ਦੇ ਆਖ਼ਰੀ ਦਿਨਾਂ 'ਚ ਦਿੱਤੀਆਂ ਜਾਂਦੀਆਂ ਹਨ। ਅਜਿਹੇ ਸਮੇਂ ’ਤੇ ਕੀਤੇ ਐਲਾਨ ਨਾਲ ਨਾ ਸਿਰਫ ਵਰਕਰਾਂ 'ਚ ਨਿਰਾਸ਼ਾ ਫੈਲਦੀ ਹੈ ਅਤੇ ਅਜਿਹੀ ਸਥਿਤੀ 'ਚ ਅਜਿਹੀਆਂ ਚੇਅਰਮੈਨੀਆਂ ਦੇ ਐਲਾਨ ਦੇ ਕੋਈ ਮਾਇਨੇ ਹੀ ਨਹੀਂ ਰਹਿੰਦੇ ਪਰ ਹੁਣ ਸ਼ੁਰੂਆਤ 'ਚ ਹੀ ‘ਆਪ’ ਵੱਲੋਂ ਅਜਿਹੇ ਐਲਾਨ ਨੇ ਖ਼ਾਸ ਕਰ ਕੇ ‘ਆਪ’ ਵਰਕਰਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ। ਹੁਣ ਜਿੱਥੇ ਇਕ ਪਾਸੇ ਵਿਭਾਗਾਂ ਦੇ ਮੰਤਰੀ ਪੰਜਾਬ 'ਚ ਯੋਜਨਾਵਾਂ ਦੇ ਕੰਮ ਨੂੰ ਅਮਲ 'ਚ ਲਿਆਉਣ ਲਈ ਕੰਮ ਕਰ ਰਹੇ ਹਨ, ਉੱਥੇ ਹੀ ਚੇਅਰਮੈਨਾਂ ਵੱਲੋਂ ਵੀ ਲੋਕ ਰਾਬਤਾ ਕਾਇਮ ਕਰ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰੇ-ਦਰਬਾਰੇ ਹੱਲ ਕਰਵਾਉਣ ਲਈ ਉਤਸ਼ਾਹ ਨਾਲ ਕੰਮ ਕਰਨ ਨਾਲ ‘ਆਪ’ ਸਰਕਾਰ ਨੂੰ ਖ਼ਾਸ ਕਰ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਿਭਾਗ ਵਿਚਲੀਆਂ ਕਮਜ਼ੋਰੀਆਂ ਦਾ ਜਲਦੀ ਪਤਾ ਚੱਲੇਗਾ। ਉਨ੍ਹਾਂ ਨੂੰ ਸਮੇਂ ਸਿਰ ਹੱਲ ਕਰਨ ਵੱਲ ਮੁੱਖ ਮੰਤਰੀ ਪੰਜਾਬ ਧਿਆਨ ਕੇਂਦ੍ਰਿਤ ਕਰ ਸਕਣਗੇ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ ਨੂੰ ਲੈ ਕੇ DGP ਦਾ ਵੱਡਾ ਬਿਆਨ, 'ਗੋਲਡੀ ਬਰਾੜ ਨੂੰ ਜਲਦ ਗ੍ਰਿਫ਼ਤਾਰ ਕਰ ਪੰਜਾਬ ਲਿਆਵਾਂਗੇ'
ਭਾਜਪਾ ਵੱਲੋਂ ਨੁੱਕੜ ਮੀਟਿੰਗਾਂ ਅਤੇ ਕੇਡਰ ਕੈਂਪ ਲਾਉਣ ਦਾ ਦੌਰ ਤੇਜ਼
ਭਾਜਪਾ ਵੱਲੋਂ ਹੁਣੇ ਤੋਂ ਹੀ 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਕੇਡਰ ਕੈਂਪ ਅਤੇ ਨੁੱਕੜ ਮੀਟਿੰਗਾਂ ਦਾ ਦੌਰ ਤੇਜ਼ ਕਰ ਦਿੱਤਾ ਗਿਆ ਹੈ ਅਤੇ ਪੰਜਾਬ 'ਚ ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਖ਼ਾਸ ਕਰ ਕੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ 'ਚ ਆਗੂਆਂ ਨਾਲ ਬੰਦ ਕਮਰਾ ਮੀਟਿੰਗਾਂ ਅਤੇ ਲੋਕਾਂ ਦੀ ਕਚਹਿਰੀ 'ਚ ਜਾ ਕੇ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਵਲਵਲਿਆਂ ਨੂੰ ਟਟੋਲਿਆ ਜਾ ਰਿਹਾ ਹੈ। ਮਾਹਰਾਂ ਅਨੁਸਾਰ ਪੰਜਾਬ ਵਿਚ ਸਿੱਖਾਂ ਅਤੇ ਹਿੰਦੂਆਂ 'ਚ ਨਹੁੰ-ਮਾਸ ਦਾ ਰਿਸ਼ਤਾ ਹੈ। ਬੇਸ਼ੱਕ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੋ ਕੇ ਕਿਸਾਨ ਜਦੋਂ ਆਪਣੀ ਫ਼ਸਲ ਨੂੰ ਵੇਚਣ ਲਈ ਪ੍ਰਕਿਰਿਆ ਸ਼ੁਰੂ ਕਰਦਾ ਕਰਦਾ ਹੈ ਤਾਂ ਉਸ ਦਾ ਵਾਹ ਆੜ੍ਹਤੀਆਂ, ਸ਼ੈਲਰ ਮਾਲਕਾਂ ਅਤੇ ਦੁਕਾਨਦਾਰਾਂ ਦੇ ਨਾਲ ਪੈਂਦਾ ਹੈ। ਇਸ ਕਿੱਤੇ ’ਤੇ ਪੰਜਾਬ ਵਿਚ ਹਿੰਦੂ ਤਬਕਾ ਭਾਰੂ ਹੈ ਅਤੇ ਇਸ ਸਭ ਦੇ ਚੱਲਦਿਆਂ ਪੈਸੇ ਦੇ ਲੈਣ-ਦੇਣ ਅਤੇ ਹੋਰਨਾਂ ਲੋੜਾਂ ਦੀ ਪੂਰਤੀ ਲਈ ਹਿੰਦੂ-ਸਿੱਖ ਆਪਸ 'ਚ ਰਾਬਤਾ ਪੜਾਅ ਦਰ ਪੜਾਅ ਹੋਣ ਦੇ ਨਾਲ ਉਨ੍ਹਾਂ ਵਿਚ ਆਪਸੀ ਭਾਈਚਾਰਕ ਸਾਂਝ ਦੀ ਇਕ ਪੱਕੀ ਪੈਂਠ ਬਣ ਚੁੱਕੀ ਹੈ, ਜਿਸ ਨੂੰ ਕੋਈ ਵੀ ਵੱਖ ਨਹੀਂ ਕਰ ਸਕਦਾ। ਪਿਛਲੇ ਸਮੇਂ ’ਚ ਪੰਜਾਬ 'ਚ ਕਾਂਗਰਸ ਦੇ ਕਈ ਸਾਬਕਾ ਮੰਤਰੀ ਅਤੇ ਸਿੱਖ ਆਗੂਆਂ ਨੇ ਭਾਜਪਾ ਦਾ ਸਿਆਸੀ ਤੌਰ ’ਤੇ ਪੱਲੜਾ ਫੜ੍ਹ ਕੇ ਆਪੋ- ਆਪਣੀ ਨਵੀਂ ਪਾਰੀ ਸ਼ੁਰੂ ਕੀਤੀ ਹੈ ਪਰ ਭਾਜਪਾ ਦੇ ਕੇਂਦਰੀ ਆਗੂਆਂ ਵੱਲੋਂ ਬਹੁਤੀਆਂ ਥਾਵਾਂ ’ਤੇ ਪਿਛਲੇ ਦਿਨਾਂ ਦੌਰਾਨ ਪੰਜਾਬ ਦੇ ਅਹਿਮ ਮੁੱਦਿਆਂ ’ਤੇ ਪੰਜਾਬ ਵਿਰੋਧੀ ਬਿਆਨਬਾਜ਼ੀ ਤੋਂ ਪੰਜਾਬ ਭਰ ਦੇ ਖ਼ਾਸ ਕਰ ਕੇ ਸਿੱਖ ਨੇਤਾ, ਜਿਹੜੇ ਭਾਜਪਾ ਵਿਚ ਸ਼ਾਮਲ ਹੋਣ ਲਈ ਤਿਆਰ ਖੜ੍ਹੇ ਸਨ, ਵੀ ਭੰਬਲਭੂਸੇ ਵਾਲੀ ਸਥਿਤੀ ਵਿਚੋਂ ਗੁਜ਼ਰ ਰਹੇ ਹਨ ਕਿ ਉਹ ਆਖਿਰ ਅਜਿਹੀ ਸਥਿਤੀ ਵਿਚ ਕਿਸ ਪਾਸੇ ਵੱਲ ਜਾਣ।
ਇਹ ਵੀ ਪੜ੍ਹੋ : ਪੰਜਾਬ ਸਮੇਤ ਪੂਰੇ ਦੇਸ਼ 'ਚ ਇਸ ਤਾਰੀਖ਼ ਤੱਕ ਨਹੀਂ ਵਿਕਣਗੀਆਂ 'ਇੱਟਾਂ', ਜਾਣੋ ਕੀ ਹੈ ਕਾਰਨ
ਕਾਂਗਰਸ ਵਲੋਂ ਰਵਾਇਤੀ ਕਲਚਰ ਨੂੰ ਸਰਗਰਮ ਕਰਨ ਦਾ ਯਤਨ
ਪੰਜਾਬ ਦੇ ਸੀਨੀਅਰ ਕਾਂਗਰਸੀ ਨੇਤਾ, ਜਿਨ੍ਹਾਂ 'ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਾਂਗਰਸ ਨੂੰ ਅਲਵਿਦਾ ਆਖ ਚੁੱਕੇ ਹਨ, ਜਦੋਂ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਾਲ ਦੀ ਘੜੀ ਵਿਦੇਸ਼ ਗਏ ਹੋਏ ਹਨ, ਜਦਕਿ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਮੇਤ ਕਈ ਸਾਬਕਾ ਮੰਤਰੀ ਕਾਂਗਰਸ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਚੁੱਕੇ ਹਨ। ਕਾਂਗਰਸ ਨੂੰ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਆਕਸੀਜਨ ਦੇ ਕੇ ਕਾਂਗਰਸ ਦੇ ਰਵਾਇਤੀ ਕਲਚਰ ਨੂੰ ਸਰਗਰਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ 'ਚ ਈਗੋ ਕਾਰਨ ਕਲੈਸ਼ ਹੋਣ ’ਤੇ ਕਾਂਗਰਸ ਨੂੰ ਇਨ੍ਹਾਂ ਚੋਣਾਂ ਵਿਚ ਵੱਡਾ ਸਿਆਸੀ ਨੁਕਸਾਨ ਝੱਲਣਾ ਪਿਆ।
ਇਹ ਵੀ ਪੜ੍ਹੋ : ਲੁਧਿਆਣਾ 'ਚ ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਆਟੋ ਚਾਲਕ ਦੀ ਮੌਤ
ਅਕਾਲੀਆਂ ਵੱਲੋਂ ਸਿਆਸੀ ਜ਼ਮੀਨ ਲੱਭਣ ਲਈ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗਾਂ
ਕਾਂਗਰਸ ਸਰਕਾਰ ਤੋਂ ਪਹਿਲਾਂ ਪੰਜਾਬ 'ਚ 10 ਵਰ੍ਹਿਆਂ ਤੱਕ ਸੱਤਾ ’ਤੇ ਕਾਬਜ਼ ਰਿਹਾ ਸ਼੍ਰੋਮਣੀ ਅਕਾਲੀ ਦਲ ਹਾਲ ਦੀ ਘੜੀ ਆਪਣੇ ਖੁੱਸੇ ਰਵਾਇਤੀ ਪੰਥਕ ਵੋਟ ਬੈਂਕ ਨੂੰ ਲੱਭਣ 'ਚ ਜੁੱਟਿਆ ਹੋਇਆ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਗਾਹੇ -ਬਗਾਹੇ ਜ਼ਿਲਾ ਪ੍ਰਧਾਨਾਂ ਅਤੇ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗਾਂ ਜਾਰੀ ਰਹੀਆਂ ਅਤੇ ਹੁਣ ਸਿਆਸੀ ਜ਼ਮੀਨ ਲੱਭਣ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ਨੂੰ ਚੁੱਕਿਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ