ਭਾਜਪਾ ਦੇ ਗੁੰਡਿਆਂ ਤੋਂ ਬਚਾਉਣ ਲਈ ਕੈਪਟਨ ਕਿਸਾਨਾਂ ਨੂੰ ਪੰਜਾਬ ਪੁਲਸ ਦੀ ਦੇਣ ਸੁਰੱਖਿਆ : ਚੱਢਾ

01/30/2021 10:48:49 PM

ਚੰਡੀਗੜ੍ਹ, (ਰਮਨਜੀਤ)- ‘ਆਪ’ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਪੰਜਾਬ ਪੁਲਸ ਦੀ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। ਚੱਢਾ ਨੇ ਕਿਹਾ ਕਿ ਇਸ ਨਾਲ ਮੋਦੀ ਸਰਕਾਰ ਦੀ ਤਾਨਾਸ਼ਾਹੀ ਅਤੇ ਭਾਜਪਾ ਦੇ ਗੁੰਡਿਆਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਆਪਣੇ ਗੁੰਡਿਆਂ ਵਲੋਂ ਲਗਾਤਾਰ ਧਰਨੇ ’ਤੇ ਬੈਠੇ ਕਿਸਾਨਾਂ ’ਤੇ ਹਮਲੇ ਕਰਵਾ ਰਹੀ ਹੈ ਤਾਂ ਕਿ ਕਿਸਾਨ ਡਰ ਕੇ ਅੰਦੋਲਨ ਵਾਲੀ ਥਾਂ ਖਾਲੀ ਕਰ ਦੇਣ।
ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਸਿੰਘੂ ਬਾਰਡਰ ’ਤੇ ਕਿਸਾਨਾਂ ਦੇ ਅੰਦਰ ਦਹਿਸ਼ਤ ਫੈਲਾਉਣ ਅਤੇ ਡੰਡਿਆਂ ਦੇ ਜ਼ੋਰ ’ਤੇ ਅੰਦੋਲਨ ਖਤਮ ਕਰਾਉਣ ਲਈ ਭਾਜਪਾ ਦੇ ਗੁੰਡਿਆਂ ਨੇ ਪੱਥਰਬਾਜ਼ੀ ਕੀਤੀ। ਫੋਟੋਆਂ ਤੋਂ ਪਤਾ ਲੱਗਦਾ ਹੈ ਕਿ ਹਮਲਾਵਰਾਂ ਵਿਚ ਭਾਜਪਾ ਦੇ ਅਹੁਦੇਦਾਰ ਆਗੂ ਅਤੇ ਸਰਗਰਮ ਵਰਕਰ ਸ਼ਾਮਲ ਸਨ। ਭਾਜਪਾ ਦੇ ਵੱਡੇ ਆਗੂਆਂ ਨਾਲ ਹਮਲਾਵਰਾਂ ਦੀਆਂ ਫੋਟੋਆਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਕਿਸਾਨਾਂ ’ਤੇ ਹਮਲਾ ਭਾਜਪਾ ਕਰਵਾ ਰਹੀ ਹੈ।
ਚੱਢਾ ਨੇ ਕਿਹਾ ਕਿ ਭਾਜਪਾ ਦੇ ਲੋਕਾਂ ਵਲੋਂ ਦੇਸ਼ ਦੇ ਅੰਨਦਾਤਾ ’ਤੇ ਲਗਾਤਾਰ ਕੀਤੇ ਜਾ ਰਹੇ ਹਮਲੇ ਅਤੇ ਜਿਸ ਤਰ੍ਹਾਂ ਇਕ ਸਾਜਿਸ਼ ਨਾਲ 26 ਜਨਵਰੀ ਨੂੰ ਲਾਲ ਕਿਲ੍ਹੇ ਉੱਤੇ ਜੋ ਮੰਦਭਾਗੀ ਘਟਨਾ ਹੋਈ ਉਸ ਨੇ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਣ ਦੀ ਭਾਜਪਾ ਦੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਹੈ। ਕਿਉਂਕਿ ਦਿੱਲੀ ਪੁਲਸ ਖੁਦ ਹਿੰਸਾ ਭੜਕਾਉਣ ਅਤੇ ਭਾਜਪਾ ਦੇ ਗੁੰਡਿਆਂ ਨੂੰ ਭਾਜਪਾ ਦੇ ਇਸ਼ਾਰੇ ’ਤੇ ਸ਼ਹਿ ਦੇਣ ਦਾ ਕੰਮ ਕਰ ਰਹੀ ਹੈ, ਇਸ ਲਈ ਕਿਸਾਨਾਂ ਦੀ ਸੁਰੱਖਿਆ ਅਹਿਮ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਸਰਕਾਰ ਅਨੇਕਾਂ ਪ੍ਰਭਾਵਸ਼ਾਲੀ ਲੋਕਾਂ ਅਤੇ ਆਗੂਆਂ ਨੂੰ ਸੁਰੱਖਿਆ ਦੇ ਸਕਦੀ ਹੈ, ਤਾਂ ਭਾਜਪਾ ਦੇ ਗੁੰਡਿਆਂ ਦੀ ਹਿੰਸਾ ਅਤੇ ਹਮਲਿਆਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਅਤੇ ਕਿਸਾਨ ਆਗੂਆਂ ਨੂੰ ਸੁਰੱਖਿਆ ਕਿਉਂ ਨਹੀਂ ਦੇ ਸਕਦੀ? ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਘੜਨ ਵਾਲੇ ਭਾਜਪਾ ਅਤੇ ਕੇਂਦਰੀ ਏਜੰਸੀਆਂ ਨੂੰ ਬਚਾਉਣ ਦਾ ਕੰਮ ਕਰ ਰਹੇ ਹਨ। ਭਾਜਪਾ ਆਪਣੇ ਗੁੰਡਿਆਂ ਤੋਂ ਲਗਾਤਾਰ ਕਿਸਾਨਾਂ ’ਤੇ ਹਮਲੇ ਕਰਵਾ ਰਹੀ ਹੈ ਪਰ ਕੈਪਟਨ ਭਾਜਪਾ ਖਿਲਾਫ਼ ਕੁਝ ਨਹੀਂ ਬੋਲ ਰਹੇ।


Bharat Thapa

Content Editor

Related News