ਵੱਡੀ ਖ਼ਬਰ: ਸਿੱਖ ਨੌਜਵਾਨ ''ਤੇ ਤਸ਼ੱਦਦ ਕਰਨ ਵਾਲੇ ਪੁਲਸ ਮੁਲਾਜ਼ਮਾਂ ''ਤੇ ਐਕਸ਼ਨ
Saturday, Jan 31, 2026 - 05:39 PM (IST)
ਲੁਧਿਆਣਾ (ਰਾਜ/ਬੇਰੀ)- ਮਾਮੂਲੀ ਗੱਡੀ ਦੀ ਟੱਕਰ ਦੇ ਵਿਵਾਦ ’ਚ ਪੁਲਸ ਵੱਲੋਂ ਇਕ ਸਿੱਖ ਨੌਜਵਾਨ ਨੂੰ ਹਿਰਾਸਤ ’ਚ ਲੈ ਕੇ ਉਸ ਨਾਲ ਅਣਮਨੁੱਖੀ ਵਿਵਹਾਰ ਕਰਦਿਆਂ ‘ਥਰਡ ਡਿਗਰੀ ਟਾਰਚਰ’ ਕਰਨ ਦੇ ਮਾਮਲੇ ਵਿਚ 3 ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪੁਲਸ ਦੀ ਇਸ ਬੇਰਹਿਮੀ ਦਾ ਸ਼ਿਕਾਰ ਹੋਏ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦਿਆਂ ਹੀ ਸਿੱਖ ਜਥੇਬੰਦੀਆਂ ਅਤੇ ਟੈਕਸੀ ਯੂਨੀਅਨ ’ਚ ਭਾਰੀ ਰੋਸ ਫੈਲ ਗਿਆ ਸੀ, ਜਿਸ ਦੇ ਨਤੀਜੇ ਵਜੋਂ ਸ਼ੁੱਕਰਵਾਰ ਨੂੰ ਭਾਰਤ ਨਗਰ ਚੌਕ ’ਚ ਵਿਸ਼ਾਲ ਧਰਨਾ ਦੇ ਕੇ ਚੱਕਾ ਜਾਮ ਕਰ ਦਿੱਤਾ ਗਿਆ ਸੀ।
ਪੀੜਤ ਨੌਜਵਾਨ ਰਣਜੋਧ ਸਿੰਘ (ਨਿਵਾਸੀ ਚੰਦਰ ਨਗਰ) ਨੇ ਜਦੋਂ ਆਪਣੇ ਸਰੀਰ ’ਤੇ ਪੁਲਸ ਦੀ ਕੁੱਟ-ਮਾਰ ਦੇ ਨਿਸ਼ਾਨ ਵੀਡੀਓ ਰਾਹੀਂ ਦਿਖਾਏ, ਤਾਂ ਇਹ ਮਾਮਲਾ ਜੰਗਲ ਦੀ ਅੱਗ ਵਾਂਗ ਫੈਲ ਗਿਆ। ਪ੍ਰਦਰਸ਼ਨਕਾਰੀਆਂ ਦੇ ਦਬਾਅ ਅੱਗੇ ਝੁਕਦਿਆਂ ਪੁਲਸ ਨੇ ਕਾਰ ਸਵਾਰ ਮੁਲਜ਼ਮਾਂ ਰਾਜੀਵ ਗੁਪਤਾ, ਅਜੇ ਸ਼ਰਮਾ ਅਤੇ ਇਕ ਅਣਪਛਾਤੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੀੜਤ ਨਾਲ ਥਾਣੇ ’ਚ ਕੁੱਟ-ਮਾਰ ਕਰਨ ਵਾਲੇ 3 ਪੁਲਸ ਮੁਲਾਜ਼ਮਾਂ ਲਵਪ੍ਰੀਤ ਸਿੰਘ, ਦੀਪਕ ਸ਼ਰਮਾ ਅਤੇ ਲਵਪ੍ਰੀਤ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੀੜਤ ਰਣਜੋਧ ਸਿੰਘ ਅਨੁਸਾਰ ਉਹ ਟੈਕਸੀ ਚਲਾਉਂਦਾ ਹੈ। 26 ਜਨਵਰੀ ਦੀ ਰਾਤ ਨੂੰ ਜਦੋਂ ਉਹ ਸਵਾਰੀ ਛੱਡ ਕੇ ਵਾਪਸ ਘਰ ਜਾ ਰਿਹਾ ਸੀ, ਤਾਂ ਪਵੇਲੀਅਨ ਮਾਲ ਦੇ ਬਾਹਰ ਉਸ ਦੀ ਟੈਕਸੀ ਦੀ ਟੱਕਰ ਇਕ ਹੋਰ ਕਾਰ ਨਾਲ ਹੋ ਗਈ। ਕਾਰ ਸਵਾਰਾਂ ਨੇ ਪਹਿਲਾਂ ਉਸ ਦੀ ਕੁੱਟ-ਮਾਰ ਕੀਤੀ ਅਤੇ ਉਸ ਦੀ ਗੱਡੀ ’ਤੇ ਲੱਗੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਉਤਾਰਨ ਦੀ ਕੋਸ਼ਿਸ਼ ਕੀਤੀ। ਮੌਕੇ ’ਤੇ ਪਹੁੰਚੀ ਪੁਲਸ ਨੇ ਰਣਜੋਧ ਦੀ ਗੱਲ ਸੁਣਨ ਦੀ ਬਜਾਏ ਉਸ ਨੂੰ ਫੜ ਲਿਆ ਅਤੇ ਪਹਿਲਾਂ ਕੈਲਾਸ਼ ਨਗਰ ਚੌਕੀ ਤੇ ਫਿਰ ਥਾਣਾ ਡਵੀਜ਼ਨ ਨੰਬਰ 8 ’ਚ ਲੈ ਗਏ। ਰਣਜੋਧ ਦਾ ਦੋਸ਼ ਹੈ ਕਿ ਪੁਲਸ ਮੁਲਾਜ਼ਮਾਂ ਨੇ ਕਾਨੂੰਨ ਨੂੰ ਹੱਥ ’ਚ ਲੈ ਕੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਬੇਇੱਜ਼ਤ ਕੀਤਾ।
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਏ. ਸੀ. ਪੀ. ਸਿਵਲ ਲਾਈਨ ਗੁਰਇਕਬਾਲ ਸਿੰਘ ਨੇ ਸਫਾਈ ਦਿੰਦਿਆਂ ਕਿਹਾ ਕਿ ਉਸ ਰਾਤ ਰਣਜੋਧ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਦੀ ਪੁਸ਼ਟੀ ਮੈਡੀਕਲ ਰਿਪੋਰਟ ’ਚ ਵੀ ਹੋਈ ਹੈ। ਪੁਲਸ ਨੇ ਇਹ ਦਾਅਵਾ ਵੀ ਕੀਤਾ ਕਿ ਰਣਜੋਧ ਨੇ ਥਾਣੇ ਅੰਦਰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੀ ਵੀਡੀਓ ਫੁਟੇਜ ਉਨ੍ਹਾਂ ਕੋਲ ਮੌਜੂਦ ਹੈ। ਹਾਲਾਂਕਿ ਕੁੱਟ-ਮਾਰ ਦੇ ਗੰਭੀਰ ਦੋਸ਼ਾਂ ਦੇ ਮੱਦੇਨਜ਼ਰ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ।
