ਸਰਹਾਲੀ ਥਾਣੇ 'ਚ RPG ਹਮਲੇ ਮਗਰੋਂ ਚੌਕਸ ਪੰਜਾਬ ਪੁਲਸ, ਥਾਣਿਆਂ ਨੂੰ ਲੈ ਕੇ ਲਿਆ ਗਿਆ ਅਹਿਮ ਫ਼ੈਸਲਾ

Tuesday, Dec 20, 2022 - 09:56 AM (IST)

ਚੰਡੀਗੜ੍ਹ (ਅਸ਼ਵਨੀ) : ਪਹਿਲਾਂ ਪੰਜਾਬ ਪੁਲਸ ਦਾ ਇੰਟੈਲੀਜੈਂਸ ਹੈੱਡਕੁਆਰਟਰ ਅਤੇ ਹੁਣ ਤਰਨਤਾਰਨ ਦਾ ਸਰਹਾਲੀ ਥਾਣਾ। ਦੋਹਾਂ ਥਾਵਾਂ ’ਤੇ ਆਰ. ਪੀ. ਜੀ. ਹਮਲਿਆਂ ਨੂੰ ਚੁਣੌਤੀ ਵਜੋਂ ਲੈਂਦਿਆਂ ਪੰਜਾਬ ਪੁਲਸ ਨੇ ਪੁਲਸ ਨਾਲ ਸਬੰਧਿਤ ਸਾਰੀਆਂ ਇਮਾਰਤਾਂ ਨੂੰ ਪੂਰੀ ਤਰ੍ਹਾਂ ਸੀ. ਸੀ. ਟੀ. ਵੀ. ਕਵਰੇਜ ਹੇਠ ਲਿਆਉਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਸਰਹਾਲੀ ਥਾਣੇ ’ਤੇ ਹੋਏ ਹਮਲੇ ਤੋਂ ਬਾਅਦ ਲਿਆ ਗਿਆ ਹੈ। ਭਾਵੇਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਜ਼ਿਆਦਾਤਰ ਥਾਣਿਆਂ 'ਚ ਪਹਿਲਾਂ ਹੀ ਸੀ. ਸੀ. ਟੀ. ਵੀ. ਲੱਗੇ ਹੋਏ ਹਨ ਪਰ ਹੁਣ ਪੁਲਸ ਥਾਣਿਆਂ ਦੇ ਨਾਲ-ਨਾਲ ਇਮਾਰਤ ਦੇ ਹੋਰ ਹਿੱਸਿਆਂ ਨੂੰ ਵੀ ਸੀ. ਸੀ. ਟੀ. ਵੀ. ਨਿਗਰਾਨੀ ਹੇਠ ਲਿਆਉਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : 'ਪਾਸਪੋਰਟ' ਬਣਵਾਉਣ ਦੇ ਮਾਮਲੇ 'ਚ ਪੰਜਾਬੀਆਂ ਨੇ ਵੱਡੇ-ਵੱਡੇ ਸੂਬਿਆਂ ਨੂੰ ਪਛਾੜਿਆ, ਪੂਰੇ ਦੇਸ਼ 'ਚੋਂ ਚੌਥੇ ਨੰਬਰ 'ਤੇ

ਜਾਣਕਾਰੀ ਅਨੁਸਾਰ ਡੀ. ਜੀ. ਪੀ. ਗੌਰਵ ਯਾਦਵ ਨੇ ਹਾਲ ਹੀ 'ਚ ਤਰਨਤਾਰਨ ਦੇ ਥਾਣਾ ਸਰਹਾਲੀ 'ਚ ਹੋਏ ਆਰ. ਪੀ. ਜੀ. ਹਮਲੇ ਦੀ ਜਾਂਚ ਦੌਰਾਨ ਪਾਇਆ ਕਿ ਸਰਹਾਲੀ ਥਾਣੇ ਦੇ ਪੁਲਸਿੰਗ ਵਿੰਗ ਨੂੰ ਤਾਂ ਸੀ. ਸੀ. ਟੀ. ਵੀ. ਨਾਲ ਕਵਰ ਕੀਤਾ ਗਿਆ ਸੀ ਪਰ ਸਾਂਝ ਕੇਂਦਰ ਵੱਲ ਇਸ 'ਚ ਕਮੀ ਸੀ। ਇਸ ਤੋਂ ਬਾਅਦ ਵੱਡੇ ਪੱਧਰ ’ਤੇ ਬਦਲਾਅ ਦਾ ਫ਼ੈਸਲਾ ਲੈਂਦਿਆਂ ਡੀ. ਜੀ. ਪੀ. ਵਲੋਂ ਸੂਬੇ ਭਰ ਦੇ ਸਵਾ 400 ਪੁਲਸ ਥਾਣਿਆਂ ਦੇ ਨਾਲ-ਨਾਲ ਪੁਲਸ ਵਿਭਾਗ ਨਾਲ ਸਬੰਧਿਤ ਸਾਰੇ ਪੱਧਰ ਦੇ ਪੁਲਸ ਅਧਿਕਾਰੀਆਂ ਦੇ ਦਫ਼ਤਰਾਂ ਅਤੇ ਹੋਰ ਇਮਾਰਤਾਂ ਨੂੰ ਪੂਰੀ ਤਰ੍ਹਾਂ ਬਾਹਰੀ ਸੀ. ਸੀ. ਟੀ. ਵੀ. ਕਵਰੇਜ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਰੇਤ ਤੇ ਬੱਜਰੀ ਲਈ ਪਹਿਲਾ ਵਿਕਰੀ ਕੇਂਦਰ ਸ਼ੁਰੂ : ਹਰਜੋਤ ਬੈਂਸ

ਇਸ ਨਾਲ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦੌਰਾਨ ਮਹੱਤਵਪੂਰਨ ਸੁਰਾਗ ਇਕੱਠੇ ਕਰਨ 'ਚ ਮਦਦ ਕਰਨ ਦੀਆਂ ਸੰਭਾਵਨਾਵਾਂ ਵਧਣਗੀਆਂ ਅਤੇ ਸੁਰੱਖਿਆ ਪ੍ਰਣਾਲੀ ਦੀ ਨਿਗਰਾਨੀ 'ਚ ਵੀ ਮਦਦ ਮਿਲੇਗੀ। ਪੰਜਾਬ ਪੁਲਸ ਦੇ ਇਸ ਕਦਮ ਦੀ ਪੁਸ਼ਟੀ ਕਰਦਿਆਂ ਆਈ. ਜੀ. ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਲਈ ਇਹ ਫ਼ੈਸਲਾ ਲਿਆ ਗਿਆ ਹੈ ਅਤੇ ਡੀ. ਜੀ. ਪੀ. ਗੌਰਵ ਯਾਦਵ ਵਲੋਂ ਇਸ ਲਈ ਲੋੜੀਂਦੇ ਫੰਡ ਵੀ ਜਾਰੀ ਕਰ ਦਿੱਤੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News