ਪੰਜਾਬ ਪੁਲਸ ਦੀ ਨਸ਼ਿਆਂ ਖ਼ਿਲਾਫ਼ ਵੱਡੀ ਜੰਗ, ਇੱਕ ਹਫ਼ਤੇ ਅੰਦਰ 155 ਕਿੱਲੋ ਹੈਰੋਇਨ ਕੀਤੀ ਬਰਾਮਦ

Monday, Jul 18, 2022 - 04:33 PM (IST)

ਪੰਜਾਬ ਪੁਲਸ ਦੀ ਨਸ਼ਿਆਂ ਖ਼ਿਲਾਫ਼ ਵੱਡੀ ਜੰਗ, ਇੱਕ ਹਫ਼ਤੇ ਅੰਦਰ 155 ਕਿੱਲੋ ਹੈਰੋਇਨ ਕੀਤੀ ਬਰਾਮਦ

ਚੰਡੀਗੜ੍ਹ : ਨਸ਼ਿਆਂ ਖ਼ਿਲਾਫ਼ ਜਾਰੀ ਜੰਗ ਦੌਰਾਨ ਪੰਜਾਬ ਪੁਲਸ ਨੇ ਪਿਛਲੇ ਹਫ਼ਤੇ ਦੋ ਅੰਤਰਰਾਜੀ ਆਪਰੇਸ਼ਨਾਂ ਦੌਰਾਨ ਗੁਜਰਾਤ ਅਤੇ ਮਹਾਰਾਸ਼ਟਰ ਦੋਵਾਂ ਸੂਬਿਆਂ ‘ਚੋਂ 147.5 ਕਿੱਲੋਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਇਹ ਦੋ ਬਰਾਮਦਗੀਆਂ ਤੋਂ ਇਲਾਵਾ ਸੂਬੇ ‘ਚੋਂ ਪਿਛਲੇ ਹਫ਼ਤੇ 7.89 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਹੈਰੋਇਨ ਦੀ ਕੁੱਲ ਬਰਾਮਦਗੀ 155.39 ਕਿਲੋਗ੍ਰਾਮ ਹੋ ਗਈ ਹੈ। ਇਹ ਜਾਣਕਾਰੀ ਅੱਜ ਇੱਥੇ ਇੰਸਪੈਕਟਰ ਜਨਰਲ ਆਫ਼ ਪੁਲਸ (ਆਈ. ਜੀ. ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦਿੱਤੀ। ਜ਼ਿਕਰਯੋਗ ਹੈ ਕਿ 12 ਜੁਲਾਈ ਨੂੰ ਏ. ਟੀ. ਐੱਸ. ਗੁਜਰਾਤ ਨਾਲ ਸਾਂਝੇ ਆਪਰੇਸ਼ਨ ਦੌਰਾਨ ਪੰਜਾਬ ਪੁਲਸ ਨੇ ਗੁਜਰਾਤ ਦੇ ਮੁੰਦਰਾ ਬੰਦਰਗਾਹ 'ਤੇ ਕੰਟੇਨਰ 'ਚੋਂ 75 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ, ਜਦੋਂ ਕਿ 15 ਜੁਲਾਈ ਨੂੰ ਮਹਾਰਾਸ਼ਟਰ ਪੁਲਸ ਨਾਲ ਮਿਲ ਕੇ ਮੁੰਬਈ ਦੇ ਨਾਹਵਾ ਸ਼ੇਵਾ ਪੋਰਟ 'ਤੇ ਕੰਟੇਨਰ 'ਚੋਂ 72.5 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ
ਨਸ਼ਿਆਂ ਦੀ ਬਰਾਮਦਗੀ ਸਬੰਧੀ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਈ. ਜੀ. ਪੀ. ਨੇ ਦੱਸਿਆ ਕਿ ਪੰਜਾਬ ਪੁਲਸ ਨੇ ਸੂਬੇ ਭਰ 'ਚ ਪਿਛਲੇ ਇੱਕ ਹਫ਼ਤੇ ਦੌਰਾਨ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨ. ਡੀ. ਪੀ. ਐੱਸ.) ਐਕਟ ਤਹਿਤ 34 ਵਪਾਰਕ ਐੱਫ. ਆਈ. ਆਰਜ਼. ਸਮੇਤ 453 ਐੱਫ. ਆਈ. ਆਰਜ਼. ਦਰਜ ਕਰਕੇ 565 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਪੁਲਸ ਨੂੰ ਨਸ਼ਿਆਂ ਖ਼ਿਲਾਫ਼ ਜੰਗ ਛੇੜਨ ਲਈ ਪੂਰੀ ਖੁੱਲ੍ਹ ਦੇਣ ਉਪਰੰਤ ਪੰਜਾਬ ਪੁਲਸ ਵੱਲੋਂ ਸਰਹੱਦੀ ਸੂਬੇ ਪੰਜਾਬ ‘ਚੋਂ ਨਸ਼ਿਆਂ ਦੀ ਅਲਾਮਤ ਨੂੰ ਖ਼ਤਮ ਕਰਨ ਲਈ ਵਿਆਪਕ ਨਸ਼ਾ ਵਿਰੋਧੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਪੁਲਸ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮਾਂ ਚਲਾ ਕੇ ਅਤੇ ਸੰਵੇਦਨਸ਼ੀਲ ਰੂਟਾਂ 'ਤੇ ਨਾਕੇ ਲਗਾ ਕੇ ਨਸ਼ਾ ਪ੍ਰਭਾਵਿਤ ਖੇਤਰਾਂ 'ਚ 16.29 ਲੱਖ ਰੁਪਏ ਡਰੱਗ ਮਨੀ, 15 ਕਿੱਲੋ ਅਫ਼ੀਮ, 37 ਕਿੱਲੋ ਗਾਂਜਾ, 16 ਕੁਇੰਟਲ ਭੁੱਕੀ ਅਤੇ 64000 ਨਸ਼ੀਲੀਆਂ ਗੋਲੀਆਂ/ਕੈਪਸੂਲ ਸਮੇਤ ਹੋਰ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਸਪਾ ਸੈਂਟਰ 'ਚ ਕੁੜੀ ਤੋਂ ਕਰਵਾਉਂਦੇ ਸੀ ਜਿਸਮ ਫਿਰੋਸ਼ੀ ਦਾ ਧੰਦਾ, ਮਾਸੀ ਤੇ ਜੀਜੇ ਨੇ ਖੇਡੀ ਗੰਦੀ ਖੇਡ

ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਐੱਨ. ਡੀ. ਪੀ. ਐੱਸ. ਕੇਸਾਂ 'ਚ 10 ਭਗੌੜੇ ਵੀ ਗ੍ਰਿਫ਼ਤਾਰ ਕੀਤੇ ਗਏ ਹਨ। ਨਸ਼ਾ ਤਸਕਰੀ ਦੇ ਰੁਝਾਨ ਬਾਰੇ ਗੱਲ ਕਰਦਿਆਂ ਆਈ. ਜੀ. ਪੀ. ਸੁਖਚੈਨ ਗਿੱਲ ਨੇ ਕਿਹਾ ਕਿ ਆਪਣੇ ਆਪ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਅੱਜ-ਕੱਲ੍ਹ ਨਸ਼ਾ ਤਸਕਰ ਪੈਦਲ ਹੀ ਨਸ਼ਿਆਂ ਦੀ ਤਸਕਰੀ ਕਰਨ ਨੂੰ ਤਰਜ਼ੀਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰ ਘੱਟ ਮਾਤਰਾ 'ਚ ਨਸ਼ਾ ਵੇਚ ਰਹੇ ਹਨ ਤਾਂ ਜੋ ਫੜ੍ਹੇ ਜਾਣ 'ਤੇ ਵੀ ਉਨ੍ਹਾਂ ਦੇ ਮਾਮਲੇ ਨੂੰ ਵਪਾਰਕ ਨਜ਼ਰੀਏ ਤੋਂ ਨਾ ਸਮਝਿਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਨਸ਼ਾ ਤਸਕਰ ਛਾਪੇ ਦੌਰਾਨ ਬਰਾਮਦਗੀ ਤੋਂ ਬਚਣ ਲਈ ਆਪਣੇ ਘਰਾਂ 'ਚ ਨਸ਼ੀਲੇ ਪਦਾਰਥਾਂ ਦੀ ਖੇਪ ਲੁਕਾਉਣ ਦੀ ਬਜਾਏ, ਇਸ ਨੂੰ ਛੱਪੜਾਂ ਅਤੇ ਖੇਤਾਂ 'ਚ ਲੁਕਾਉਣ ਨੂੰ ਤਰਜ਼ੀਹ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਨਸ਼ਾ ਤਸਕਰਾਂ ਤੋਂ ਇਹ ਪਤਾ ਲੱਗਾ ਕਿ ਨਸ਼ੇ ਦੀ ਸਪਲਾਈ ਪਠਾਨਕੋਟ ਦੇ ਨਾਲ ਲੱਗਦੇ ਇਲਾਕੇ ਹਿਮਾਚਲ ਪ੍ਰਦੇਸ਼ ਦੇ ਪਿੰਡ ਛੰਨੀ-ਬੇਲੀ ਜਾਂ ਜੰਮੂ-ਕਸ਼ਮੀਰ ਦੇ ਗੁਆਂਢੀ ਕਠੂਆ ਜ਼ਿਲ੍ਹੇ ਤੋਂ ਹੁੰਦੀ ਹੈ, ਇਸ ਲਈ ਸਰਹੱਦੀ ਜ਼ਿਲ੍ਹੇ ਦੇ ਐੱਸ. ਐੱਸ. ਪੀਜ਼ ਨੂੰ ਇਨ੍ਹਾਂ ਗੁਆਂਢੀ ਸੂਬਿਆਂ ਦੀ ਪੁਲਸ ਨਾਲ ਤਾਲਮੇਲ ਰੱਖਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਜਬਰ-ਜ਼ਿਨਾਹ ਮਾਮਲੇ 'ਚ ਸਿਮਰਜੀਤ ਬੈਂਸ ਦੀ ਪੇਸ਼ੀ, ਅਦਾਲਤ ਨੇ 14 ਦਿਨਾਂ ਲਈ ਜੇਲ੍ਹ ਭੇਜਿਆ

ਆਈ. ਜੀ. ਪੀ. ਨੇ ਦੱਸਿਆ ਕਿ ਮਾਲੇਰਕੋਟਲਾ 'ਚ ਨਸ਼ਾ ਤਸਕਰੀ ਦਾ ਨਵਾਂ ਤਰੀਕਾ ਸਾਹਮਣੇ ਆਇਆ ਹੈ, ਜਿੱਥੇ ਨਸ਼ਾ ਤਸਕਰ ਰੋਹਿਤ ਸਾਹੀ ਉਰਫ਼ ਗੋਲਡੀ ਵਾਸੀ ਅਮਰਗੜ੍ਹ ਫ਼ੌਜ ਦੀ ਵਰਦੀ 'ਚ ਹੈਰੋਇਨ ਵੇਚਦਾ ਪਾਇਆ ਗਿਆ। ਪੁਲਸ ਨੇ ਉਸ ਦੀ ਕਾਰ ਵਿੱਚੋਂ 50 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਡੀ. ਜੀ. ਪੀ. ਵੱਲੋਂ ਸਾਰੇ ਸੀ. ਪੀਜ਼./ਐੱਸ. ਐੱਸ. ਪੀਜ਼. ਨੂੰ ਸਾਰੇ ਨਾਮੀ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਅਤੇ ਆਪਣੇ ਅਧਿਕਾਰ ਖੇਤਰਾਂ 'ਚ ਨਸ਼ਾ ਤਸਕਰੀ ਵਾਲੇ ਸੰਵੇਦਨਸ਼ੀਲ ਸਥਾਨਾਂ ਦੀ ਸ਼ਨਾਖਤ ਕਰਕੇ ਨਸ਼ਾ ਤਸਕਰਾਂ ‘ਤੇ ਨਕੇਲ ਕੱਸਣ ਅਤੇ ਨਸ਼ਾ ਵੇਚਣ/ਤਸਕਰੀ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਦੇ ਸਖ਼ਤ ਹੁਕਮ ਦਿੱਤੇ ਗਏ ਹਨ। ਉਨ੍ਹਾਂ ਪੁਲਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜ੍ਹੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤਾਂ ਜੋ ਉਨ੍ਹਾਂ ਤੋਂ ਨਾਜਾਇਜ਼ ਰਾਸ਼ੀ ਬਰਾਮਦ ਕੀਤੀ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News