ਪੰਜਾਬ ਪੁਲਸ ਵੱਲੋਂ ਭੁੱਕੀ ਨਾਲ ਤੁੰਨਿਆ ਟਰੱਕ ਬਰਾਮਦ, ਹਰ ਕੋਈ ਹੈਰਾਨ (ਵੀਡੀਓ)

Monday, Jul 15, 2024 - 09:39 PM (IST)

ਚੰਡੀਗੜ੍ਹ- ਪੰਜਾਬ ਪੁਲਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰ ਕੇ 210 ਬੋਰੀਆਂ ਵਿਚ ਪੈਕ ਕੀਤੀ 4,100 ਕਿਲੋ ਭੁੱਕੀ ਬਰਾਮਦ ਕੀਤੀ ਹੈ, ਜਿਸ ਨੂੰ ਮੱਧ ਪ੍ਰਦੇਸ਼ ਤੋਂ ਇਕ ਕੰਟੇਨਰ ਟਰੱਕ ਵਿਚ ਤਸਕਰੀ ਕੀਤਾ ਜਾ ਰਿਹਾ ਸੀ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਸੋਮਵਾਰ ਨੂੰ ਦਿੱਤੀ। ਇਸ ਦੌਰਾਨ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਵਾਸੀ ਜਲੰਧਰ ਵਜੋਂ ਹੋਈ ਹੈ।


ਡੀਜੀਪੀ ਨੇ ਦੱਸਿਆ ਕਿ ਇੱਕ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀਆਂ ਪੁਲਸ ਟੀਮਾਂ ਨੇ ਜ਼ਿਲ੍ਹਾ ਪੁਲਸ ਨਾਲ ਮਿਲ ਕੇ ਨਾਕਾ ਲਗਾਇਆ ਅਤੇ ਇਕ ਸ਼ੱਕੀ ਕੰਟੇਨਰ ਨੂੰ ਚੈਕਿੰਗ ਲਈ ਰੋਕਿਆ। ਅਧਿਕਾਰੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਪੁਲਸ ਨੇ 41 ਕੁਇੰਟਲ ਭੁੱਕੀ ਦੀਆਂ 210 ਬੋਰੀਆਂ ਜ਼ਬਤ ਕੀਤੀਆਂ ਹਨ।


ਡੀਜੀਪੀ ਨੇ ਅੱਗੇ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਅਧਿਕਾਰੀਆਂ ਦੇ ਧਿਆਨ ਵਿਚ ਆਇਆ ਹੈ ਕਿ ਇਹ ਖੇਪ ਜਲੰਧਰ, ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਖੇਤਰਾਂ ਵਿਚ ਪਹੁੰਚਾਈ ਜਾਣੀ ਸੀ। ਉਨ੍ਹਾਂ ਅੱਗੇ ਕਿਹਾ ਕਿ ਟੀਮਾਂ ਵੱਲੋਂ ਇਸ ਸਬੰਧੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਸਹਾਇਕ ਇੰਸਪੈਕਟਰ ਜਨਰਲ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਮੁਲਜ਼ਮ ਨੇ ਪਹਿਲਾਂ ਵੀ ਮੱਧ ਪ੍ਰਦੇਸ਼ ਦੇ ਪ੍ਰਤਾਪਗੜ੍ਹ ਤੋਂ ਭੁੱਕੀ ਦੀ ਇੰਨੀ ਵੱਡੀ ਖੇਪ ਪੰਜਾਬ ਪਹੁੰਚਾਉਣ ਦੀ ਗੱਲ ਕਬੂਲੀ ਹੈ।


DILSHER

Content Editor

Related News