ਤਰਸ ਦੇ ਆਧਾਰ ''ਤੇ ਕੀਤੀ ਭਰਤੀ ਬਾਰੇ ਖੁਲਾਸੇ ਤੋਂ ''ਪੰਜਾਬ ਪੁਲਸ'' ਦਾ ਇਨਕਾਰ

Wednesday, Jan 09, 2019 - 09:26 AM (IST)

ਤਰਸ ਦੇ ਆਧਾਰ ''ਤੇ ਕੀਤੀ ਭਰਤੀ ਬਾਰੇ ਖੁਲਾਸੇ ਤੋਂ ''ਪੰਜਾਬ ਪੁਲਸ'' ਦਾ ਇਨਕਾਰ

ਚੰਡੀਗੜ੍ਹ : ਪੰਜਾਬ ਪੁਲਸ ਦੇ ਅਧਿਕਾਰੀਆਂ ਵਲੋਂ ਤਰਸ ਦੇ ਆਧਾਰ 'ਤੇ ਕੀਤੀ ਭਰਤੀ ਬਾਰੇ ਖੁਲਾਸਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਹੈ। ਇਸ ਜਾਣਕਾਰੀ ਨੂੰ ਸੂਚਨਾ ਅਧਿਕਾਰ ਕਾਨੂੰਨ ਦੇ ਦਾਇਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਅਸਲ 'ਚ ਬਰਨਾਲਾ ਨਾਲ ਸਬੰਧਿਤ ਆਰ. ਟੀ. ਆਈ. ਕਾਰਕੁੰਨ ਨੇ ਪਿਛਲੇ ਸਮੇਂ ਦੌਰਾਨ ਭਰਤੀ ਸਬੰਧੀ ਜਾਣਕਾਰੀ ਮੰਗੀ ਸੀ, ਜਿਸ ਨੂੰ ਦੇਣ ਤੋਂ ਅਧਿਕਾਰੀ ਕੰਨੀ ਕਤਰਾ ਰਹੇ ਹਨ।
ਆਰ. ਟੀ. ਆਈ. ਕਾਰਕੁੰਨ ਨੇ ਡੀ. ਜੀ. ਪੀ. ਦਫਤਰ ਅਤੇ ਗ੍ਰਹਿ ਵਿਭਾਗ ਦੋਹਾਂ ਤੋਂ ਜਾਣਕਾਰੀ ਮੰਗੀ ਸੀ ਕਿ ਪਹਿਲੀ ਜਨਵਰੀ, 2007 ਤੋਂ 31 ਮਾਰਚ, 2018 ਤੱਕ ਤਰਸ ਦੇ ਆਧਾਰ 'ਤੇ ਜਾਂ ਵਿਸ਼ੇਸ਼ ਕੇਸ ਵਜੋਂ ਡੀ. ਐੱਸ. ਪੀ., ਇੰਸਪੈਕਟਰ, ਸਬ ਇੰਸਪੈਕਟਰ, ਏ. ਐੱਸ. ਆਈ. ਜਾਂ ਸਿਪਾਹੀ ਦੇ ਅਹੁਦਿਆਂ 'ਤੇ ਕਿੰਨੇ ਨੌਜਵਾਨਾਂ ਨੂੰ ਭਰਤੀ ਕੀਤਾ ਗਿਆ। ਭਰਤੀ ਕੀਤੇ ਗਏ ਨੌਜਵਾਨਾਂ ਦੀ ਰਿਹਾਇਸ਼ ਦੇ ਨਾਲ-ਨਾਲ ਉਨ੍ਹਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰਾਂ ਦੀਆਂ ਕਾਪੀਆਂ ਵੀ ਮੰਗੀਆਂ ਗਈਆਂ ਸਨ।

ਗ੍ਰਹਿ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਪੁਲਸ 'ਚ ਵਿਸ਼ੇਸ਼ ਕੇਸ ਵਜੋਂ ਜਾਂ ਤਰਸ ਦੇ ਆਧਾਰ 'ਤੇ ਨੌਕਰੀ ਕਰਨ ਦੇ ਮਾਮਲੇ 'ਚ ਨਿਯਮਾਂ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ ਅਤੇ ਪੁਲਸ ਅਧਿਕਾਰੀਆਂ ਵਲੋਂ ਆਪਣੇ ਚਹੇਤਿਆਂ ਨੂੰ ਨੌਕਰੀਆਂ ਦੇ ਗੱਫੇ ਦਿੱਤੇ ਜਾ ਰਹੇ ਹਨ। ਦੱਸ ਦੇਈਏ ਕਿ ਸੁਪਰੀਮ ਕੋਰਟ ਵਲੋਂ ਤਰਸ ਦੇ ਆਧਾਰ 'ਤੇ ਨੌਕਰੀ ਦੇ ਮਾਮਲੇ 'ਚ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਪਰ ਪੰਜਾਬ ਪੁਲਸ ਵਲੋਂ ਇਨ੍ਹਾਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਭਰਤੀ ਕੀਤੀ ਜਾਂਦੀ ਹੈ।


author

Babita

Content Editor

Related News