ਪੰਜਾਬ ਪੁਲਸ ਨੇ ਕੀਤਾ ‘ਮਨੁੱਖੀ ਅਧਿਕਾਰਾਂ ਦਾ ਇਕ ਹੋਰ ਕਤਲ’

05/30/2019 8:34:57 PM

ਜਲੰਧਰ (ਜਸਬੀਰ ਵਾਟਾਂ ਵਾਲੀ) ਮਨੁੱਖੀ ਅਧਿਕਾਰਾਂ ਦੇ ਘਾਣ ਕਰਨ ਦੇ ਦੋਸ਼ ਹੇਠ ਪੰਜਾਬ ਪੁਲਸ ਦਾ ਕਿਰਦਾਰ ਹਮੇਸ਼ਾ ਤੋਂ ਦਾਗਦਾਰ ਰਿਹਾ ਹੈ। ਫਰੀਦਕੋਟ ’ਚ ਤਾਜਾ ਵਾਪਰੀ ਘਟਨਾ ਵਿਚ ਜਸਪਾਲ ਦੀ ਹਿਰਾਸਤ ਵਿਚ ਹੋਈ ਮੌਤ ਨੇ ਪੰਜਾਬ ਪੁਲਸ ਦੀ ਕਾਰਗੁਜ਼ਾਰੀ ਨੂੰ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਲਿਆ ਕੇ ਖੜਾ ਕਰ ਦਿੱਤਾ ਹੈ। ਇਸ ਮਾਮਲੇ ਵਿਚ ਪੁਲਸ ਵੱਲੋਂ ਭਾਵੇਂ ਕਿ ਜਸਪਾਲ ਦੀ ਮੌਤ ਨੂੰ ਖੁਦਕੁਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਉਸ ਦੇ ਨਾਜਾਇਜ਼ ਧੰਦਿਆਂ ’ਚ ਲਿਪਤ ਹੋਣ ਦੀ ਗੱਲ ਵੀ ਕੀਤੀ ਗਈ ਹੈ। ਪੁਲਸ ਰਿਪੋਰਟ ਅਨੁਸਾਰ ਜੇਕਰ ਇਹ ਮੰਨ ਵੀ ਲਈਏ ਕਿ ਜਸਪਾਲ ਨੇ ਖੁਦਕੁਸ਼ੀ ਕੀਤੀ ਹੈ, ਤਾਂ ਵੀ ਦੁਨੀਆ ਦਾ ਕੋਈ ਕਨੂੰਨ ਇਹ ਆਗਿਆ ਨਹੀਂ ਦਿੰਦਾ ਕਿ ਹਿਰਾਸਤ ਵਿਚ ਹੋਈ ਮੁਲਜ਼ਮ ਦੀ ਮੌਤ ਤੋਂ ਬਾਅਦ ਉਸਦੀ ਲਾਸ਼ ਨੂੰ ਖੁਰਦ-ਬੁਰਦ ਕੀਤਾ ਜਾਵੇ। ਹਵਾਲਾਤ ਵਿਚੋਂ ਜਸਪਾਲ ਦੀ ਲਾਸ਼ ਨੂੰ ਇਸ ਤਰ੍ਹਾਂ ਖੁਰਦ-ਬੁਰਦ ਕੀਤੇ ਜਾਣਾ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਿਹਾ ਹੈ। ਇਸ ਦੇ ਨਾਲ-ਨਾਲ ਇਸ ਮਾਮਲੇ ਵਿਚ ਸ਼ਾਮਲ ਐੱਸ. ਐੱਚ. ਓ. ਵੱਲੋਂ ਖੁਦ ਨੂੰ ਗੋਲੀ ਮਾਰੇ ਜਾਣ ਦਾ ਭੇਦ ਵੀ ਪੁਲਸ ਦੀ ਸ਼ੱਕੀ ਅਤੇ ਗੰਧਲੀ ਕਾਰਗੁਜ਼ਾਰੀ ਵੱਲ ਹੀ ਇਸ਼ਾਰਾ ਕਰ ਰਿਹਾ ਹੈ। ਇਸ ਕਾਂਡ ਵਿਚ ਵਾਪਰੇ ਇਸ ਘਟਨਾਕ੍ਰਮ ਤੋਂ ਬਾਅਦ ਲੋਕਾਂ ਦਾ ਗੁੱਸਾ ਸਰਕਾਰ ਖ਼ਿਲਾਫ ਦਿਨ-ਪ੍ਰਤੀਦਿਨ ਤਿੱਖਾ ਹੁੰਦਾ ਜਾ ਰਿਹਾ ਹੈ। 
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਪੰਜਾਬ ਪੁਲਸ ਦਾ ਕਿਰਦਾਰ ਅਤੇ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਆਈ ਹੋਵੇ। ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਪੇਸ਼ ਕੀਤੀ ਗਈ ‘ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ’ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਇਸ ਅਨੁਸਾਰ ਕਮਿਸ਼ਨ ਨੂੰ ਸਾਲ 2016-17 ਦੌਰਾਨ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀਆਂ 10820 ਸ਼ਿਕਾਇਤਾਂ ਮਿਲੀਆਂ ਸਨ। ਇਨ੍ਹਾਂ ਸ਼ਿਕਾਇਤਾਂ ਵਿਚੋਂ 55 ਫੀਸਦੀ ਸ਼ਿਕਾਇਤਾਂ ਹਿਰਾਸਤ ਵਿੱਚ ਮੌਤਾਂ, ਪੁਲਸ ਤਸ਼ੱਦਦ, ਪੁਲਸ ਅਤੇ ਜੇਲ੍ਹ ਅਫਸਰਾਂ ਵੱਲੋਂ ਬਣਾਏ ਗਏ ਝੂਠੇ ਕੇਸਾਂ ਬਾਰੇ ਸਨ। ਇਸ ਵਿਚ 5647 ਸ਼ਿਕਾਇਤਾਂ ਪੁਲਸ ਵਧੀਕੀਆਂ ਦੀਆਂ ਸਨ। ਕਮਿਸ਼ਨ ਨੂੰ 3015 ਸ਼ਿਕਾਇਤਾਂ ਅਜਿਹੀਆਂ ਮਿਲੀਆਂ ਸਨ, ਜਿਨ੍ਹਾਂ ਮੁਤਾਬਕ ਪੁਲਸ ਨੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਸੀ ਕੀਤੀ। ਇਸ ਤੋਂ ਇਲਾਵਾ ਪੁਲਸ ਦੀ ਧੱਕੇਸ਼ਾਹੀ ਦੀਆਂ 1282 ਸ਼ਿਕਾਇਤਾਂ ਅਤੇ ਪੁਲਸ ਵੱਲੋਂ ਝੂਠੇ ਕੇਸਾਂ ਵਿੱਚ ਫਸਾਉਣ ਬਾਰੇ 741 ਸ਼ਿਕਾਇਤਾਂ ਵੀ ਕਮਿਸ਼ਨ ਕੋਲ ਪੁੱਜੀਆਂ ਸਨ।ਇਸ ਦੇ ਨਾਲ-ਨਾਲ ਜੇਲ ਅਧਿਕਾਰੀਆਂ ਦੇ ਖਿਲਾਫ ਜੁਡੀਸ਼ਲ ਹਿਰਾਸਤ ਵਿੱਚ ਮੌਤਾਂ ਬਾਰੇ ਵੀ 226 ਸ਼ਿਕਾਇਤਾਂ ਦਰਜ ਹੋਈਆਂ ਸਨ।
ਇਸ ਤੋਂ ਇਲਾਵਾ ’84 ਦੇ ਕਾਲੇ ਦੌਰ ਦੌਰਾਨ ਪੰਜਾਬ ਪੁਲਸ ਦੀ ਕਾਰਗੁਜਾਰੀ ਅੱਜ ਤੱਕ ਵੀ ਸਵਾਲਾਂ ਦੇ ਘੇਰੇ ਵਿਚ ਹੈ। ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਦੇ ਧਰਮਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਪੀ. ਏ. ਪੀ. ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਤਾਂ ਜਸਪਾਲ ਕਤਲ ਕਾਂਡ ਨੂੰ ਵੀ ਇਸ ਲੜੀ ਦਾ ਹੀ ਹਿੱਸਾ ਮੰਨ ਰਹੇ ਹਨ। ਉਹ ਚੀਕ-ਚੀਕ ਕੇ ਕਹਿ ਰਹੇ ਹਨ ਕਿ ਅੱਜ ਪੰਜਾਬ ਪੁਲਸ ਨੇ ‘ਮਨੁੱਖੀ ਅਧਿਕਾਰਾਂ ਦਾ ਇਕ ਹੋਰ ਕਤਲ’ ਕਰ ਦਿੱਤਾ ਹੈ।


jasbir singh

News Editor

Related News