ਪੰਜਾਬ ਪੁਲਸ ਬਾਰੇ ਵੱਡਾ ਖ਼ੁਲਾਸਾ: ਖ਼ੁਦ ਅਧਿਕਾਰੀ ਨੇ ਕਰੀਬ 10 ਪੁਲਸ ਮੁਲਾਜ਼ਮਾਂ ਨੂੰ ਬਣਾ ਦਿੱਤਾ ਚਿੱਟੇ ਦਾ ਆਦੀ

Sunday, May 08, 2022 - 06:45 PM (IST)

ਪੰਜਾਬ ਪੁਲਸ ਬਾਰੇ ਵੱਡਾ ਖ਼ੁਲਾਸਾ: ਖ਼ੁਦ ਅਧਿਕਾਰੀ ਨੇ ਕਰੀਬ 10 ਪੁਲਸ ਮੁਲਾਜ਼ਮਾਂ ਨੂੰ ਬਣਾ ਦਿੱਤਾ ਚਿੱਟੇ ਦਾ ਆਦੀ

ਫਿਲੌਰ (ਭਾਖੜੀ)– ਪੰਜਾਬ ਪੁਲਸ ਅਕੈਡਮੀ ਫਿਲੌਰ ਵਿਚ ਨਸ਼ੇ ਦੇ ਵੱਡੇ ਨੈੱਟਵਰਕ ਦਾ ਖ਼ੁਲਾਸਾ ‘ਜਗ ਬਾਣੀ’ ਵੱਲੋਂ ਕੀਤਾ ਗਿਆ ਹੈ, ਜਿਸ ਤੋਂ ਬਾਅਦ ਮਾਮਲਾ ਪੰਜਾਬ ਪੁਲਸ ਦੇ ਆਲਾ ਅਧਿਕਾਰੀਆਂ ਤਕ ਪਹੁੰਚ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਜਾਂਚ ਵੀ ਸ਼ੁਰੂ ਹੋ ਗਈ ਹੈ, ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਨਵੇਂ ਖ਼ੁਲਾਸੇ ਹੋ ਰਹੇ ਹਨ। ਖ਼ਬਰ ਮਿਲ ਰਹੀ ਹੈ ਕਿ ਅਕੈਡਮੀ ਦੇ ਅੰਦਰ ਤਾਇਨਾਤ ਪੁਲਸ ਦਾ ਆਲਾ ਅਧਿਕਾਰੀ ਹੀ ਪੁਲਸ ਮੁਲਾਜ਼ਮਾਂ ਨੂੰ ਨਸ਼ੇ ਦਾ ਆਦੀ ਬਣਾ ਰਿਹਾ ਸੀ, ਜਿਸ ਦੇ ਬਦਲੇ ਉਹ ਲੱਖਾਂ ਰੁਪਏ ਵੀ ਵਸੂਲ ਰਿਹਾ ਸੀ। ਇਸ ਗੱਲ ਦਾ ਖ਼ੁਲਾਸਾ ਜਾਂਚ ਕਰ ਰਹੇ ਪੁਲਸ ਅਧਿਕਾਰੀਆਂ ਸਾਹਮਣੇ ਹੋਇਆ ਹੈ, ਜਿਸ ਤੋਂ ਬਾਅਦ ਪੁਲਸ ਅਕੈਡਮੀ ਵਿਚ ਹੰਗਾਮਾ ਮਚ ਗਿਆ। ਇਸ ਨਸ਼ੇ ਦੇ ਸੌਦਾਗਰ ਪੁਲਸ ਅਧਿਕਾਰੀ ਨੇ ਨਾ ਸਿਰਫ਼ ਲੱਖਾਂ ਰੁਪਏ ਵਸੂਲੇ, ਸਗੋਂ ਕਿੰਨੇ ਹੀ ਪੁਲਸ ਮੁਲਾਜ਼ਮਾਂ ਨੂੰ ਕਰਜ਼ੇ ਵਿਚ ਡੁਬੋ ਦਿੱਤਾ। ਹਾਲਾਤ ਇੰਨੇ ਖ਼ਰਾਬ ਹਨ ਕਿ ਇਨ੍ਹਾਂ ਡਰੱਗਜ਼ ਕਾਰਨ ਹੀ ਹਸਪਤਾਲ ਵਿਚ ਇਕ ਪੁਲਸ ਮੁਲਾਜ਼ਮ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਖ਼ੁਲਾਸੇ ਨਾਲ ਪੁਲਸ ਅਧਿਕਾਰੀਆਂ ਦੇ ਵੀ ਉੱਡ ਗਏ ਹੋਸ਼
‘ਜਗ ਬਾਣੀ’ ਵੱਲੋਂ ਪੁਲਸ ਅਕੈਡਮੀ ਫਿਲੌਰ ਵਿਚ ਫੈਲੇ ਨਸ਼ੇ ਦੇ ਨੈੱਟਵਰਕ ਦੀ ਖ਼ਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ, ਜਿਸ ਤੋਂ ਬਾਅਦ ਇਸ ਗੱਲ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਪੰਜਾਬ ਦੇ ਕੋਲ ਵੀ ਪਹੁੰਚ ਗਈ ਹੈ। ਮਾਮਲਾ ਕਿਉਂਕਿ ਪੁਲਸ ਨਾਲ ਜੁੜਿਆ ਹੋਇਆ ਹੈ, ਇਸ ਲਈ ਮਹਿਕਮੇ ਵਿਚ ਅੰਦਰਖ਼ਾਤੇ ਜਾਂਚ ਕਰਵਾਈ ਜਾ ਰਹੀ ਹੈ। ਇਸ ਮਾਮਲੇ ਵਿਚ ਜੋ ਮੁੱਢਲੀ ਜਾਂਚ ਅਜੇ ਤਕ ਹੋਈ ਹੈ, ਉਸ ਵਿਚ ‘ਜਗ ਬਾਣੀ’ ਦੀਆਂ ਇਨ੍ਹਾਂ ਖ਼ਬਰਾਂ ਨੂੰ ਸਹੀ ਪਾਇਆ ਗਿਆ ਹੈ, ਜਿਸ ਤੋਂ ਬਾਅਦ ਜਾਂਚ ਦਾ ਘੇਰਾ ਹੋਰ ਵਧਾ ਦਿੱਤਾ ਗਿਆ ਹੈ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਸ ਅਕੈਡਮੀ ਵਿਚ ਤਾਇਨਾਤ ਕਈ ਮੁਲਾਜ਼ਮ ਇਸ ਡਰੱਗਜ਼ ਨੈੱਟਵਰਕ ਦਾ ਸ਼ਿਕਾਰ ਹੋ ਗਏ ਹਨ। ਅਜਿਹੇ ਪੁਲਸ ਮੁਲਾਜ਼ਮਾਂ ਦੀ ਸੂਚੀ ਵੀ ਤਿਆਰ ਹੋਣੀ ਸ਼ੁਰੂ ਹੋ ਗਈ ਹੈ। ਇਸ ਪੂਰੇ ਖ਼ੁਲਾਸੇ ਤੋਂ ਬਾਅਦ ਪੁਲਸ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ ਹਨ।

ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਵਿਖੇ ਘਰ 'ਚੋਂ ਮਿਲੀਆਂ ਪਿਓ-ਪੁੱਤ ਦੀਆਂ ਲਾਸ਼ਾਂ, ਫ਼ੈਲੀ ਸਨਸਨੀ

ਸਿਪਾਹੀ ਦੇ ਬਿਆਨ ’ਚ ਸਨਸਨੀਖੇਜ਼ ਖ਼ੁਲਾਸੇ
ਜਾਂਚ ਕਰ ਰਹੇ ਅਧਿਕਾਰੀਆਂ ਨੇ ਇਕ ਸਿਪਾਹੀ ਰੈਂਕ ਦੇ ਪੁਲਸ ਮੁਲਾਜ਼ਮ ਨੂੰ ਲੱਭਿਆ ਹੈ, ਜੋ ਅਕੈਡਮੀ ਦੇ ਨਸ਼ੇ ਦੇ ਸੌਦਾਗਰ ਪੁਲਸ ਅਧਿਕਾਰੀ ਦੇ ਚੰਗੁਲ ਵਿਚ ਫਸਿਆ ਹੋਇਆ ਸੀ। ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਇਸ ਸਿਪਾਹੀ ਨੇ ਸਨਸਨੀਖੇਜ਼ ਖ਼ੁਲਾਸੇ ਕੀਤੇ ਹਨ। ਉਸ ਨੇ ਕਿਹਾ ਹੈ ਕਿ ਪੁਲਸ ਅਕੈਡਮੀ ਵਿਚ ਉਸ ਦੇ ਸੀਨੀਅਰ ਰੈਂਕ ਦੇ ਇਕ ਅਧਿਕਾਰੀ ਵੱਲੋਂ ਪਿਛਲੇ 4 ਸਾਲਾਂ ਤੋਂ ਨਸ਼ੇ ਦਾ ਨੈੱਟਵਰਕ ਚਲਾਇਆ ਜਾ ਰਿਹਾ ਹੈ। ਉਹ ਜਿੱਥੇ ਖ਼ੁਦ ਨਸ਼ੇ ਦੀ ਵਰਤੋਂ ਕਰਦਾ ਹੈ, ਉੱਥੇ ਹੀ ਪੁਲਸ ਮੁਲਾਜ਼ਮਾਂ ਨੂੰ ਇਸ ਦਾ ਆਦੀ ਬਣਾ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਵੀ ਕਮਾਉਂਦਾ ਹੈ। ਕੁਝ ਅਫ਼ਸਰਾਂ ਦਾ ਚਹੇਤਾ ਹੋਣ ਕਾਰਨ ਨਾ ਤਾਂ ਉਸ ਦੇ ਵਿਰੁੱਧ ਕੋਈ ਆਵਾਜ਼ ਚੁੱਕਣ ਦੀ ਹਿੰਮਤ ਕਰਦਾ ਹੈ ਅਤੇ ਨਾ ਹੀ ਉਸ ਦੇ ਵਿਰੁੱਧ ਕੋਈ ਕਾਰਵਾਈ ਹੋ ਰਹੀ ਹੈ।
ਉਸ ਨੇ ਖ਼ੁਲਾਸਾ ਕੀਤਾ ਕਿ ਉਸ ਦੇ ਵਰਗੇ ਅਕੈਡਮੀ ਵਿਚ 8 ਤੋਂ 10 ਪੁਲਸ ਮੁਲਾਜ਼ਮ ਹੋਰ ਵੀ ਹਨ, ਜੋ ਨਸ਼ੇ ਦੀ ਭੈੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ।

PunjabKesari

ਇੰਝ ਫਸਾਉਂਦਾ ਸੀ ਸੀਨੀਅਰ ਦੂਜੇ ਪੁਲਸ ਮੁਲਾਜ਼ਮਾਂ ਨੂੰ ਨਸ਼ੇ ਦੇ ਜਾਲ ’ਚ
ਨਸ਼ੇ ਦੀ ਭੈੜੀ ਆਦਤ ਦਾ ਸ਼ਿਕਾਰ ਹੋਏ ਪੁਲਸ ਮੁਲਾਜ਼ਮ ਨੇ ਦੱਸਿਆ ਕਿ ਸਾਲ 2016 ਤੋਂ ਉਹ ਪੀ. ਪੀ. ਏ. ਫਿਲੌਰ ਵਿਚ ਕੰਮ ਕਰ ਰਿਹਾ ਹੈ। 2017 ਵਿਚ ਉਸ ਦੀ ਪਛਾਣ ਉਸੇ ਅਕੈਡਮੀ ਵਿਚ ਤਾਇਨਾਤ ਆਪਣੇ ਸੀਨੀਅਰ ਅਧਿਕਾਰੀ ਨਾਲ ਹੋਈ। ਉਸ ਸੀਨੀਅਰ ਅਧਿਕਾਰੀ ਨਾਲ ਜਦੋਂ ਉਹ 31 ਦਸੰਬਰ ਨੂੰ ਡਲਹੌਜ਼ੀ ਜਾ ਰਿਹਾ ਸੀ ਤਾਂ ਉਸ ਨੇ ਰਸਤੇ ਵਿਚ ਨਸ਼ੀਲੇ ਪਾਊਡਰ ਦੀ ਪੁੜੀ ਕੱਢ ਕੇ ਉਸ ਨੂੰ ਆਫ਼ਰ ਕੀਤੀ। ਅਧਿਕਾਰੀ ਨੇ ਖ਼ੁਦ ਵੀ ਨਸ਼ਾ ਕੀਤਾ ਅਤੇ ਉਸ ਨੂੰ ਵੀ ਕਰਨ ਲਈ ਕਿਹਾ ਪਰ ਇਨਕਾਰ ਕਰਨ ’ਤੇ ਉਹ ਅਧਿਕਾਰੀ ਇਸ ਨਸ਼ੇ ਵਾਲੇ ਪਾਊਡਰ ਦਾ ਗੁਣਗਾਣ ਕਰਨ ਲੱਗਾ। ਸੀਨੀਅਰ ਅਧਿਕਾਰੀ ਹੋਣ ਕਾਰਨ ਅਤੇ ਵਾਰ-ਵਾਰ ਆਫ਼ਰ ਕਰਨ ਕਰਕੇ ਉਸ ਨੇ ਵੀ ਇਸ ਦਾ ਸਵਾਦ ਚੱਖ ਲਿਆ, ਜਦੋਂਕਿ ਇਸ ਤੋਂ ਪਹਿਲਾਂ ਉਸ ਨੇ ਕਦੇ ਵੀ ਕਿਸੇ ਨਸ਼ੇ ਨੂੰ ਹੱਥ ਨਹੀਂ ਲਾਇਆ ਸੀ। ਡਲਹੌਜ਼ੀ ਤੋਂ ਵਾਪਸ ਆਉਣ ਤੋਂ ਬਾਅਦ ਉਹ ਉਕਤ ਅਧਿਕਾਰੀ ਅਧੀਨ ਕੰਮ ਕਰ ਰਿਹਾ ਸੀ ਤਾਂ ਅਕਸਰ ਉਸ ਨਾਲ ਮੁਲਾਕਾਤ ਹੁੰਦੀ ਰਹਿੰਦੀ ਸੀ। ਜਦੋਂ ਵੀ ਉਹ ਉਕਤ ਅਧਿਕਾਰੀ ਨੂੰ ਮਿਲਦਾ ਤਾਂ ਉਹ ਉਸ ਨੂੰ ਇਹ ਨਸ਼ੇ ਵਾਲੇ ਪਦਾਰਥ ਜ਼ਰੂਰ ਦਿੰਦਾ। ਹੌਲੀ-ਹੌਲੀ ਉਹ ਇਸ ਨਸ਼ੇ ਦੀ ਭੈੜੀ ਆਦਤ ਵਿਚ ਫਸ ਗਿਆ ਅਤੇ ਇਹ ਨਸ਼ਾ ਉਸ ਦੀ ਖੁਰਾਕ ਬਣਨ ਲੱਗਾ।

ਇਹ ਵੀ ਪੜ੍ਹੋ: 'ਨਿੰਬੂ' ਨੇ ਮੁਸੀਬਤ 'ਚ ਪਾਇਆ ਕਪੂਰਥਲਾ ਜੇਲ੍ਹ ਦਾ ਸੁਪਰਡੈਂਟ, ਹੋਇਆ ਸਸਪੈਂਡ, ਜਾਣੋ ਪੂਰਾ ਮਾਮਲਾ

ਚਿੱਟੇ ਦੇ ਬਦਲੇ ਅਧਿਕਾਰੀ ਨੂੰ ਦਿੱਤੇ 12 ਲੱਖ ਰੁਪਏ
ਜਦੋਂ ਉਹ ਪੂਰੀ ਤਰ੍ਹਾਂ ਨਸ਼ੇ ਦਾ ਆਦੀ ਹੋ ਗਿਆ ਤਾਂ ਉਕਤ ਅਧਿਕਾਰੀ ਨੇ ਉਸ ਨੂੰ ਮਿਲਣਾ ਬੰਦ ਕਰ ਦਿੱਤਾ। ਜਦੋਂ ਉਸ ਨੇ ਨਸ਼ਾ ਨਾ ਮਿਲਣ ਕਾਰਨ ਹੋ ਰਹੀ ਬੁਰੀ ਹਾਲਤ ਨੂੰ ਅਧਿਕਾਰੀ ਦੇ ਸਾਹਮਣੇ ਬਿਆਨ ਕੀਤਾ ਤਾਂ ਉਸ ਨੇ ਸਾਫ਼ ਕਹਿ ਦਿੱਤਾ ਕਿ ਉਹ ਉਸ ਨੂੰ ਮੁਫ਼ਤ ’ਚ ਨਸ਼ਾ ਨਹੀਂ ਦੇ ਸਕਦਾ। ਜੇ ਉਸ ਨੂੰ ਡਰੱਗਜ਼ ਚਾਹੀਦੀ ਹੈ ਤਾਂ ਉਹ ਪੈਸਿਆਂ ਦਾ ਇੰਤਜ਼ਾਮ ਕਰ ਲਵੇ। ਸਿਪਾਹੀ ਨੇ ਬਿਆਨ ਵਿੱਚ ਕਿਹਾ ਹੈ ਕਿ ਉਸ ਨੇ 2017 ਤੋਂ ਬਾਅਦ ਲੱਗੀ ਇਸ ਭੈੜੀ ਆਦਤ ਕਾਰਨ ਲਗਭਗ 12 ਲੱਖ ਰੁਪਏ ਦਾ ਚਿੱਟਾ ਉਕਤ ਅਧਿਕਾਰੀ ਤੋਂ ਖ਼ਰੀਦ ਕੇ ਪੀਤਾ ਹੈ, ਜਿਸ ਦੇ ਲਈ ਉਸ ਨੇ ਬੈਂਕ ਖ਼ਾਤਿਆਂ ’ਚੋਂ ਵੀ ਅਧਿਕਾਰੀ ਨੂੰ ਪੇਮੈਂਟ ਕੀਤੀ ਹੈ। ਉਸ ਦੀ ਪੂਰੀ ਤਨਖ਼ਾਹ ਨਸ਼ੇ ਵਿਚ ਹੀ ਜਾਣ ਲੱਗੀ ਅਤੇ ਘਰ ਦੀ ਹਾਲਤ ਵੀ ਖ਼ਰਾਬ ਹੋਣ ਲੱਗੀ।

ਚਿੱਟੇ ਲਈ ਲਿਆ ਪਰਸਨਲ ਲੋਨ
ਨਸ਼ਾ ਲੈਣ ਲਈ ਖ਼ੁਦ ਉਕਤ ਪੁਲਸ ਅਧਿਕਾਰੀ ਨੇ ਉਸ ਨੂੰ ਬੈਂਕ ਲੋਨ ਵੀ ਲੈ ਕੇ ਦਿੱਤਾ। ਸਿਪਾਹੀ ਨੇ ਕਿਹਾ ਕਿ ਉਸ ਨੇ 3.30 ਲੱਖ ਰੁਪਏ ਦਾ ਪਰਸਨਲ ਲੋਨ ਲਿਆ, ਜਿਸ ਦਾ ਪੂਰਾ ਭੁਗਤਾਨ ਉਕਤ ਪੁਲਸ ਅਧਿਕਾਰੀ ਨੂੰ ਕੀਤਾ ਗਿਆ। ਇਸ ਤੋਂ ਬਾਅਦ ਸ਼ਹਿਰ ਦੀ ਇਕ ਪ੍ਰਾਈਵੇਟ ਫਾਈਨਾਂਸ ਕੰਪਨੀ ਤੋਂ 1 ਲੱਖ ਰੁਪਏ ਦਾ ਲੋਨ ਲਿਆ, ਜਿਸ ਵਿਚ ਗਵਾਹੀ ਉਕਤ ਪੁਲਸ ਅਧਿਕਾਰੀ ਨੇ ਹੀ ਦਿੱਤੀ। ਇਹੀ ਨਹੀਂ, ਸਿਪਾਹੀ ਨੇ ਆਪਣੇ ਬਿਆਨਾਂ ਵਿਚ ਕਿਹਾ ਕਿ ਉਸ ਤੋਂ ਬਾਅਦ ਉਸ ਨੇ ਆਪਣੀ ਮਾਂ ਦੇ ਬੈਂਕ ਖ਼ਾਤਿਆਂ ’ਚੋਂ ਵੀ ਪੈਸੇ ਕੱਢ ਕੇ ਉਕਤ ਅਧਿਕਾਰੀ ਨੂੰ ਦਿੱਤੇ, ਜਿਸ ਦੇ ਬਦਲੇ ਉਸ ਨੇ ਉਸ ਨੂੰ ਚਿੱਟਾ ਮੁਹੱਈਆ ਕਰਵਾਇਆ।

ਇਹ ਵੀ ਪੜ੍ਹੋ: ਰੂਪਨਗਰ: ਭਾਖ਼ੜਾ ਨਹਿਰ ’ਚ ਕਾਰ ਸੁੱਟਣ ਵਾਲੇ ਦੀ ਲਾਸ਼ ਤੇ ਕਾਰ ਬਰਾਮਦ, ਚਾਲਕ ਨੇ ਕੀਤੀ ਸੀ ਖ਼ੁਦਕੁਸ਼ੀ

ਡੀ. ਜੀ. ਪੀ. ਖ਼ੁਦ ਰੱਖ ਰਹੇ ਮਾਮਲੇ ’ਤੇ ਨਜ਼ਰ
ਖ਼ਬਰ ਮਿਲੀ ਹੈ ਕਿ ਫਿਲੌਰ ਅਕੈਡਮੀ ਵਿਚ ਇਸ ਖੁਲਾਸੇ ਤੋਂ ਬਾਅਦ ਖ਼ੁਦ ਡੀ. ਜੀ. ਪੀ. ਪੰਜਾਬ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਮਾਮਲੇ ਦੀ ਤਹਿ ਤਕ ਜਾਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਖ਼ਬਰ ਤਾਂ ਇਹ ਵੀ ਆ ਰਹੀ ਹੈ ਕਿ ਸੋਮਵਾਰ ਨੂੰ ਡੀ. ਜੀ. ਪੀ. ਫਿਲੌਰ ਅਕੈਡਮੀ ਵਿਚ ਆ ਸਕਦੇ ਹਨ। ਸੰਭਾਵਨਾ ਇਹ ਵੀ ਪ੍ਰਗਟਾਈ ਜਾ ਰਹੀ ਹੈ ਕਿ ਅਕੈਡਮੀ ਵਿਚ ਚੱਲ ਰਹੇ ਇਸ ਨਸ਼ੇ ਦੇ ਧੰਦੇ ਦੇ ਨਾਲ-ਨਾਲ ਕਈ ਹੋਰ ਬੇਨਿਯਮੀਆਂ ਨੂੰ ਲੈ ਕੇ ਵੀ ਡੀ. ਜੀ. ਪੀ. ਦੇ ਸਾਹਮਣੇ ਮਾਮਲਾ ਉਠਾਇਆ ਜਾ ਸਕਦਾ ਹੈ। ਜਾਣਕਾਰ ਤਾਂ ਇਹ ਵੀ ਦੱਸ ਰਹੇ ਹਨ ਕਿ ਡੀ. ਜੀ. ਪੀ. ਨੂੰ ਇਸ ਸਬੰਧੀ ਸਰਕਾਰ ਵੱਲੋਂ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ ਕਿਉਂਕਿ ਡਰੱਗਜ਼ ਨੂੰ ਰੋਕਣ ਵਾਲੀ ਪੁਲਸ ਹੀ ਜਦੋਂ ਖੁਦ ਡਰੱਗਜ਼ ਦਾ ਸ਼ਿਕਾਰ ਹੋਣ ਲੱਗੇਗੀ ਤਾਂ ਇਸ ’ਤੇ ਕਾਬੂ ਪਾਉਣਾ ਕਿਵੇਂ ਸੰਭਵ ਹੋ ਸਕੇਗਾ।

ਮੌਤ ਨਾਲ ਜੰਗ ਲੜ ਰਿਹੈ ਪੁਲਸ ਮੁਲਾਜ਼ਮ
ਉਕਤ ਸਿਪਾਹੀ ਦੇ ਨਾਲ-ਨਾਲ ਇਕ ਹੋਰ ਹੌਲਦਾਰ ਪੱਧਰ ਦਾ ਪੁਲਸ ਮੁਲਾਜ਼ਮ ਵੀ ਇਸ ਚਿੱਟੇ ਕਾਰਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਜਾਣਕਾਰੀ ਅਨੁਸਾਰ ਉਕਤ ਮੁਲਾਜ਼ਮ ਨਸ਼ੇ ਦੀ ਓਵਰਡੋਜ਼ ਕਾਰਨ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਹੈ, ਜਿੱਥੇ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ। ਇਸ ਮੁਲਾਜ਼ਮ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਡਾਕਟਰਾਂ ਨੂੰ ਦਵਾਈ ਦੇ ਇੰਜੈਕਸ਼ਨ ਦੇਣ ਲਈ ਵੀ ਨਸਾਂ ਨਹੀਂ ਮਿਲ ਰਹੀਆਂ ਕਿਉਂਕਿ ਜ਼ਿਆਦਾਤਰ ਨਸਾਂ ਡਰੱਗਜ਼ ਦੇ ਇੰਜੈਕਸ਼ਨ ਕਾਰਨ ਡੈਮੇਜ ਹੋ ਚੁੱਕੀਆਂ ਹਨ। ਇਹ ਮੁਲਾਜ਼ਮ ਪਿਛਲੇ ਕੁਝ ਦਿਨਾਂ ਤੋਂ ਕੋਮਾ ਵਿਚ ਹੈ ।

ਕਦੇ ਵੀ ਦਰਜ ਹੋ ਸਕਦਾ ਹੈ ਮਾਮਲਾ
ਸੂਤਰਾਂ ਤੋਂ ਖ਼ਬਰ ਮਿਲੀ ਹੈ ਕਿ ਇਸ ਪੂਰੇ ਮਾਮਲੇ ਵਿਚ ਨਸ਼ੇ ਦਾ ਸੌਦਾਗਰ ਪੁਲਸ ਅਧਿਕਾਰੀ ਟਾਰਗੈੱਟ ’ਤੇ ਹੈ ਅਤੇ ਇਸ ’ਤੇ ਕਿਸੇ ਸਮੇਂ ਵੀ ਐਕਸ਼ਨ ਹੋ ਸਕਦਾ ਹੈ। ਖ਼ਬਰ ਮਿਲੀ ਹੈ ਕਿ ਆਲਾ ਪੁਲਸ ਅਧਿਕਾਰੀਆਂ ਵੱਲੋਂ ਜਾਂਚ ਤੋਂ ਬਾਅਦ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਪੱਤਰ ਲਿਖਣ ਜਾ ਰਹੀ ਹੈ, ਜਿਸ ਵਿਚ ਉਕਤ ਨਸ਼ੇ ਦੇ ਸੌਦਾਗਰ ਅਧਿਕਾਰੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਸਿਫ਼ਾਰਿਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਕਪੂਰਥਲਾ ਦੇ ਇਕੋ ਸਕੂਲ ਦੇ ਦੋ ਬੱਚਿਆਂ ਨੇ 5ਵੀਂ ਜਮਾਤ 'ਚ ਸੂਬੇ 'ਚੋਂ ਹਾਸਲ ਕੀਤਾ ਦੂਜਾ ਤੇ ਤੀਜਾ ਸਥਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News