ਪਟਿਆਲਾ ਹਿੰਸਾ ਮਾਮਲੇ ''ਚ ਮਨਜਿੰਦਰ ਸਿਰਸਾ ਤੋਂ ਪੁੱਛਗਿਛ ਕਰ ਸਕਦੀ ਹੈ ਪੰਜਾਬ ਪੁਲਸ
Thursday, May 05, 2022 - 10:24 PM (IST)

ਪਟਿਆਲਾ (ਬਲਜਿੰਦਰ) : ਬੀਤੇ ਦਿਨੀਂ ਸ਼੍ਰੀ ਕਾਲੀ ਮਾਤਾ ਮੰਦਰ ’ਤੇ ਕਥਿਤ ਤੌਰ ’ਤੇ ਹੋਏ ਹਮਲੇ ਦੇ ਮਾਮਲੇ ’ਚ ਪੰਜਾਬ ਪੁਲਸ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੋਂ ਪੁੱਛਗਿਛ ਕਰ ਸਕਦੀ ਹੈ। ਪੁਲਸ ਨੂੰ ਬਰਜਿੰਦਰ ਸਿੰਘ ਪਰਵਾਨਾ ਅਤੇ ਮਨਜਿੰਦਰ ਸਿੰਘ ਸਿਰਸਾ ਦੀਆਂ ਨਜ਼ਦੀਕੀਆਂ ਦਾ ਸ਼ੱਕ ਹੈ। ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ, ਜਿਸ ’ਚ ਮਨਜਿੰਦਰ ਸਿੰਘ ਸਿਰਸਾ ਅਤੇ ਬਰਜਿੰਦਰ ਸਿੰਘ ਪਰਵਾਨਾ ਕਥਿਤ ਤੌਰ ’ਤੇ ਇਕੱਠੇ ਵਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ: ਚਰਚਾ ਦਾ ਵਿਸ਼ਾ ਬਣਿਆ ਜਲੰਧਰ ਦੇ ਥਾਣੇ 'ਚ ਹੋਇਆ ਵਿਆਹ, ਪੁਲਸ ਵਾਲੇ ਬਣੇ ਗਵਾਹ
ਗੌਰਤਲਬ ਹੈ ਕਿ ਪਿਛਲੇ ਸਾਲ ਮਨਜਿੰਦਰ ਸਿੰਘ ਸਿਰਸਾ ਨੇ ਪਰਵਾਨਾ ਦੇ ਹੱਕ ’ਚ ਅਵਾਜ਼ ਚੁੱਕੀ ਸੀ ਕਿ ਪਟਿਆਲਾ ਪੁਲਸ ਬਰਜਿੰਦਰ ਪਰਵਾਨਾ ’ਤੇ ਕੋਈ ਵੱਡਾ ਐਕਟ ਲਗਾ ਸਕਦੀ ਹੈ। ਪੁਲਸ ਵੱਲੋਂ ਦੋਵਾਂ ਦਾ ਪੁਰਾਣਾ ਰਿਕਾਰਡ ਖੰਘਾਲਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਪਟਿਆਲਾ ਪੁਲਸ ਸਿਰਸਾ ਤੋਂ ਇਸ ਮਾਮਲੇ ’ਚ ਪੁੱਛਗਿੱਛ ਕਰ ਸਕਦੀ ਹੈ। ਮਨਜਿੰਦਰ ਸਿੰਘ ਸਿਰਸਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿਚ ਸਨ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਜੇਕਰ ਪੁਲਸ ਸਿਰਸਾ ਤੋਂ ਪੁੱਛਗਿਛ ਕਰਦੀ ਹੈ ਤਾਂ ਇਹ ਕਾਫ਼ੀ ਜ਼ਿਆਦਾ ਅਹਿਮ ਮਾਮਲਾ ਹੋਵੇਗਾ।
ਇਹ ਵੀ ਪੜ੍ਹੋ: ਹਿੰਦੀ ਰਾਸ਼ਟਰ ਭਾਸ਼ਾ ਨਹੀਂ, ਦੇਸ਼ ਨੂੰ ਜੋੜਣ ਦਾ ਸਾਧਨ ਬਣ ਸਕਦੀ ਹੈ
ਉਧਰ ਵਾਇਰਲ ਵੀਡੀਓ 'ਤੇ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਸਿਰਸਾ ਨੇ ਆਮ ਆਦਮੀ ਪਾਰਟੀ 'ਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ 2020 ਦਾ ਟਵੀਟ ਅਤੇ ਵੀਡੀਓ ਵਾਇਰਲ ਕਰਕੇ ਮੈਨੂੰ 'ਤੇ ਸਵਾਲ ਚੁੱਕੇ ਜਾ ਰਹੇ ਹਨ। ਸਿਰਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਚੰਗੀ ਗੱਲ ਹੁੰਦੀ ਜੇ ਤੁਹਾਡੀ ਪਾਰਟੀ ਦੇ ਲੋਕ ਹੋਰਾਂ ਨੂੰ ਦੱਸਦੇ ਕਿ ਵੇਖੋ ਮਨਜਿੰਦਰ ਸਿਰਸਾ ਸਿੱਖਾਂ ਨਾਲ ਹੋ ਰਹੀ ਬੇਇਨਸਾਫ਼ੀ ਖ਼ਿਲਾਫ਼ ਖੜ੍ਹਦਾ ਹੈ। 'ਆਪ' 'ਤੇ ਵੱਡੇ ਇਲਜ਼ਾਮ ਲਗਾਉਂਦਿਆਂ ਸਿਰਸਾ ਨੇ ਕਿਹਾ ਕਿ ਪਟਿਆਲਾ ਹਿੰਸਾ ਤੁਹਾਡੀ ਨਾਕਾਮੀ ਹੈ, ਤੁਹਾਨੂੰ ਇਸ ਸਬੰਧੀ ਤਿੰਨ ਦਿਨ ਪਹਿਲਾਂ ਹੀ ਪਤਾ ਸੀ। ਤੁਸੀਂ ਇਸ ਮਾਮਲੇ ਦੀ ਜਿੰਨੀ ਘੋਖ ਕਰਨੀ ਹੈ ਕਰੋ, ਮੈਂ ਹਮੇਸ਼ਾ ਸਿੱਖਾਂ ਲਈ ਲੜਦਾ ਰਹਾਂਗਾ।
ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ