ਕਪੂਰਥਲਾ ’ਚ ਪੰਜਾਬ ਪੁਲਸ ਦੀ ਧੱਕੇਸ਼ਾਹੀ, ਵੀਡੀਓ ’ਚ ਵੇਖੋ ਕਿਵੇਂ ਰੇਹੜੀ ਨੂੰ ਲੱਤਾਂ ਮਾਰ ਚੁੱਕ-ਚੁੱਕ ਸੁੱਟੀਆਂ ਸਬਜ਼ੀਆਂ
Wednesday, May 05, 2021 - 04:43 PM (IST)
ਕਪੂਰਥਲਾ— ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸੇ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਮਿੰਨੀ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ ਅਤੇ ਬਿਨਾਂ ਵਜ੍ਹਾ ਘੁੰਮਣ ਵਾਲਿਆਂ ਖ਼ਿਲਾਫ਼ ਪੁਲਸ ਸਖ਼ਤ ਕਾਰਵਾਈ ਕਰ ਰਹੀ ਹੈ। ਉਥੇ ਹੀ ਇਸੇ ਦਰਿਮਆਨ ਪੰਜਾਬ ਪੁਲਸ ਦੀ ਇਕ ਵਾਰ ਫਿਰ ਤੋਂ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ। ਕਪੂਰਥਲਾ ਵਿਖੇ ਗਸ਼ਤ ’ਤੇ ਨਿਕਲੇ ਪੰਜਾਬ ਪੁਲਸ ਮੁਲਾਜ਼ਮਾਂ ਨੇ ਰੇਹੜੀ ਵਾਲਿਆਂ ਦੀਆਂ ਸਬਜ਼ੀਆਂ ਚੁੱਕ-ਚੁੱਕ ਕੇ ਸੁੱਟ ਦਿੱਤੀਆਂ।
ਇਹ ਵੀ ਪੜ੍ਹੋ : ਕੋਵਿਡ ਟੈਸਟ ਰਿਪੋਰਟ ਜ਼ਰੂਰੀ ਨਹੀਂ: ਹੁਣ ਇੰਝ ਮਿਲ ਰਹੀ ਹੈ ਹਿਮਾਚਲ ਵਿਚ ਯਾਤਰੀਆਂ ਨੂੰ ਐਂਟਰੀ
ਕਪੂਰਥਲਾ ਵਿਖੇ ਐੱਸ. ਐੱਚ. ਓ. ਨਵਦੀਪ ਸਿੰਘ ਵੱਲੋਂ ਕੀਤੀ ਗਈ ਇਸ ਗੁੰਡਾਗਰਦੀ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਬਿਲਕੁਲ ਸਾਫ਼ ਦਿੱਸ ਰਿਹਾ ਹੈ ਕਿ ਕਿਵੇਂ ਗੱਡੀ ਵਿਚੋਂ ਐੱਸ. ਐੱਚ. ਓ. ਬਾਹਰ ਨਿਕਲਦੇ ਹਨ ਅਤੇ ਸਬਜ਼ੀ ਲਗਾ ਕੇ ਬੈਠੇ ਇਕ ਰੇਹੜੀ ਵਾਲੇ ਦੀ ਰੇਹੜੀ ਲੱਤਾਂ ਮਾਰਦੇ ਹੋਏ ਸਬਜ਼ੀਆਂ ਹੇਠਾਂ ਸੁੱਟ ਦਿੰਦੇ ਹਨ।
ਕਪੂਰਥਲਾ ਵਿਖੇ ਸੀਨੀਅਰ ਪੁਲਸ ਅਧਿਕਾਰੀ ਵੱਲੋਂ ਕੀਤੀ ਗਈ ਇਹ ਹਰਕਤ ਬੇਹੱਦ ਸ਼ਰਮਨਾਕ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਐੱਸ. ਐੱਚ. ਓ. ਵੱਲੋਂ ਕੀਤੀ ਗਈ ਇਸ ਹਰਕਤ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਵੱਲੋਂ ਕੀ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਇਥੇ ਦੱਸ ਦੇਈਏ ਕਿ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 15 ਮਈ ਤੱਕ ਮਿੰਨੀ ਲਾਕਡਾਊਨ ਲਗਾਇਆ ਗਿਆ ਹੈ ਅਤੇ ਸਿਰਫ਼ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ’ਚ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਿਲੀ ਮਨਜ਼ੂਰੀ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ ਅਤੇ ਰੇਹੜੀ ਵਾਲਿਆਂ ਸਮੇਤ ਦੁਕਾਨਦਾਰਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਹਨ।
ਇਹ ਵੀ ਪੜ੍ਹੋ : ਫਗਵਾੜਾ: ਅੱਧੀ ਦਰਜਨ ਹਸਪਤਾਲਾਂ ’ਚ ਧੱਕੇ ਖਾਣ ਤੋਂ ਬਾਅਦ ਕੋਰੋਨਾ ਮਰੀਜ਼ ਨੇ ਤੜਫ਼-ਤੜਫ਼ ਕੇ ਤੋੜਿਆ ਦਮ
ਨੋਟ- ਕਪੂਰਥਲਾ ਵਿਖੇ ਐੱਸ.ਐੱਚ.ਓ. ਵੱਲੋਂ ਰੇਹੜੀ ਵਾਲੇ ਨਾਲ ਕੀਤੀ ਗਈ ਧੱਕੇਸ਼ਾਹੀ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕੁਮੈਂਟ ਕਰਕੇ ਦੱਸੋ