ਪੰਜਾਬ ਪੁਲਸ ਨੇ ਆਪਣੀ ਟੋਲ ਫ੍ਰੀ ਹੈਲਪਲਾਈਨ ਨੂੰ ਹੋਰ ਚੁਸਤ ਬਣਾਇਆ, ਡੀ.ਜੀ.ਪੀ. ਨੇ ਦਿੱਤੇ ਸਖ਼ਤ ਹੁਕਮ
Friday, Feb 17, 2023 - 12:32 PM (IST)
ਜਲੰਧਰ (ਧਵਨ) : ਪੰਜਾਬ ਪੁਲਸ ਨੇ ਆਪਣੇ ਟੋਲ ਫ੍ਰੀ ਹੈਲਪਲਾਈਨ ਨੰਬਰ 112 ਨੂੰ ਹੋਰ ਚੁਸਤ ਬਣਾ ਦਿੱਤਾ ਹੈ ਅਤੇ ਡੀ.ਜੀ.ਪੀ. ਗੌਰਵ ਯਾਦਵ ਨੇ ਹੁਕਮ ਦਿੱਤੇ ਹਨ ਕਿ ਜਿਵੇਂ ਹੀ ਹੈਲਪਲਾਈਨ ’ਤੇ ਮਦਦ ਲਈ ਕਾਲ ਆਉਂਦੀ ਹੈ, ਪੁਲਸ ਤੁਰੰਤ ਕਾਰਵਾਈ ਕਰ ਕੇ ਪ੍ਰਭਾਵਿਤ ਲੋਕਾਂ ਦੀ ਮਦਦ ਕਰੇ। ਇਸ ਟੋਲ ਫ੍ਰੀ ਹੈਲਪਲਾਈਨ ’ਤੇ ਐੱਸ.ਏ.ਐੱਸ. ਨਗਰ ਤੋਂ ਇਕ ਕਾਲ ਆਈ ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਇਕ 16 ਸਾਲਾ ਲੜਕਾ ਮਿਲਿਆ ਹੈ ਜਿਸ ਨੂੰ ਆਪਣੇ ਘਰ ਦਾ ਪਤਾ ਨਹੀਂ, ਇਸ ਲਈ ਉਸ ਦੀ ਮਦਦ ਕੀਤੀ ਜਾਵੇ। ਤੁਰੰਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਲੜਕੇ ਦੇ ਘਰ ਦਾ ਪਤਾ ਲਾਉਣਾ ਸ਼ੁਰੂ ਕਰ ਦਿੱਤਾ। ਕੁਝ ਹੀ ਸਮੇਂ ’ਚ ਪੁਲਸ ਪਾਰਟੀ ਨੇ ਲੜਕੇ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਦਿੱਤਾ। ਪਰਿਵਾਰਕ ਮੈਂਬਰਾਂ ਨੇ ਪੁਲਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਲੜਕਾ ਸਹੀ-ਸਲਾਮਤ ਵਾਪਸ ਆਇਆ ਹੈ।
ਇਹ ਵੀ ਪੜ੍ਹੋ : ਇਕ ਪਾਸੇ ਭਗਵੰਤ ਮਾਨ ਇਕੱਲੇ, ਉਨ੍ਹਾਂ ਨੂੰ ਰੋਕਣ ਲਈ ਵਿਰੋਧੀਆਂ ਦਾ ਗਠਜੋੜ : ‘ਆਪ’
ਇਸੇ ਤਰ੍ਹਾਂ ਹੁਣੇ ਜਿਹੇ ਮੋਹਾਲੀ ’ਚ ਹੈਲਪਲਾਈਨ 112 ’ਤੇ ਇਕ 9 ਸਾਲਾ ਬੱਚੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਥੋੜ੍ਹੀ ਦੇਰ ਬਾਅਦ ਹੈਲਪਲਾਈਨ ’ਤੇ ਇਕ ਹੋਰ ਕਾਲ ਆਈ ਜਿਸ ਵਿਚ ਦੱਸਿਆ ਗਿਆ ਕਿ ਇਕ ਛੋਟੀ ਬੱਚੀ ਮਿਲੀ ਹੈ। ਪੁਲਸ ਪਾਰਟੀ ਨੇ ਤੁਰੰਤ ਮੌਕੇ ’ਤੇ ਜਾ ਕੇ ਬੱਚੀ ਨਾਲ ਗੱਲਬਾਤ ਕਰ ਕੇ ਉਸ ਨੂੰ ਸਹੀ-ਸਲਾਮਤ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ। ਡੀ.ਜੀ.ਪੀ. ਨੇ ਟੋਲ ਫ੍ਰੀ ਨੰਬਰ ਦੇ ਨਾਲ ਹੀ ਪੀ.ਸੀ.ਆਰ. ਟੀਮਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਨਾਗਰਿਕਾਂ ਦੀ ਸੁਰੱਖਿਆ ਲਈ 24 ਘੰਟੇ ਮੌਜੂਦ ਰਹਿਣ ਅਤੇ ਕਿਸੇ ਵੀ ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਮੌਕੇ ’ਤੇ ਪਹੁੰਚ ਜਾਣ। ਇਸ ਨਾਲ ਆਉਣ ਵਾਲੇ ਸਮੇਂ ਵਿਚ ਅਪਰਾਧਕ ਘਟਨਾਵਾਂ ਨੂੰ ਰੋਕਣ ਵਿਚ ਮਦਦ ਮਿਲੇਗੀ। ਡੀ.ਜੀ.ਪੀ. ਦਾ ਮੰਨਣਾ ਹੈ ਕਿ ਇਸ ਵੇਲੇ ਪੰਜਾਬ ਵਿਚ ਪੀ.ਸੀ.ਆਰ. ਟੀਮਾਂ ਵੱਲੋਂ ਮੌਕੇ ’ਤੇ ਪੁੱਜਣ ਵਿਚ ਲੱਗਣ ਵਾਲੇ ਸਮੇਂ ਨੂੰ ਹੋਰ ਘਟਾ ਕੇ ਸੁਧਾਰ ਕਰਨ ਦੀ ਗੁੰਜਾਇਸ਼ ਹੈ।
ਇਹ ਵੀ ਪੜ੍ਹੋ : ਗਰਮੀ ਤੋਂ ਪਹਿਲਾਂ ਇੰਡਸਟਰੀ ’ਤੇ ਬਿਜਲੀ ਸੰਕਟ!
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।