ਸ਼ੂਟਿੰਗ ਕਰਦੇ ਸਮੇਂ ਪੁਲਸ ਦੀ AK-47 'ਚੋਂ ਨਿਕਲੀ ਗੋਲੀ ਡੇਢ ਕਿੱਲੋਮੀਟਰ ਦੂਰ ਕਿਸਾਨ ਦੀ ਛਾਤੀ ਤੋਂ ਹੋਈ ਆਰ-ਪਾਰ

Sunday, Nov 29, 2020 - 07:12 PM (IST)

ਸ਼ੂਟਿੰਗ ਕਰਦੇ ਸਮੇਂ ਪੁਲਸ ਦੀ AK-47 'ਚੋਂ ਨਿਕਲੀ ਗੋਲੀ ਡੇਢ ਕਿੱਲੋਮੀਟਰ ਦੂਰ ਕਿਸਾਨ ਦੀ ਛਾਤੀ ਤੋਂ ਹੋਈ ਆਰ-ਪਾਰ

ਫਿਲੌਰ (ਭਾਖੜੀ)— ਸ਼ੂਟਿੰਗ ਰੇਂਜ 'ਤੇ ਨਿਸ਼ਾਨੇਬਾਜ਼ੀ ਕਰਦੇ ਸਮੇਂ ਪੰਜਾਬ ਪੁਲਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ। ਪੁਲਸ ਦੀ ਏ. ਕੇ.-47 ਰਾਈਫ਼ਲ 'ਚੋਂ ਨਿਕਲੀ ਗੋਲੀ ਡੇਢ ਕਿਲੋਮੀਟਰ ਦੂਰ ਟਰੈਕਟਰ 'ਤੇ ਜਾ ਰਹੇ ਗਰੀਬ ਕਿਸਾਨ ਦੀ ਛਾਤੀ ਤੋਂ ਆਰ-ਪਾਰ ਹੋ ਗਈ। ਜ਼ਖ਼ਮੀ ਕਿਸਾਨ ਦੀ ਹਾਲਤ ਨਾਜ਼ੁਕ ਹੋਣ ਕਰਕੇ ਸੀ. ਐੱਮ. ਸੀ. ਹਸਪਤਾਲ ਲਈ ਰੈਫਰ ਕਰ ਦਿੱਤਾ ਹੈ।

ਇੰਝ ਵਾਪਰਿਆ ਇਹ ਹਾਦਸਾ
ਸੂਚਨਾ ਮੁਤਾਬਕ ਸਥਾਨਕ ਸ਼ਹਿਰ ਦੀ ਤੇਹਿੰਗ ਰੋਡ ਚਾਨ ਚੱਕ ਮੋਰੀ 'ਤੇ ਪੰਜਾਬ ਪੁਲਸ ਅਕੈਡਮੀ ਦੀ ਸ਼ੂਟਿੰਗ ਰੇਂਜ ਹੈ, ਜਿੱਥੇ ਅਕੈਡਮੀ 'ਚ ਟ੍ਰੇਨਿੰਗ 'ਤੇ ਆਏ ਪੁਲਸ ਜਵਾਨਾਂ ਨੂੰ ਸ਼ੂਟਿੰਗ ਦੇ ਗੁਰ ਸਿਖਾਏ ਜਾਂਦੇ ਹਨ। ਸ਼ਨੀਵਾਰ ਉੱਥੇ ਲੁਧਿਆਣਾ ਪੁਲਸ ਦੇ ਮਹਿਲਾ ਅਤੇ ਪੁਰਸ਼ ਅਧਿਕਾਰੀ ਸਵੇਰੇ ਸਾਢੇ 11 ਵਜੇ ਏ. ਕੇ-47 ਰਾਈਫ਼ਲ ਨਾਲ ਗੋਲੀ ਚਲਾ ਰਹੇ ਸਨ ਤਾਂ ਉਨ੍ਹਾਂ ਦੀ ਲਾਪਰਵਾਹੀ ਕਾਰਨ ਗੋਲੀਆਂ ਰੇਂਜ ਦੇ ਉੱਪਰੋਂ ਨਿਕਲ ਗਈਆਂ ਅਤੇ ਇਕ ਗੋਲੀ ਉਥੋਂ ਡੇਢ ਕਿਲੋਮੀਟਰ ਦੂਰ ਟ੍ਰੈਕਟਰ 'ਤੇ ਜਾ ਰਹੇ ਦਿਹਾੜੀਦਾਰ ਗਰੀਬ ਕਿਸਾਨ ਰਾਜ ਕੁਮਾਰ (32) ਦੀ ਛਾਤੀ ਤੋਂ ਆਰ-ਪਾਰ ਹੋ ਗਈ, ਜੋ ਖ਼ੂਨ ਨਾਲ ਲਥਪਥ ਉੱਥੇ ਹੀ ਟ੍ਰੈਕਟਰ ਤੋਂ ਡਿੱਗ ਗਿਆ, ਜਿਸ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਤੁਰੰਤ ਡੀ. ਐੱਮ. ਸੀ. ਹਸਪਤਾਲ ਰੈਫਰ ਕਰ ਦਿੱਤਾ। ਜ਼ਖ਼ਮੀ ਦੇ ਪਰਿਵਾਰ ਵਾਲਿਆਂ ਨੇ ਲਾਪਰਵਾਹੀ ਵਰਤਣ ਵਾਲੇ ਪੁਲਸ ਅਧਿਕਾਰੀਆਂ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ ਜਦੋਂਕਿ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਨੇ ਕਿਹਾ ਕਿ ਉਹ ਜ਼ਖ਼ਮੀ ਦੇ ਹਸਪਤਾਲ ਬਿਆਨ ਲੈਣ ਗਏ ਸਨ, ਜੋ ਕਿ ਬਿਆਨ ਦੇਣ ਦੇ ਕਾਬਲ ਨਹੀਂ ਸੀ। ਉਸ ਦੇ ਹੋਸ਼ 'ਚ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ: ਵਿਆਹ ਵਾਲੇ ਘਰ 'ਚ ਮਾਤਮ ਦਾ ਮਾਹੌਲ, ਦਰਦਨਾਕ ਹਾਦਸੇ 'ਚ ਨੌਜਵਾਨ ਦੀ ਹੋਈ ਮੌਤ

PunjabKesari

ਲੁਧਿਆਣਾ ਪੁਲਸ ਦੇ ਅਧਿਕਾਰੀ ਚਲਾ ਰਹੇ ਸਨ ਰੇਂਜ 'ਤੇ ਗੋਲੀਆਂ
ਇਸ ਸਬੰਧੀ ਜਦੋਂ ਅਕੈਡਮੀ ਦੇ ਰੇਂਜ ਇੰਚਾਰਜ ਸੁਖਦੇਵ ਚੰਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਸ਼ੂਟਿੰਗ ਪੰਜਾਬ ਪੁਲਸ ਅਕੈਡਮੀ ਫਿਲੌਰ ਦੀ ਹੈ, ਜਿਸ ਨੂੰ 21 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਲੁਧਿਆਣਾ ਪੁਲਸ ਨੇ 9 ਦਿਨ ਲਈ ਲੀਜ਼ 'ਤੇ ਲਿਆ ਹੋਇਆ ਹੈ, ਜਿੱਥੇ ਉਹ ਰੋਜ਼ਾਨਾ ਗੋਲੀ ਚਲਾਉਣ ਆਉਂਦੇ ਹਨ। ਸ਼ਨੀਵਾਰ ਡੀ. ਐੱਸ. ਪੀ. ਹਰਪਾਲ ਸਿੰਘ ਗਰੇਵਾਲ ਇੰਚਾਰਜ ਈ. ਓ. ਵਿੰਗ ਲੁਧਿਆਣਾ ਦੀ ਅਗਵਾਈ ਵਿਚ ਲੁਧਿਆਣਾ ਪੁਲਸ ਦੇ ਮਹਿਲਾ ਅਤੇ ਪੁਰਸ਼ ਅਧਿਕਾਰੀ ਗੋਲੀ ਚਲਾਉਣ ਦੀ ਸਿਖਲਾਈ ਲੈ ਰਹੇ ਸਨ। ਤਕਰੀਬਨ ਸਾਢੇ 11 ਵਜੇ ਉਨ੍ਹਾਂ ਦੀ ਰਾਈਫਲ 'ਚੋਂ ਚੱਲੀ ਗੋਲੀ ਕਿਸਾਨ ਨੂੰ ਜਾ ਲੱਗੀ, ਜੋ ਉਨ੍ਹਾਂ ਦੀ ਵੱਡੀ ਲਾਪਰਵਾਹੀ ਦਾ ਨਤੀਜਾ ਹੈ, ਜਿਸ ਦਾ ਖਮਿਆਜ਼ਾ ਗਰੀਬ ਕਿਸਾਨ ਅਤੇ ਉਸ ਦੇ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਰਿਸ਼ਤੇਦਾਰ ਦੇ ਅੰਤਿਮ ਸੰਸਕਾਰ 'ਤੇ ਜਾ ਰਹੇ ਪਰਿਵਾਰ ਨਾਲ ਵਾਪਰੀ ਅਣਹੋਣੀ, 2 ਦੀ ਮੌਤ

ਕਿਵੇਂ ਹੋਈ ਲੁਧਿਆਣਾ ਪੁਲਸ ਤੋਂ ਨਿਸ਼ਾਨੇਬਾਜ਼ੀ ਕਰਦੇ ਸਮੇਂ ਚੂਕ
ਪੁਲਸ ਅਕੈਡਮੀ ਦੀ ਇਸ ਰੇਂਜ 'ਤੇ ਨਿਸ਼ਾਨੇਬਾਜ਼ੀ ਕਰਦੇ ਸਮੇਂ ਕਾਫ਼ੀ ਗੱਲਾਂ ਦਾ ਸਖਤੀ ਨਾਲ ਧਿਆਨ ਰੱਖਿਆ ਜਾਂਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਖਲਾਈ ਲੈਣ ਵਾਲੇ ਪੁਲਸ ਜਵਾਨ 300 ਮੀਟਰ ਦੇ ਦਾਇਰੇ ਤੋਂ ਗੋਲੀ ਚਲਾਉਂਦੇ ਸਮੇਂ ਜ਼ਮੀਨ 'ਤੇ ਲੇਟ ਕੇ ਗੋਲੀ ਚਲਾਉਂਦੇ ਹਨ ਕਿ ਗੋਲੀ ਟਾਰਗੇਟ ਤੋਂ ਉੱਪਰ ਨਾ ਜਾ ਸਕੇ ਅਤੇ ਕਿਸੇ ਨੂੰ ਨੁਕਸਾਨ ਨਾ ਪੁੱਜੇ। ਦੂਜਾ ਜਦੋਂ 200 ਮੀਟਰ ਤੋਂ ਗੋਲੀ ਚਲਾਉਂਦੇ ਸਮੇਂ ਪੁਲਸ ਜਵਾਨ ਅੱਧਾ ਜ਼ਮੀਨ 'ਤੇ ਬੈਠ ਕੇ ਚਲਾਉਂਦਾ ਹੈ ਅਤੇ ਤੀਜਾ 100 ਮੀਟਰ ਤੋਂ ਗੋਲੀ ਚਲਾਉਂਦੇ ਸਮੇਂ ਜਵਾਨ ਖੜ੍ਹੇ ਹੋ ਕੇ ਚਲਾਉਂਦਾ ਹੈ। ਕੋਈ ਨਵਾਂ ਪੁਲਸ ਜਵਾਨ ਉਥੇ ਸਿਖਲਾਈ ਲੈਂਦਾ ਹੈ ਤਾਂ ਉਹ ਟਾਰਗੈਟ ਤੋਂ ਸਿਰਫ਼ 50 ਮੀਟਰ ਦੂਰ ਖੜ੍ਹਾ ਹੋ ਕੇ ਗੋਲੀ ਚਲਾਉਂਦਾ ਹੈ, ਜਿਵੇਂ ਕਿ ਲੁਧਿਆਣਾ ਪੁਲਸ ਦੇ ਜਵਾਨ ਚਲਾ ਰਹੇ ਸਨ। ਇੰਨੀ ਨੇੜਿਓਂ ਗੋਲੀ ਚਲਾਉਂਦੇ ਸਮੇਂ ਵੀ ਉੱਥੇ ਇੰਨੀ ਵੱਡੀ ਚੂਕ ਹੋ ਗਈ, ਜੋ ਸਿੱਧਾ ਟਾਰਗੈਟ ਤੋਂ ਉੱਪਰ ਨਿਕਲ ਗਈ। ਜਿਸ ਵਿਅਕਤੀ ਨੂੰ ਜਾ ਲੱਗੀ।

ਇਹ ਵੀ ਪੜ੍ਹੋ: ਸੰਗਰੂਰ 'ਚ ਖ਼ੌਫ਼ਨਾਕ ਵਾਰਦਾਤ, ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਬੇਰਹਿਮੀ ਨਾਲ ਕਤਲ

ਹਾਦਸਾ ਵਾਪਰਨ ਤੋਂ ਬਾਅਦ ਵੀ ਅਧਿਕਾਰੀ ਚਲਾਉਂਦੇ ਰਹੇ ਗੋਲੀਆਂ
ਇੰਨਾ ਵੱਡਾ ਹਾਦਸਾ ਵਾਪਰਨ ਤੋਂ ਬਾਅਦ ਵੀ ਅਧਿਕਾਰੀਆਂ ਨੇ ਗੋਲੀਆਂ ਚਲਾਉਣੀਆਂ ਬੰਦ ਨਹੀਂ ਕੀਤੀਆਂ। ਜਿਵੇਂ ਹੀ ਘਟਨਾ ਦੀ ਸੂਚਨਾ ਅਕੈਡਮੀ 'ਚ ਬੈਠੇ ਅਧਿਕਾਰੀਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਰੇਂਜ 'ਤੇ ਇਕ ਅਧਿਕਾਰੀ ਨੂੰ ਭੇਜ ਕੇ ਉਥੇ ਗੋਲੀਆਂ ਚਲਾਉਣੀਆਂ ਬੰਦ ਕਰਨ ਲਈ ਕਿਹਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰੇਂਜ 'ਤੇ ਮੌਜੂਦ ਲੁਧਿਆਣਾ ਪੁਲਸ ਦੇ ਡੀ. ਐੱਸ. ਪੀ. ਹਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਕਿਸੇ ਕੀਮਤ 'ਤੇ ਗੋਲੀ ਚਲਵਾਉਣਾ ਬੰਦ ਨਹੀਂ ਕਰਨਗੇ। ਜੇਕਰ ਉਹ ਬੰਦ ਕਰਵਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਲਿਖਤੀ ਵਿਚ ਦਿੱਤਾ ਜਾਵੇ।

ਇਹ ਵੀ ਪੜ੍ਹੋ: 'ਬਾਬੇ ਨਾਨਕ' ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਤੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ

ਪਹਿਲਾਂ ਵੀ ਹੋ ਚੁੱਕੇ ਹਨ ਗੋਲੀ ਲੱਗਣ ਵਰਗੇ ਹਾਦਸੇ
ਪੁਲਸ ਦੀ ਰਾਈਫਲ ਤੋਂ ਸ਼ੂਟਿੰਗ ਸਿਖਦੇ ਸਮੇਂ ਗੋਲੀ ਲੱਗਣ ਦਾ ਇਹ ਕੋਈ ਪਹਿਲਾ ਕੇਸ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਸਾਲ 2001 ਵਿਚ ਸ਼ੂਟਿੰਗ ਰੇਂਜ ਤੋਂ ਗੋਲੀ ਨਿਕਲੀ, ਜੋ ਘਰ ਵਿਚ ਰੱਖੀ ਮੱਝ ਨੂੰ ਜਾ ਲੱਗੀ, ਜਿਸ ਦੀ ਮੌਕੇ 'ਤੇ ਹੀ ਮਰ ਗਈ। ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਰੇਂਜ ਤੋਂ ਗੋਲੀਆਂ ਨਿਕਲੀਆਂ, ਜੋ ਇਕ ਹੌਲਦਾਰ ਦੇ ਨੇੜੇ ਬਣੇ ਘਰ ਦੇ ਅੰਦਰ ਜਾ ਕੇ ਸ਼ੀਸ਼ੇ ਨਾਲ ਲੱਗੀ, ਜਿਸ ਤੋਂ ਉਸ ਦਾ ਬੇਟਾ ਬਾਲ ਬਾਲ ਬਚਿਆ। ਕਈ ਵਾਰ ਇਹ ਗੋਲੀਆਂ ਲੋਕਾਂ ਦੇ ਘਰਾਂ ਦੀਆਂ ਕੰਧਾਂ 'ਤੇ ਲੱਗ ਚੁੱਕੀਆਂ ਹਨ। ਇਸ ਦੇ ਬਾਵਜੂਦ ਇਹ ਰੇਂਜ ਚੱਲ ਰਹੀ ਹੈ। ਲੋਕਾਂ ਨੇ ਮੰਗ ਕੀਤੀ ਕਿ ਇਸ ਰੇਂਜ ਨੂੰ ਇਥੋਂ ਬੰਦ ਕਰਕੇ ਕਿਤੇ ਹੋਰ ਬਣਾਇਆ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਵੱਡੇ ਹਾਦਸੇ ਹੋ ਸਕਦੇ ਹਨ।


author

shivani attri

Content Editor

Related News