ਇਲੈਕਸ਼ਨ ਮੋਡ 'ਚ ਪੰਜਾਬ ਪੁਲਸ, ਲਾਇਸੰਸੀ ਅਸਲਾ ਜਮ੍ਹਾਂ ਨਾ ਕਰਾਉਣ ਵਾਲੇ ਲੋਕਾਂ 'ਤੇ ਦਰਜ ਹੋਣਗੇ ਕੇਸ
Friday, Dec 31, 2021 - 10:23 AM (IST)
ਪਟਿਆਲਾ (ਬਲਜਿੰਦਰ) : ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆਉਂਦੇ ਹੀ ਪਟਿਆਲਾ ਪੁਲਸ ਵੀ ਇਲੈਕਸ਼ਨ ਮੋਡ ਵਿਚ ਆ ਗਈ ਹੈ। ਇਸ ਦੇ ਤਹਿਤ ਐੱਸ. ਐੱਸ. ਪੀ. ਹਰਚਰਨ ਸਿੰਘ ਭੁੱਲਰ ਨੇ ਸਪੱਸ਼ਟ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਜਿਹੜੇ ਵੀ ਲੋਕਾਂ ਕੋਲ ਲਾਇਸੰਸੀ ਅਸਲਾ ਹੈ, ਉਹ ਤੁਰੰਤ ਪੁਲਸ ਕੋਲ ਜਮ੍ਹਾਂ ਕਰਵਾਉਣ। ਜੇਕਰ ਨਾ ਕਰਵਾਏ ਤਾਂ ਪੁਲਸ ਕੋਲ ਸਾਰਾ ਰਿਕਾਰਡ ਹੈ, ਉਨ੍ਹਾਂ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਚੋਣਾਂ ’ਚ ਚੋਣ ਕਮਿਸ਼ਨ ਕਾਫ਼ੀ ਸਖ਼ਤ ਹੋ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਸਖ਼ਤੀ ਕਰਨੀ ਪੈ ਰਹੀ ਹੈ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ, ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਟਲੀ ਸੁਣਵਾਈ
ਵੈਸੇ ਤਾਂ ਅਸਲਾ ਧਾਰਕ ਨੂੰ ਵੀ ਪਤਾ ਹੁੰਦਾ ਹੈ ਕਿ ਚੋਣਾਂ ਦੇ ਦਿਨਾਂ ’ਚ ਅਸਲਾ ਜਮ੍ਹਾਂ ਕਰਵਾਉਣਾ ਹੁੰਦਾ ਹੈ। ਫਿਰ ਜਾਣ-ਬੁੱਝ ਕੇ ਦੇਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਕੇਸ ਦਰਜ ਕੀਤੇ ਜਾਣਗੇ। ਐੱਸ. ਐੱਸ. ਪੀ. ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀ ਸਰਹੱਦ ਹਰਿਆਣਾ ਦੇ ਕਈ ਜ਼ਿਲ੍ਹਿਆਂ ਨਾਲ ਲੱਗਦੀ ਹੈ। ਹਰਿਆਣਾ ਨੂੰ ਆਉਣ ਅਤੇ ਜਾਣ ਵਾਲੇ ਪੱਕੇ ਰਸਤਿਆਂ ’ਤੇ ਤਾਂ ਪਹਿਲਾਂ ਹੀ ਨਾਕਾਬੰਦੀ ਸਖ਼ਤ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਲੁਧਿਆਣਾ ਬੰਬ ਧਮਾਕਾ : ਸਿੱਖਸ ਫਾਰ ਜਸਟਿਸ ਨੇ NIA ਅਤੇ ਪੰਜਾਬ ਪੁਲਸ ਨੂੰ ਦਿੱਤੀ ਧਮਕੀ
ਹੁਣ ਪੁਲਸ ਨੇ 50 ਕੱਚੇ ਰਸਤਿਆਂ ਦੀ ਵੀ ਪਛਾਣ ਕਰ ਲਈ ਹੈ, ਜਿਥੋਂ ਕੋਈ ਵੀ ਬਚ ਕੇ ਆ ਜਾ ਸਕਦਾ ਹੈ। ਇਨ੍ਹਾਂ 'ਤੇ ਪੁਲਸ ਨੇ ਸਖ਼ਤ ਨਜ਼ਰ ਰੱਖੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਸਤਿਆਂ ’ਤੇ ਵੀ ਗੁਪਤ ਕੈਮਰੇ ਲਗਾਏ ਹੋਏ ਹਨ। ਜਿਨ੍ਹਾਂ ’ਚ ਉੱਥੋਂ ਲੰਘਣ ਵਾਲਿਆਂ ਦੀਆਂ ਸਮੁੱਚੀਆਂ ਗਤੀਵਿਧੀਆਂ ਕੈਮਰਿਆਂ ’ਚ ਕੈਦ ਹੋ ਜਾਣਗੀਆਂ। ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਰਾਤ ਦੀ ਚੈਕਿੰਗ ਵਧਾ ਦਿੱਤੀ ਗਈ ਹੈ। ਸਾਡੇ 25 ਫ਼ੀਸਦੀ ਅਫ਼ਸਰਾਂ ਨੂੰ ਚੈਕਿੰਗ ’ਤੇ ਲਗਾਇਆ ਗਿਆ ਹੈ ਅਤੇ ਉਹ ਖ਼ੁਦ ਵੀ ਰਾਤ ਨੂੰ ਚੈਕਿੰਗ ਕਰ ਰਹੇ ਹਨ।
ਇਹ ਵੀ ਪੜ੍ਹੋ : ਮੋਗਾ ਵਿਖੇ 3 ਜਨਵਰੀ ਨੂੰ ਹੋਣ ਵਾਲੀ ਰਾਹੁਲ ਗਾਂਧੀ ਦੀ ਰੈਲੀ ਰੱਦ, ਇਹ ਦੱਸਿਆ ਜਾ ਰਿਹੈ ਕਾਰਨ
ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਅਧਿਕਾਰੀਆਂ ਨਾਲ ਉਨ੍ਹਾਂ ਦੀਆਂ 2 ਮੀਟਿੰਗਾਂ ਤਾਂ ਹੋ ਚੁੱਕੀਆਂ ਹਨ ਅਤੇ ਭਵਿੱਖ ’ਚ ਚੋਣਾਂ ਤੱਕ ਇਹ ਚੱਲਦੀਆਂ ਹੀ ਰਹਿਣਗੀਆਂ। ਐੱਸ. ਐੱਸ. ਪੀ. ਭੁੱਲਰ ਨੇ ਲੋਕਾਂ ਦੀ ਅਪੀਲ ਕੀਤੀ ਕਿ ਉਹ ਪੁਲਸ ਦਾ ਸਹਿਯੋਗ ਕਰਨ ਅਤੇ ਧਾਰਮਿਕ ਸਥਾਨਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਲਗਾ ਕੇ ਰੱਖਣ ਅਤੇ ਪਿੰਡਾਂ ਵਿਚ ਠੀਕਰੀ ਪਹਿਰੇ ਵੀ ਲਗਾਏ ਜਾਣ ਤਾਂ ਕਿ ਗੈਰ-ਕਾਨੂੰਨੀ ਅਨਸਰਾਂ ਨੂੰ ਕੋਈ ਗੈਰ-ਕਾਨੂੰਨੀ ਗਤੀਵਿਧੀ ਕਰਨ ਦਾ ਮੌਕਾ ਨਾ ਮਿਲੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ