ਪੰਜਾਬ ਪੁਲਸ ਵੱਲੋਂ ਇਕ ਹਫ਼ਤੇ ''ਚ 11.73 ਕਿੱਲੋ ਹੈਰੋਇਨ ਤੇ ਹੋਰ ਨਸ਼ਿਆਂ ਸਣੇ 327 ਨਸ਼ਾ ਤਸਕਰ ਕਾਬੂ

Tuesday, Aug 23, 2022 - 04:37 PM (IST)

ਪੰਜਾਬ ਪੁਲਸ ਵੱਲੋਂ ਇਕ ਹਫ਼ਤੇ ''ਚ 11.73 ਕਿੱਲੋ ਹੈਰੋਇਨ ਤੇ ਹੋਰ ਨਸ਼ਿਆਂ ਸਣੇ 327 ਨਸ਼ਾ ਤਸਕਰ ਕਾਬੂ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸ਼ੁਰੂ ਕੀਤੀ ਨਸ਼ਿਆਂ ਖ਼ਿਲਾਫ਼ ਜੰਗ ਦੌਰਾਨ ਪੰਜਾਬ ਪੁਲਸ ਨੇ ਪਿਛਲੇ ਇੱਕ ਹਫ਼ਤੇ 'ਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨ. ਡੀ. ਪੀ. ਐੱਸ.) ਐਕਟ ਤਹਿਤ 31 ਵਪਾਰਕ ਮਾਮਲਿਆਂ ਸਮੇਤ 230 ਐੱਫ. ਆਈ. ਆਰ. ਦਰਜ ਕਰਕੇ 327 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਪਿਛਲੇ ਹਫ਼ਤੇ 'ਚ 43 ਭਗੌੜਿਆਂ ਅਤੇ ਐੱਨ. ਡੀ. ਪੀ. ਐੱਸ. ਕੇਸਾਂ 'ਚ ਲੋੜੀਂਦੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਜਨਰਲ ਆਫ਼ ਪੁਲਸ (ਆਈ. ਜੀ. ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੂਬੇ ਭਰ ਦੇ ਸੰਵੇਦਨਸ਼ੀਲ ਰਸਤਿਆਂ 'ਤੇ ਨਾਕੇ ਲਗਾਉਣ ਦੇ ਨਾਲ-ਨਾਲ ਨਸ਼ਾ ਪ੍ਰਭਾਵਿਤ ਇਲਾਕਿਆਂ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ ਪੁਲਸ ਨੇ ਇੱਕ ਹਫ਼ਤੇ 'ਚ 11.73 ਕਿੱਲੋ ਹੈਰੋਇਨ, 20 ਕਿੱਲੋ ਅਫੀਮ, 9 ਕਿੱਲੋ ਗਾਂਜਾ, 5.76 ਕੁਇੰਟਲ ਭੁੱਕੀ, ਫਾਰਮਾ ਓਪੀਓਡਜ਼ ਦੀਆਂ 28 ਹਜ਼ਾਰ ਗੋਲੀਆਂ/ਕੈਪਸੂਲ/ਟੀਕੇ/ ਸ਼ੀਸ਼ੀਆਂ ਤੋਂ ਇਲਾਵਾ 20.07 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪਤਨੀ ਦਾ ਗਲਾ ਵੱਢਣ ਮਗਰੋਂ ਮਾਸੂਮ ਧੀ ਦਾ ਗਲਾ ਘੁੱਟਿਆ, ਹੱਥੀਂ ਟੱਬਰ ਖ਼ਤਮ ਕਰ ਸ਼ਖ਼ਸ ਨੇ ਕੀਤਾ ਹੈਰਾਨ ਕਰਦਾ ਕਾਰਾ

ਨਸ਼ਿਆਂ ਦੀ ਤਸਕਰੀ ਦੇ ਨਵੇਂ ਰੁਝਾਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਵੱਲੋਂ ਨਸ਼ਿਆਂ ਦੀ ਤਸਕਰੀ 'ਤੇ ਨਕੇਲ ਕੱਸਣ ਤੋਂ ਬਾਅਦ ਹੁਣ ਨਸ਼ਾ ਤਸਕਰ/ਸਪਲਾਇਰ ਬਹੁਤ ਘੱਟ ਮਾਤਰਾ 'ਚ ਭਾਵ ਮਿਲੀਗ੍ਰਾਮ ਅਤੇ ਗ੍ਰਾਮ 'ਚ ਨਸ਼ਾ ਵੇਚ ਕੇ ਗ੍ਰਿਫ਼ਤਾਰੀਆਂ ਤੋਂ ਬਚਣ ਲਈ ਨਵੇਂ ਤਰੀਕੇ ਅਪਣਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਤਾਜ਼ਾ ਰੁਝਾਨ ਸਾਹਮਣੇ ਆਇਆ ਹੈ, ਜਿਸ 'ਚ ਨਸ਼ਾ ਤਸਕਰ ਪਿਆਜ਼ ਨਾਲ ਭਰੇ ਟਰੱਕਾਂ 'ਚ ਲੁਕੋ ਕੇ ਨਸ਼ਿਆਂ ਦੀ ਤਸਕਰੀ ਕਰ ਰਹੇ ਹਨ। ਆਈ. ਜੀ. ਪੀ. ਨੇ ਕਿਹਾ ਕਿ ਅਬੋਹਰ ਅਤੇ ਫਿਰੋਜ਼ਪੁਰ ਖੇਤਰ ਤੋਂ ਨਸ਼ਿਆਂ ਦੀ ਸਪਲਾਈ ਵੱਧ ਰਹੀ ਹੈ ਅਤੇ ਡਰੱਗ ਸਪਲਾਇਰ ਹੁਣ ਚੈਕਿੰਗ ਤੋਂ ਬਚਣ ਲਈ ਨਸ਼ਿਆਂ ਦੀ ਤਸਕਰੀ ਕਰਨ ਲਈ ਜਨਤਕ ਆਵਾਜਾਈ ਨੂੰ ਤਰਜ਼ੀਹ ਦੇ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੀ ਹਰ ਜੇਲ੍ਹ 'ਚ ਹੋਵੇਗਾ ਸਕੂਲ, ਚਾਕੂ-ਛੁਰੀਆਂ ਫੜ੍ਹਨ ਵਾਲੇ ਕੈਦੀ ਬਣਨਗੇ ਅਧਿਆਪਕ (ਵੀਡੀਓ)

ਉਨ੍ਹਾਂ ਅੱਗੇ ਕਿਹਾ ਕਿ ਨਸ਼ੀਲੀਆਂ ਗੋਲੀਆਂ ਮੁੱਖ ਤੌਰ 'ਤੇ ਯੂ. ਪੀ.-ਦਿੱਲੀ ਦੇ ਸਹਾਰਨਪੁਰ, ਗਾਜ਼ੀਆਬਾਦ, ਬਹਾਦੁਰਗੜ੍ਹ ਖੇਤਰਾਂ ਤੋਂ ਹਰਿਆਣਾ ਜ਼ਰੀਏ ਜਦਕਿ ਅਫ਼ੀਮ ਅਤੇ ਭੁੱਕੀ ਮੱਧ ਪ੍ਰਦੇਸ਼-ਰਾਜਸਥਾਨ ਖੇਤਰ ਤੋਂ ਆ ਰਹੀ ਹੈ। ਆਈ. ਜੀ. ਪੀ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਪੁਲਸ ਵੱਲੋਂ ਨਸ਼ਾ ਤਸਕਰਾਂ/ਸਪਲਾਇਰਾਂ ‘ਤੇ ਸ਼ਿਕੰਜਾ ਕੱਸਣ ਦੇ ਨਾਲ-ਨਾਲ ਸਮਾਜ ਵਿਰੋਧੀ ਅਨਸਰਾਂ ਅਤੇ ਗੈਂਗਸਟਰਾਂ ਖ਼ਿਲਾਫ਼ ਵੀ ਜੰਗ ਵਿੱਢੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੱਤਾ ਸੰਭਾਲਣ ਉਪਰੰਤ ਪੰਜਾਬ ਪੁਲਸ ਦੀਆਂ ਟੀਮਾਂ ਨੇ ਸਫ਼ਲਤਾ ਪੂਰਵਕ 67 ਅਪਰਾਧਿਕ ਮਾਡਿਊਲਾਂ ਦਾ ਪਰਦਾਫਾਸ਼ ਕਰਕੇ 301 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਮੁਕਾਬਲੇ ਵਿੱਚ ਦੋ ਖ਼ਤਰਨਾਕ ਗੈਂਗਸਟਰਾਂ ਨੂੰ ਮਾਰ ਮੁਕਾਇਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 640 ਹਥਿਆਰਾਂ ਸਮੇਤ 174 ਮੈਗਜ਼ੀਨਾਂ ਅਤੇ 3364 ਕਾਰਤੂਸ ਬਰਾਮਦ ਕੀਤੇ ਹਨ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News