ਸਿੱਧੂ ਲਈ ਚਿੰਤਤ ਡੀਜੀਪੀ, ਹਾਈਟੈਕ ਹੋਵੇਗੀ ਸੁਰੱਖਿਆ

12/16/2018 7:21:37 PM

ਚੰਡੀਗੜ੍ਹ (ਬਿਊਰੋ)- ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਪੁਲਸ ਨੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਸਿੱਧੂ ਨੂੰ ਬੁਲਟਪਰੂਫ ਗੱਡੀ ਤੇ ਨੀਮ ਫੌਜੀ ਦਸਤਾ ਉਨ੍ਹਾਂ ਦੀ ਸੁਰੱਖਿਆ ਵਿਚ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਅਤੇ ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ ਵੱਲੋਂ ਸਿੱਧੂ ਨਾਲ ਮੀਟਿੰਗ ਕਰ ਕੇ ਬੁਲੇਟ ਪਰੂਫ ਗੱਡੀ ਅਤੇ ਨੀਮ ਫੌਜੀ ਦਸਤਾ ਦੇਣ ਬਾਰੇ ਗੱਲਬਾਤ ਕੀਤੀ। ਸੀਆਈਐਸਐਫ ਭਾਰਤ ਦੇ ਸਾਰੇ ਹਵਾਈ ਅੱਡਿਆਂ ਦੀ ਸੁਰੱਖਿਆ ਸੰਭਾਲਦੀ ਹੈ। ਇਸ ਦੇ ਨਾਲ ਹੀ ਸਿੱਧੂ ਨੂੰ ਬੁਲੇਟਪਰੂਫ ਗੱਡੀ ਵੀ ਦਿੱਤੀ ਜਾਵੇਗੀ।

ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਸਿੱਧੂ ਮਿਲਣ ਗਏ ਸਨ ਤਾਂ ਮੁੱਖ ਮੰਤਰੀ ਨੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਫ਼ਿਕਰਮੰਦੀ ਪ੍ਰਗਟਾਈ ਸੀ। ਉਸ ਵੇਲੇ ਉਨ੍ਹਾਂ ਨੇ ਮੌਕੇ ’ਤੇ ਹੀ ਡੀਜੀਪੀ ਸੁਰੇਸ਼ ਅਰੋੜਾ ਨਾਲ ਗੱਲ ਕਰਦਿਆਂ ਸੁਰੱਖਿਆ ਨੂੰ ਨਵੇਂ ਸਿਰੇ ਤੋਂ ਬਿਹਤਰ ਬਣਾਉਣ ਲਈ ਕਿਹਾ ਸੀ। ਉਨ੍ਹਾਂ ਪੁਰਾਣੀਆਂ ਗੱਡੀਆਂ ਦੀ ਥਾਂ ਨਵੀਆਂ ਗੱਡੀਆਂ ਮੁਹੱਈਆ ਕਰਵਾਉਣ ਦੇ ਹੁਕਮ ਵੀ ਦਿੱਤੇ ਸਨ।

ਓਧਰ ਕਾਂਗਰਸ ਹਾਈਕਮਾਨ ਮੁਤਾਬਕ ਨਵਜੋਤ ਸਿੱਧੂ ਨੇ ਛੱਤੀਸਗੜ੍ਹ ਦੇ 15, ਮੱਧ ਪ੍ਰਦੇਸ਼ ਦੇ 30 ਵਿਧਾਨ ਸਭਾ ਹਲਕਿਆਂ ਵਿੱਚ ਰੈਲੀਆਂ ਕੀਤੀਆਂ ਅਤੇ ਰਾਜਸਥਾਨ ਦੇ 19 ਹਲਕਿਆਂ ਵਿੱਚ ਰੈਲੀਆਂ ਕੀਤੀਆਂ, ਜਿੱਥੋਂ ਕੁੱਲ 50 ਕਾਂਗਰਸੀ ਉਮੀਦਵਾਰ ਜਿੱਤੇ ਹਨ। ਕਾਂਗਰਸੀ ਬੁਲਾਰੇ ਨੇ ਸਿੱਧੂ ਦੀਆਂ ਰੈਲੀਆਂ ਦੇ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਨਾਲੋਂ ਵੀ ਬਿਹਤਰ ਨਿੱਕਲਣ ਦਾ ਦਾਅਵਾ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ 26 ਨਵੰਬਰ ਨੂੰ ਜਹਾਜ਼ ਨਾ ਉੱਤਰਨ ਕਾਰਨ ਸਿੱਧੂ ਦੀਆਂ ਮੱਧ ਪ੍ਰਦੇਸ਼ ਵਿੱਚ ਚਾਰ ਰੈਲੀਆਂ ਰੱਦ ਹੋ ਗਈਆਂ ਸਨ ਅਤੇ ਉੱਥੇ ਕਾਂਗਰਸੀ ਉਮੀਦਵਾਰ ਇੱਕ ਤੋਂ 2 ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਗਏ।

ਇੰਨੇ ਚੰਗੇ ਨਤੀਜਿਆਂ ਤੋਂ ਬਾਅਦ ਹੁਣ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਨਵਜੋਤ ਸਿੱਧੂ ਨੂੰ ਮੋਹਰੀ ਸਟਾਰ ਪ੍ਰਚਾਰਕ ਵਜੋਂ ਰੱਖੇ ਜਾਣ ਦੀ ਉਮੀਦ ਹੈ। ਸੂਤਰਾਂ ਮੁਤਾਬਕ ਹੁਣ ਸਿੱਧੂ ਨੂੰ ਪੰਜਾਬ ਦੇ ਮੁੱਖ ਮੰਤਰੀ ਲਈ ਮੰਗਵਾਈ ਜਾ ਰਹੀ ਵਿਸ਼ੇਸ਼ ਬਖ਼ਤਰਬੰਦ ਰੇਂਜ ਰੋਵਰ ਕਾਰ ਵਰਗੀ ਸਵਾਰੀ ਮਿਲ ਸਕਦੀ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਵਿੱਚ ਸ਼ਾਮਲ ਹੋਣ ਵਾਲੇ ਜਵਾਨ ਵੀ ਆਧੁਨਿਕ ਹਥਿਆਰਾਂ ਨਾਲ ਲੈਸ ਹੋਣਗੇ। 
ਜ਼ਿਕਰਯੋਗ ਹੈ ਕਿ ਕਾਂਗਰਸ ਹਾਈ ਕਮਾਨ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੇ ਪੱਤਰ ਰਾਹੀਂ ਵੀ ਸਿੱਧੂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਗਈ ਸੀ ਅਤੇ ਹੁਣ ਪੰਜਾਬ ਸਰਕਾਰ ਵੀ ਸਿੱਧੂ ਦੀ ਸੁਰੱਖਿਆ ਲਈ ਫਿਕਰਮੰਦ ਹੋ ਗਈ ਹੈ।


Sunny Mehra

Content Editor

Related News