ਪੰਜਾਬ ਪੁਲਸ ਕਾਂਸਟੇਬਲ ਦੀਆਂ ਆਸਾਮੀਆਂ ’ਚ ਧਾਂਦਲੀਆਂ ਨੂੰ ਲੈ ਕੇ ਮੁੰਡੇ-ਕੁੜੀਆਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ

Wednesday, Dec 01, 2021 - 03:22 AM (IST)

ਸੰਗਰੂਰ(ਸਿੰਗਲਾ)- ਸਰਕਾਰ ਵੱਲੋਂ ਪੰਜਾਬ ਪੁਲਸ ਕਾਂਸਟੇਬਲ ਦੀਆਂ ਕੱਢੀਆਂ 4359 ਆਸਾਮੀਆਂ ਲਈ ਪੇਪਰ ਦੇਣ ਵਾਲੇ ਲੜਕੇ ਅਤੇ ਲੜਕੀਆਂ ਵੱਲੋਂ ਮੈਰਿਟ ਲਿਸਟ ਬਣਾਉਣ ਸਮੇਂ ਹੋਈਆਂ ਧਾਂਦਲੀਆਂ ਨੂੰ ਲੈ ਕੇ ਸੰਗਰੂਰ ਦੇ ਫਲਾਈਓਵਰ ਉਪਰ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਵੱਡੀ ਗਿਣਤੀ ’ਚ ਪੁੱਜੇ ਨੌਜਵਾਨ ਲੜਕੇ ਅਤੇ ਲੜਕੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਪੁਲ ਉਪਰ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਦੋਵਾਂ ਸਾਈਡਾਂ ਤੋਂ ਟਰੈਫਿਕ ਨੂੰ ਕੰਟਰੋਲ ਕੀਤਾ ਗਿਆ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਜਸਪਾਲ ਸਿੰਘ, ਲਖਵੀਰ ਕੌਰ, ਦਵਿੰਦਰ ਕੌਰ, ਮਨਪ੍ਰੀਤ ਸਿੰਘ, ਰਮਨਦੀਪ ਕੌਰ ਗਿੱਲ, ਲਵਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ 25-26 ਸਤੰਬਰ ਨੂੰ ਪੰਜਾਬ ਪੁਲਸ ਵਿਚ ਕਾਂਸਟੇਬਲਾਂ ਦੀ ਭਰਤੀ ਸਬੰਧੀ ਪੇਪਰ ਲਿਆ ਗਿਆ ਸੀ ਉਸ ਦਾ ਨਤੀਜਾ 26 ਨਵੰਬਰ ਨੂੰ ਕੱਢਿਆ ਗਿਆ ਹੈ। ਜਿਸ ’ਚ ਵੱਡੀ ਪੱਧਰ ਦੀਆਂ ਧਾਂਦਲੀਆਂ ਸਾਹਮਣੇ ਆਈਆਂ ਹਨ ਜਿਸ ਦੇ ਰੋਸ ਵਜੋਂ ਉਨ੍ਹਾਂ ਅੱਜ ਧੂਰੀ ਸੰਗਰੂਰ ਮੇਨ ਮੁੱਖ ਮਾਰਗ ’ਤੇ ਉਨ੍ਹਾਂ ਵੱਲੋਂ ਜਾਮ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਰੋਸ ਧਰਨਾ ਦਿਨ ਰਾਤ ਹੀ ਚੱਲਦਾ ਰਹੇਗਾ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ।

ਇਨ੍ਹਾਂ ਨੌਜਵਾਨ ਲੜਕੇ ਲੜਕੀਆਂ ਦੀ ਹਮਾਇਤ ’ਚ ਸੈਫੀ ਦੇ ਜ਼ਿਲਾ ਪ੍ਰਧਾਨ ਅਰਸ਼ਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਆਗੂ ਗੋਬਿੰਦ ਸਿੰਘ ਮੰਗਵਾਲ, ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ, ਗੰਨਾ ਸੰਘਰਸ਼ ਕਮੇਟੀ ਦੇ ਆਗੂ ਅਵਤਾਰ ਸਿੰਘ ਤਾਰੀ, ਹਰਜੀਤ ਸਿੰਘ ਬੁਗਰਾ, ਅਜਮੇਰ ਸਿੰਘ ਜਰਨਲ ਸਕੱਤਰ ਐਕਸ ਆਰਮੀ ਵੈੱਲਫੇਅਰ ਕਮੇਟੀ ਪੰਜਾਬ ਅਤੇ ਸਵਰਨਜੀਤ ਸਿੰਘ ਜ਼ਿਲ੍ਹਾ ਆਗੂ ਜਮਹੂਰੀ ਅਧਿਕਾਰ ਸਭਾ ਸੰਗਰੂਰ ਨੇ ਧਰਨੇ ਉੱਪਰ ਪੁੱਜ ਕੇ ਐਲਾਨ ਕੀਤਾ ਕਿ ਜਿੰਨਾ ਸਮਾਂ ਇਨ੍ਹਾਂ ਨੌਜਵਾਨ ਲੜਕੇ ਲੜਕੀਆਂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਇਸ ਸੰਘਰਸ਼ ਦੀ ਪੂਰਨ ਹਮਾਇਤ ’ਚ ਡਟੇ ਰਹਿਣਗੇ। ਖਬਰ ਲਿਖੇ ਜਾਣ ਤਕ ਦੇਰ ਰਾਤ ਇਹ ਧਰਨਾ ਜਾਰੀ ਸੀ।


Bharat Thapa

Content Editor

Related News