ਪੰਜਾਬ ਪੁਲਸ ਦੇ ਸਿਪਾਹੀ ਦੀ ਸੁੱਤੇ ਪਏ ਭੇਤਭਰੇ ਹਾਲਾਤ 'ਚ ਮੌਤ, ਸਹੁਰਾ ਪਰਿਵਾਰ 'ਤੇ ਲੱਗੇ ਗੰਭੀਰ ਦੋਸ਼

Saturday, Apr 23, 2022 - 10:04 AM (IST)

ਮਾਲੇਰਕੋਟਲਾ (ਸ਼ਹਾਬੂਦੀਨ/ਜ਼ਹੂਰ) : ਪਟਿਆਲਾ ਰਿਜ਼ਰਵ ਬਟਾਲੀਅਨ ‘ਚ ਤਾਇਨਾਤ ਪੰਜਾਬ ਪੁਲਸ ਦੇ ਸਿਪਾਹੀ ਸਪਿੰਦਰ ਸਿੰਘ ਦੀ ਨੇੜਲੇ ਪਿੰਡ ਸਰੌਦ ਵਿਖੇ ਆਪਣੇ ਘਰ ‘ਚ ਸੁੱਤੇ ਪਿਆ ਭੇਤਭਰੇ ਹਾਲਾਤ ‘ਚ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਬੀਤੀ ਦੁਪਹਿਰ ਸਮੇਂ ਪਰਿਵਾਰਕ ਮੈਂਬਰ 32 ਸਾਲਾ ਸਪਿੰਦਰ ਸਿੰਘ ਨੂੰ ਗੰਭੀਰ ਹਾਲਤ ‘ਚ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਲੈ ਕੇ ਆਏ ਸਨ, ਜਿੱਥੇ ਡਾਕਟਰਾਂ ਨੇ ਚੈਕਅੱਪ ਕਰਨ ਉਪਰੰਤ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਹਸਪਤਾਲ ਵਿਖੇ ਮੌਜੂਦ ਮ੍ਰਿਤਕ ਦੀ ਭੈਣ ਸਰਬਜੀਤ ਕੌਰ ਜੋ ਮਾਲੇਰਕੋਟਲਾ ਵਿਖੇ ਹੀ ਪੰਜਾਬ ਪੁਲਸ ਦੇ ਪੀ. ਸੀ. ਆਰ. ਵਿੰਗ `ਚ ‘ਬਤੌਰ ਸਿਪਾਹੀ ਵੱਜੋਂ ਤਾਇਨਾਤ ਹੈ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਦੋਵੇਂ ਭੈਣ-ਭਰਾ ਸਾਲ 2011 ‘ਚ ਇਕੱਠਿਆਂ ਹੀ ਪੰਜਾਬ ਪੁਲਸ ‘ਚ ਭਰਤੀ ਹੋਏ ਸਨ। ਕਰੀਬ 2 ਸਾਲ ਪਹਿਲਾਂ ਉਸ ਦੇ ਭਰਾ ਸਪਿੰਦਰ ਸਿੰਘ ਦਾ ਵਿਆਹ ਹਲਕਾ ਸੁਨਾਮ ਅਧੀਨ ਪੈਂਦੇ ਪਿੰਡ ਤੂੰਗਾ ਦੇ ਵਸਨੀਕ ਪੰਜਾਬ ਪੁਲਸ ਦੇ ਸੇਵਾ ਮੁਕਤ ਸਬ ਇੰਸਪੈਕਟਰ ਮੱਘਰ ਸਿੰਘ ਦੀ ਧੀ ਨਾਲ ਹੋਇਆ ਸੀ।

ਇਹ ਵੀ ਪੜ੍ਹੋ : ਸਮਰਾਲਾ ਦੇ ਪਿੰਡ 'ਚ ਵਾਪਰੀ ਵੱਡੀ ਵਾਰਦਾਤ, UP ਤੋਂ ਆਏ ਮੁੰਡੇ ਨੇ ਮੰਗੇਤਰ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ

ਵਿਆਹ ਤੋਂ ਕੁੱਝ ਦਿਨ ਬਾਅਦ ਹੀ ਮੇਰੇ ਭਰਾ ਦੀ ਘਰਵਾਲੀ ਉਸ ਨਾਲ ਲੜਾਈ-ਝਗੜੇ ਕਰਨ ਲੱਗੀ ਅਤੇ ਇੱਕ ਦਿਨ ਝਗੜਾ ਕਰਕੇ ਆਪਣੇ ਪੇਕੇ ਚਲੀ ਗਈ। ਕਈ ਦਿਨਾਂ ਬਾਅਦ ਜਦੋਂ ਉਹ ਵਾਪਸ ਆਈ ਤਾਂ ਉਸਨੇ ਵੱਖਰੇ ਰਹਿਣ ਦੀ ਸ਼ਰਤ ਰੱਖ ਦਿੱਤੀ। ਉਹ ਦੋਵੇਂ ਠੀਕ-ਠਾਕ ਖੁਸ਼ ਰਹਿਣ, ਇਸ ਲਈ ਅਸੀਂ ਉਨ੍ਹਾਂ ਨੂੰ ਨੇੜੇ ਹੀ ਆਪਣੇ ਦੂਜੇ ਮਕਾਨ ‘ਚ ਵੱਖ ਕਰ ਦਿੱਤਾ ਪਰ ਫਿਰ ਵੀ ਉਨ੍ਹਾਂ ਦੋਹਾਂ ਵਿਚਕਾਰ ਸਬੰਧ ਠੀਕ ਨਾ ਹੋਏ। ਇਸੇ ਦੌਰਾਨ ਪਿਛਲੇ ਸਾਲ ਇੱਕ ਦਿਨ ਮੇਰੇ ਭਰਾ ਦੇ ਸਹੁਰਾ ਪਰਿਵਾਰ ਨੇ ਸਾਡੇ ਪਿੰਡ ਆ ਕੇ ਮੇਰੇ ਭਰਾ ਦੀ ਪਹਿਲਾਂ ਤਾਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਬਾਅਦ ‘ਚ 25 ਜੂਨ 2021 ਨੂੰ ਮੇਰੇ ਭਰਾ ਸਮੇਤ ਮੇਰੇ ਅਤੇ ਮੇਰੀ ਮਾਤਾ ਦੇ ਖ਼ਿਲਾਫ਼ ਥਾਣਾ ਸਦਰ ਅਹਿਮਦਗੜ੍ਹ ਵਿਖੇ ਦਾਜ ਮੰਗਣ ਦੀ ਧਾਰਾ 498-ਏ ਤਹਿਤ ਪਰਚਾ ਦਰਜ ਕਰਵਾ ਦਿੱਤਾ। ਉਸ ਤੋਂ ਬਾਅਦ ਮੇਰੇ ਭਰਾ ਦਾ ਸਹੁਰਾ ਮੱਘਰ ਸਿੰਘ ਜੋ ਖ਼ੁਦ ਵੀ ਪੰਜਾਬ ਪੁਲਸ ‘ਚ ਸਬ ਇੰਸਪੈਕਟਰ ਰਹਿ ਚੁੱਕਾ ਹੈ, ਆਪਣਾ ਅਸਰ-ਰਸੂਖ ਵਰਤਦੇ ਹੋਏ ਪੁਲਸ ਅਫ਼ਸਰਾਂ ਕੋਲ ਝੂਠੀਆਂ ਦਰਖ਼ਾਸਤਾਂ ਦੇ ਕੇ ਮੇਰੇ ਭਰਾ ਨੂੰ ਪਰੇਸ਼ਾਨ ਕਰਨ ਲੱਗਾ।

ਇਹ ਵੀ ਪੜ੍ਹੋ : ਚੰਡੀਗੜ੍ਹ PGI ਨੇ ਹਾਸਲ ਕੀਤੀ ਨਵੀਂ ਕਾਮਯਾਬੀ, ਬਿਨਾ ਹਾਰਟ ਸਰਜਰੀ ਦੇ ਦਿਲ 'ਚ ਵਾਲਵ ਪਾ ਕੰਟਰੋਲ ਕੀਤੀ ਲੀਕੇਜ

ਆਪਣੇ ਖ਼ਿਲਾਫ਼ ਹੋਏ ਝੂਠੇ ਪਰਚੇ ਅਤੇ ਦਰਖ਼ਾਸਤਾਂ ਕਾਰਨ ਮੇਰਾ ਭਰਾ ਸਪਿੰਦਰ ਸਿੰਘ ਨੇ ਪਰੇਸ਼ਾਨ ਰਹਿੰਦੇ ਹੋਏ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਸਰਬਜੀਤ ਕੌਰ ਨੇ ਦੱਸਿਆ ਕਿ ਬੀਤੀ ਦੁਪਹਿਰੇ ਜਦੋਂ ਮੇਰਾ ਭਰਾ ਘਰ ‘ਚ ਸੁੱਤਾ ਪਿਆ ਸੀ ਤਾਂ ਮੇਰੀ ਮਾਂ ਨੇ ਰੋਟੀ ਖਾਣ ਲਈ ਉਸਨੂੰ ਕਈ ਵਾਰ ਅਵਾਜ਼ ਲਗਾਈ ਪਰ ਉਹ ਕੁੱਝ ਵੀ ਨਹੀਂ ਬੋਲਿਆ। ਇਸ ਕਾਰਨ ਉਸਨੂੰ ਤੁਰੰਤ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਚੈਕਅੱਪ ਕਰਨ ਉਪਰੰਤ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪਰਿਵਾਰਕ ਮੈਂਬਰ ਭਾਵੇਂ ਉਨ੍ਹਾਂ ਦੇ ਪੁੱਤਰ ਦੀ ਮੌਤ ਕਾਰਨ ਸਹੁਰਾ ਪਰਿਵਾਰ ਵੱਲੋਂ ਤੰਗ-ਪਰੇਸ਼ਾਨ ਕੀਤੇ ਜਾਣਾ ਦੱਸ ਰਹੇ ਹਨ ਪਰ ਮ੍ਰਿਤਕ ਦੀ ਮੌਤ ਦਾ ਅਸਲੀ ਕਾਰਨ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣ ‘ਤੇ ਹੀ ਪਤਾ ਲੱਗੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News