ਪੰਜਾਬ ਪੁਲਸ ਨੇ ਵਿਦੇਸ਼ੋਂ ਫੜ ਲਿਆਂਦਾ ਵੱਡਾ ਗੈਂਗਸਟਰ, ਨਾਭਾ ਜੇਲ੍ਹ ਬ੍ਰੇਕ ਦਾ ਹੈ ਮਾਸਟਰਮਾਈਂਡ

Thursday, Aug 22, 2024 - 07:27 PM (IST)

ਜਲੰਧਰ/ਦਿੱਲੀ, (ਸੁਧੀਰ)- ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰਨਮਜੀਤ ਸਿੰਘ ਉਰਫ਼ ਰੋਮੀ ਨੂੰ ਲੈ ਕੇ ਪੰਜਾਬ ਪੁਲਸ ਦਿੱਲੀ ਪਹੁੰਚ ਗਈ ਹੈ। ਰੋਮੀ ਨੂੰ ਦਿੱਲੀ ਹਵਾਈ ਅੱਡੇ 'ਤੇ ਪੰਜਾਬ ਪੁਲਸ ਦੀਆਂ ਸੁਰੱਖਿਆ ਏਜੰਸੀਆਂ ਦੇ ਆਪਰੇਸ਼ਨ ਵਿੱਚ ਭਾਰਤ ਲਿਆਂਦਾ ਗਿਆ ਹੈ। 

ਜ਼ਿਕਰਯੋਗ ਹੈ ਕਿ ਰਮਨਜੀਤ ਸਿੰਘ ਉਰਫ਼ ਰੋਮੀ ਨੂੰ ਨਾਭਾ ਜੇਲ੍ਹ ਬ੍ਰੇਕ ਮਾਮਲੇ ਵਿਚ ਭਗੌੜਾ ਐਲਾਨਿਆਂ ਗਿਆ ਸੀ। ਇਸ ਨੂੰ ਪੰਜਾਬ ਪੁਲਸ ਦੀ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ ਕਿਉਂਕਿ ਨਾਭਾ ਜੇਲ੍ਹ ਵਿਚੋਂ ਭੱਜਣ ਵਾਲੇ ਗੈਂਗਸਟਰਾਂ ਦਾ ਇਹ ਮਾਸਟਰਮਾਈਂਡ ਸੀ। 

ਇਸ ਤੋਂ ਪਹਿਲਾਂ ਗੈਂਗਸਟਰ ਰੋਮੀ ਦੇ ਲਾਪਤਾ ਹੋਣ ਤੋਂ ਬਾਅਦ ਉਸ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਸਾਲ 2016-17 'ਚ ਜਲੰਧਰ ਅਤੇ ਲੁਧਿਆਣਾ 'ਚ ਹੋਏ ਕਤਲਾਂ ਵਿਚ ਵੀ ਰੋਮੀ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਪੰਜਾਬ ਪੁਲਸ ਅਨੁਸਾਰ ਉਹ ਗੈਂਗਸਟਰ ਗੁਰਪ੍ਰੀਤ ਸਿੰਘ ਸ਼ੇਖ ਦੇ ਸੰਪਰਕ ਵਿਚ ਸੀ। ਗੁਰਪ੍ਰੀਤ ਨਵੰਬਰ 2016 'ਚ ਨਾਭਾ ਜੇਲ੍ਹ 'ਚੋਂ ਫਰਾਰ ਹੋਏ 6 ਵਿਅਕਤੀਆਂ ਵਿਚ ਸ਼ਾਮਲ ਸੀ ਅਤੇ ਇਸ ਕੇਸ ਦਾ ਮੁੱਖ ਸਾਜ਼ਿਸ਼ਕਰਤਾ ਸੀ।

ਪੁਲਸ ਦਾ ਮੰਨਣਾ ਹੈ ਕਿ ਰੋਮੀ ਨੇ ਜੇਲ੍ਹ ਤੋਂ ਫਰਾਰ ਹੋਣ ਵਾਲਿਆਂ ਨੂੰ ਪੈਸੇ ਮੁਹੱਈਆ ਕਰਵਾਏ ਸਨ ਅਤੇ ਨਾਲ ਹੀ, ਉਸ ਨੇ ਹਾਂਗਕਾਂਗ ਤੋਂ ਹੀ ਜੇਲ੍ਹ ਤੋੜਨ ਦੀ ਪੂਰੀ ਸਾਜ਼ਿਸ਼ ਰਚੀ ਸੀ।

ਨਾਭਾ ਜੇਲ੍ਹ 'ਚੋਂ ਫਰਾਰ ਹੋ ਗਏ ਸਨ 6 ਕੈਦੀ

27 ਨਵੰਬਰ 2016 ਨੂੰ ਪਟਿਆਲਾ ਦੀ ਨਾਭਾ ਜੇਲ੍ਹ 'ਚੋਂ ਛੇ ਕੈਦੀ ਫਰਾਰ ਹੋ ਗਏ ਸਨ। ਇਨ੍ਹਾਂ 'ਚ ਦੋ ਅੱਤਵਾਦੀ ਅਤੇ ਚਾਰ ਬਦਨਾਮ ਗੈਂਗਸਟਰ ਸ਼ਾਮਲ ਸਨ। ਜੇਲ ਬ੍ਰੇਕ 'ਚ ਫਰਾਰ ਹੋਏ ਗਰਮਖਿਆਲੀ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਪੁਲਸ ਨੇ ਕੁਝ ਘੰਟਿਆਂ ਬਾਅਦ ਗ੍ਰਿਫਤਾਰ ਕਰ ਲਿਆ ਸੀ ਪਰ ਇਕ ਹੋਰ ਮੁਲਜ਼ਮ ਕਸ਼ਮੀਰ ਸਿੰਘ ਫਰਾਰ ਹੋ ਗਿਆ ਸੀ। ਜਦਕਿ ਇਸ ਮਾਮਲੇ 'ਚ ਸ਼ਾਮਲ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਗੌਂਡਰ ਨੂੰ ਪੁਲਸ ਨੇ ਐਨਕਾਊਂਟਰ 'ਚ ਮਾਰ ਦਿੱਤਾ ਹੈ।


Rakesh

Content Editor

Related News