ਗੋਲਡੀ ਬਰਾੜ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਨੂੰ ਲੈ ਕੇ ਪੰਜਾਬ ਪੁਲਸ ਅਤੇ CBI ਹੋਈ ਆਹਮੋ-ਸਾਹਮਣੇ
Friday, Jun 10, 2022 - 10:33 AM (IST)
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਸ਼ਾਮਲ ਗੈਂਗਸਟਰ ਗੋਲਡੀ ਬਰਾੜ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਨੂੰ ਲੈ ਕੇ ਪੰਜਾਬ ਪੁਲਸ ਅਤੇ ਸੀ.ਬੀ.ਆਈ. ਆਹਮੋ-ਸਾਹਮਣੇ ਹੋ ਗਏ ਹਨ। ਮਾਹੌਲ ਅਜਿਹਾ ਬਣ ਗਿਆ ਹੈ ਕਿ ਪੰਜਾਬ ਪੁਲਸ ਅਤੇ ਸੀ.ਬੀ.ਆਈ ਨੇ ਇਕ-ਦੂਸਰੇ 'ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਪੁਲਸ ਵੱਲੋਂ ਸੀ.ਬੀ.ਆਈ 'ਤੇ ਇਲਜ਼ਾਮ ਮੜੇ ਜਾਣ ਤੋਂ ਬਾਅਦ ਸੀ.ਬੀ.ਆਈ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਪੁਲਸ ਨੇ ਉਨ੍ਹਾਂ ਨੂੰ 30 ਮਈ ਨੂੰ ਗੋਲਡੀ ਬਰਾੜ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਲਈ ਮੰਗ ਪੱਤਰ ਭੇਜਿਆ ਸੀ ਜਦਕਿ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਹੋਇਆ ਸੀ। ਇਸ ਤੋਂ ਇਲਾਵਾ ਸੀ.ਬੀ.ਆਈ ਨੇ ਸਪੱਸ਼ਟ ਕੀਤਾ ਹੈ ਕਿ 2 ਜੂਨ ਤੱਕ ਪੂਰੀ ਕਾਰਵਾਈ ਕਰਨ ਤੋਂ ਬਾਅਦ ਇਸ ਮਾਮਲੇ ਨੂੰ ਇੰਟਰਪੋਲ ਨੂੰ ਭੇਜ ਦਿੱਤਾ ਗਿਆ ਸੀ। ਇਸ ਸੰਬੰਧੀ ਸਖ਼ਤੀ ਵਰਤਦਿਆਂ ਇੰਟਰਪੋਸ ਨੇ ਹਾਲ ਹੀ 'ਚ ਗੋਲਡੀ ਬਰਾੜ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਗੈਂਗਸਟਰ ਗੋਲਡੀ ਬਰਾੜ ਅਤੇ ਰਿੰਦਾ ਵਿਰੁੱਧ ਇੰਟਰਪੋਲ ਵਲੋਂ ਰੈੱਡ ਕਾਰਨਰ ਨੋਟਿਸ ਜਾਰੀ
ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਪੰਜਾਬ ਪੁਲਸ ਇਸ ਮਾਮਲੇ ਵਿਚ ਝੂਠ ਬੋਲ ਰਹੀ ਹੈ? ਕੀ ਪੰਜਾਬ ਪੁਲਸ ਨੇ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਪੱਤਰ ਜਾਰੀ ਕੀਤਾ ਸੀ? ਇਹ ਸਾਰੇ ਸਵਾਲ ਲੋਕਾਂ ਦੇ ਮਨਾਂ ਵਿਚ ਘੁੰਮ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਪੁਲਸ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੈਨੇਡਾ 'ਚ ਬੈਠੇ ਗੈਂਗਸਟਰ ਗੋਲਡੀ ਬਰਾੜ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਲਈ ਸੀ.ਬੀ.ਆਈ. ਕੋਲ ਪਹੁੰਚ ਕੀਤੀ ਸੀ ਪਰ ਸੀ.ਬੀ.ਆਈ ਵੱਲੋਂ ਦੇਰੀ ਹੋਣ ਕਾਰਨ ਕਾਰਵਾਈ ਨਹੀਂ ਕੀਤੀ ਗਈ। ਪੰਜਾਬ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੋਲਡੀ ਬਰਾੜ ਦੇ ਪੁਰਾਣੇ ਮਾਮਲਿਆਂ ਦੀ ਜਾਂਚ ਲਈ 19 ਮਈ ਨੂੰ ਸੀ.ਬੀ.ਆਈ. ਨੂੰ ਪ੍ਰਸਤਾਵ ਭੇਜਿਆ ਸੀ। ਸੀ.ਬੀ.ਆਈ ਜੇਕਰ ਦੇਰੀ ਨਾ ਲਾਉਂਦਾ ਤਾਂ ਮੂਸੇਵਾਲਾ ਦੇ ਕਤਲ ਨੂੰ ਰੋਕਿਆ ਜਾ ਸਕਦਾ ਸੀ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।