ਤਰਨਤਾਰਨ ''ਚ ਪੰਜਾਬ ਪੁਲਸ ਤੇ BSF ਦੇ ਸਾਂਝੇ ਆਪਰੇਸ਼ਨ ਦੌਰਾਨ 3 ਕਿੱਲੋ ਹੈਰੋਇਨ ਬਰਾਮਦ

Friday, Feb 10, 2023 - 11:30 PM (IST)

ਤਰਨਤਾਰਨ ''ਚ ਪੰਜਾਬ ਪੁਲਸ ਤੇ BSF ਦੇ ਸਾਂਝੇ ਆਪਰੇਸ਼ਨ ਦੌਰਾਨ 3 ਕਿੱਲੋ ਹੈਰੋਇਨ ਬਰਾਮਦ

ਚੰਡੀਗੜ੍ਹ/ਤਰਨਤਾਰਨ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਸਰਹੱਦ ਪਾਰੋਂ ਤਸਕਰੀ ਸਬੰਧੀ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲਸ ਨੇ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਨਾਲ ਸਾਂਝੇ ਆਪਰੇਸ਼ਨ ਦੌਰਾਨ 3 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਤਰਨਤਾਰਨ ਦੇ ਸਰਹੱਦੀ ਪਿੰਡ ਮੀਆਂਵਾਲ ਤੋਂ ਇਕ ਪਾਰਸਲ 'ਚੋਂ 3 ਕਿਲੋਗ੍ਰਾਮ ਹੈਰੋਇਨ, 5 ਜ਼ਿੰਦਾ ਕਾਰਤੂਸ ਅਤੇ ਮੈਗਜ਼ੀਨ ਸਮੇਤ 0.30 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ। ਇਸ ਖੇਪ ਨੂੰ ਪਾਕਿਸਤਾਨ ਆਧਾਰਿਤ ਤਸਕਰਾਂ ਨੇ ਸਰਹੱਦ ਪਾਰ ਤੋਂ ਡਰੋਨ ਰਾਹੀਂ ਭੇਜਿਆ ਸੀ। ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਖੇਮਕਰਨ ਖੇਤਰ 'ਚ ਭਾਰਤ-ਪਾਕਿ ਸਰਹੱਦ ਨੇੜੇ ਡਰੋਨ ਬਾਰੇ ਇੱਕ ਨਾਗਰਿਕ ਵੱਲੋਂ ਸੂਚਨਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਦਰਿੰਦਗੀ ਦੀਆਂ ਸਭ ਹੱਦਾਂ ਪਾਰ : ਡੇਢ ਸਾਲਾ ਬੱਚੀ ਬਣੀ ਹਵਸ ਦਾ ਸ਼ਿਕਾਰ, ਧੀ ਦੀ ਹਾਲਤ ਨੇ ਮਾਂ ਦੇ ਉਡਾਏ ਹੋਸ਼

ਇਸ 'ਤੇ ਕਾਰਵਾਈ ਕਰਦਿਆਂ ਤਰਨਤਾਰਨ ਜ਼ਿਲ੍ਹੇ ਦੀਆਂ ਪੁਲਸ ਟੀਮਾਂ ਨੇ ਤੁਰੰਤ ਬੀ. ਐੱਸ. ਐੱਫ. ਨਾਲ ਸੂਚਨਾ ਸਾਂਝੀ ਕੀਤੀ ਅਤੇ ਆਪਸੀ ਸਹਿਯੋਗ ਨਾਲ ਭਾਰਤ-ਪਾਕਿ ਸਰਹੱਦ ਤੋਂ 1 ਕਿਲੋਮੀਟਰ ਦੇ ਘੇਰੇ ਅੰਦਰ ਸਥਿਤ ਖੇਤਰ 'ਚ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਕਿਹਾ ਕਿ ਆਲੇ-ਦੁਆਲੇ ਦੇ ਖੇਤਾਂ ਦੀ ਡੂੰਘਾਈ ਨਾਲ ਜਾਂਚ ਦੌਰਾਨ ਪੁਲਸ ਅਤੇ ਬੀ. ਐੱਸ. ਐੱਫ. ਦੀਆਂ ਟੀਮਾਂ ਨੇ ਮੀਆਂਵਾਲ ਖੇਤਰ ਤੋਂ 3 ਕਿੱਲੋਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਸਮੇਤ ਗੋਲੀ ਸਿੱਕੇ ਦੀ ਖੇਪ ਸਫ਼ਲਤਾ ਪੂਰਵਕ ਬਰਾਮਦ ਕੀਤੀ। ਜ਼ਿਕਰਯੋਗ ਹੈ ਕਿ ਇਹ ਬਰਾਮਦਗੀ ਪੰਜਾਬ ਪੁਲਸ ਵੱਲੋਂ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ 'ਤੇ ਵਿਸ਼ੇਸ਼ ਨਾਕੇ ਦੌਰਾਨ 15 ਕਿਲੋਗ੍ਰਾਮ ਹੈਰੋਇਨ ਅਤੇ 8.40 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਇੱਕ ਨਾਬਾਲਗ ਨੂੰ ਗ੍ਰਿਫ਼ਤਾਰ ਕਰਨ ਤੋਂ ਇੱਕ ਦਿਨ ਬਾਅਦ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਦਾਲਤ 'ਚ ਪੇਸ਼ੀ, 14 ਦਿਨਾਂ ਦੀ ਨਿਆਇਕ ਹਿਰਾਸਤ 'ਚ

ਇਸ ਖ਼ੇਪ ਨੂੰ ਵੀ ਪਾਕਿ ਆਧਾਰਿਤ ਤਸਕਰਾਂ ਵੱਲੋਂ ਡਰੋਨ ਜ਼ਰੀਏ ਭੇਜਿਆ ਗਿਆ ਸੀ ਅਤੇ ਮੁਲਜ਼ਮ ਅੰਮ੍ਰਿਤਸਰ ਦੇ ਪਿੰਡ ਕੱਕੜ ਦੇ ਸਰਹੱਦੀ ਖੇਤਰ ਤੋਂ ਪਾਰਸਲ ਪ੍ਰਾਪਤ ਕਰਨ ਉਪਰੰਤ ਡਿਲੀਵਰੀ ਕਰਨ ਜਾ ਰਿਹਾ ਸੀ। ਹੋਰ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਪੁਲਸ ਕਪਤਾਨ (ਐੱਸ. ਐੱਸ. ਪੀ.) ਤਰਨਤਾਰਨ ਗੁਰਮੀਤ ਚੌਹਾਨ ਨੇ ਦੱਸਿਆ ਕਿ ਡਰੋਨ ਰਾਹੀਂ ਖ਼ੇਪ ਭੇਜਣ ਵਾਲੇ ਪਾਕਿ ਤਸਕਰਾਂ ਅਤੇ ਉਨ੍ਹਾਂ ਦੇ ਭਾਰਤੀ ਸਾਥੀਆਂ, ਜਿਨ੍ਹਾਂ ਨੂੰ ਇਹ ਖ਼ੇਪ ਭੇਜੀ ਗਈ ਸੀ, ਦੀ ਪਛਾਣ ਲਈ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਸਬੰਧੀ ਥਾਣਾ ਖੇਮਕਰਨ, ਤਰਨਤਾਰਨ ਵਿਖੇ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21-ਸੀ, 23, 27-ਏ ਅਤੇ 29 ਅਤੇ ਏਅਰਕ੍ਰਾਫਟ ਐਕਟ ਦੀਆਂ ਧਾਰਾਵਾਂ 10, 11 ਅਤੇ 12 ਤਹਿਤ ਐੱਫ. ਆਈ. ਆਰ ਨੰਬਰ 8 ਮਿਤੀ 10/2/2023 ਨੂੰ ਦਰਜ ਕੀਤੀ ਗਈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News