ਪੁਲਸ ਦੀ ਮਦਦ ਲਈ ਹੁਣ 100 ਦੀ ਥਾਂ 112 ''ਤੇ ਕਰੋ ਕਾਲ!

06/21/2018 11:36:33 AM

ਮੋਹਾਲੀ (ਕੁਲਦੀਪ) : ਕਿਸੇ ਵੀ ਐਮਰਜੈਂਸੀ ਹਾਲਤ ਵਿਚ ਪੁਲਸ ਦੀ ਸਹਾਇਤਾ ਲੈਣ ਲਈ ਹੁਣ ਪੁਲਸ ਕੰਟਰੋਲ ਰੂਮ 'ਤੇ ਸੰਪਰਕ ਕਰਨ ਲਈ 100 ਨੰਬਰ 'ਤੇ ਨਹੀਂ, ਸਗੋਂ 112 ਨੰਬਰ 'ਤੇ ਫੋਨ ਕਰਨਾ ਪਵੇਗਾ । ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਮੋਹਾਲੀ ਪੁਲਸ ਨੇ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ।  
ਐੱਸ. ਐੱਸ. ਪੀ. ਮੋਹਾਲੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੋਹਾਲੀ ਪੁਲਸ ਨੇ 112 ਨੰਬਰ ਲਈ ਫਿਲਹਾਲ ਟੈਂਪਰੇਰੀ ਤੌਰ 'ਤੇ ਫੇਜ਼-7 ਸਥਿਤ ਐੱਨ. ਆਰ. ਆਈ. ਪੁਲਸ ਸਟੇਸ਼ਨ ਵਿਚ ਕੰਟਰੋਲ ਰੂਮ ਸਥਾਪਤ ਕੀਤਾ ਹੈ । ਇਸ ਤੋਂ ਪਹਿਲਾਂ ਜੇਕਰ ਕੋਈ ਵੀ ਵਿਅਕਤੀ ਪੁਲਸ ਦੀ ਸਹਾਇਤਾ ਲੈਣ ਲਈ 100 ਨੰਬਰ 'ਤੇ ਫੋਨ ਕਰਦਾ ਸੀ ਤਾਂ ਉਹ ਕਦੇ ਚੰਡੀਗੜ੍ਹ ਤੇ ਕਈ ਵਾਰ ਹੋਰ ਨੇੜੇ-ਤੇੜੇ ਦੇ ਖੇਤਰਾਂ ਦੀ ਪੁਲਸ ਨੂੰ ਜਾ ਮਿਲਦਾ ਸੀ । 
ਠੀਕ ਸਮੇਂ 'ਤੇ ਸਹਾਇਤਾ ਨਾ ਮਿਲਣ ਕਾਰਨ ਮੁਲਜ਼ਮ ਮੌਕੇ ਤੋਂ ਫਰਾਰ ਹੋ ਜਾਂਦੇ ਸਨ ਤੇ ਇਸ ਕਾਰਨ ਪੁਲਸ ਨੂੰ ਵੀ ਮੌਕੇ 'ਤੇ ਪੁੱਜਣ ਵਿਚ ਦੇਰੀ ਹੋ ਜਾਂਦੀ ਸੀ । ਹੁਣ 112 ਨੰਬਰ ਚਾਲੂ ਹੋਣ ਨਾਲ ਲੋਕਾਂ ਦੀਆਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ ।ਪਤਾ ਲੱਗਾ ਹੈ ਕਿ ਇਸ 112 ਨੰਬਰ ਵਾਲੀ ਪੁਲਸ ਕੰਟਰੋਲ ਰੂਮ ਦੀ ਸਹਾਇਤਾ ਮਿਲਣ ਦਾ ਕੰਮ 15 ਜੁਲਾਈ ਤਕ ਸ਼ੁਰੂ ਹੋਣ ਦੀ ਸੰਭਾਵਨਾ ਹੈ । ਇਸ 112 ਨੰਬਰ 'ਤੇ ਹੀ ਫਾਇਰ ਬ੍ਰਿਗੇਡ ਨਾਲ ਸੰਪਰਕ ਕੀਤਾ ਜਾ ਸਕੇਗਾ ।


Related News