ਮੋਹਾਲੀ ''ਚ ਪੁਲਸ ਮੁਲਾਜ਼ਮ ਕਰਨਗੇ ਪੈਦਲ ਪੈਟਰੋਲਿੰਗ

10/17/2017 12:15:38 PM

ਮੋਹਾਲੀ : ਪੰਜਾਬ ਪੁਲਸ ਸਟਰੀਟ ਕ੍ਰਾਈਮ ਨੂੰ ਠੱਲ੍ਹ ਪਾਉਣ ਲਈ ਹੁਣ ਸੂਬੇ ਦੇ ਸ਼ਹਿਰੀ ਖੇਤਰ 'ਚ ਪੈਦਲ ਪੈਟਰੋਲਿੰਗ ਕਰੇਗੀ। ਇਸ ਯੋਜਨਾ ਤਹਿਤ ਪਹਿਲੇ ਪੜਾਅ 'ਚ ਮੋਹਾਲੀ ਸਮੇਤ ਪਟਿਆਲਾ, ਬਠਿੰਡਾ, ਅੰਮ੍ਰਿਤਸਰ, ਜਲੰਧਰ, ਲੁਧਿਆਣਾ 'ਚ ਪੈਦਲ ਪੈਟਰੋਲਿੰਗ ਕੀਤੀ ਜਾਵੇਗੀ। ਇਸ ਗੱਲ ਦਾ ਖੁਲਾਸਾ ਪੀ. ਸੀ. ਏ. ਸਟੇਡੀਅਮ 'ਚ ਰੂਪਨਗਰ ਰੇਂਜ ਦੇ ਡੀ. ਆਈ. ਜੀ. ਬਾਬੂ ਲਾਲ ਮੀਨਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮਗਰੋਂ ਉਨ੍ਹਾਂ ਨੇ ਪੁਲਸ ਮੁਲਾਜ਼ਮਾਂ ਦੀ ਪੈਦਲ ਪੈਟਰੋਲਿੰਗ ਟੀਮਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਡੀ. ਆਈ. ਜੀ. ਨੇ ਦੱਸਿਆ ਕਿ ਮੋਹਾਲੀ ਸ਼ਹਿਰ ਲਈ 5 ਟੀਮਾਂ ਬਣਾਈਆਂ ਗਈਆਂ ਹਨ। ਹਰੇਕ ਥਾਣੇ 'ਚੋਂ 1-1 ਟੀਮ ਦਾ ਗਠਨ ਕੀਤਾ ਗਿਆ ਹੈ। ਇਕ ਟੀਮ 'ਚ 5 ਪੁਲਸ ਕਰਮਚਾਰੀ ਸ਼ਾਮਲ ਕੀਤੇ ਗਏ ਹਨ ਅਤੇ ਟੀਮ ਦਾ ਇੰਚਾਰਜ ਥਾਣੇਦਾਰ ਰੈਂਕ ਦਾ ਅਫਸਰ ਹੋਵੇਗਾ। ਉਨ੍ਹਾਂ ਦੱਸਿਆ ਕਿ ਮੋਹਾਲੀ 'ਚ ਟੀਮਾਂ ਭੀੜ-ਭੜੱਕੇ ਵਾਲੀਆਂ ਥਾਵਾਂ 'ਚ ਸਵੇਰੇ 9 ਤੋਂ 11 ਵਜੇ ਤੱਕ ਅਤੇ ਸ਼ਾਮ ਨੂੰ 6 ਤੋਂ 8 ਵਜੇ ਤੱਕ ਰੋਜ਼ਾਨਾ ਪੈਦਲ ਪੈਟਰੋਲਿੰਗ ਕੀਤੀ ਜਾਇਆ ਕਰੇਗੀ। ਇਸ ਤੋਂ ਇਲਾਵਾ ਦੀਵਾਲੀ ਨੂੰ ਮੁੱਖ ਰੱਖਦਿਆਂ ਕੁਝ ਥਾਵਾਂ 'ਤੇ ਸਿਵਲ ਕੱਪੜਿਆਂ 'ਚ ਪੁਲਸ ਕਰਮਚਾਰੀ ਡਿਊਟੀ ਦੇਣਗੇ।


Related News