ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦੇ ਦਾਅਵੇ ਕਰਨ ਵਾਲਾ ਥਾਣਾ ਖੁਦ ਹੀ ''ਤੀਸਰੀ ਅੱਖ'' ਤੋਂ ਵਾਂਝਾ

08/23/2017 11:55:33 PM

ਮਮਦੋਟ(ਸੰਜੀਵ)—ਡੇਰਾ ਸੱਚਾ ਸੌਦਾ ਮੁਖੀ ਦੀ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿਚ ਫੈਸਲੇ ਨੂੰ ਲੈ 25 ਅਗਸਤ ਨੂੰ ਜਿੱਥੇ ਪੂਰੇ ਪੰਜਾਬ ਵਿਚ ਕਾਫੀ ਚੌਕਸੀ ਵਰਤੀ ਜਾ ਰਹੀ ਹੈ, ਉੱਥੇ ਪੂਰੇ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਲੈ ਕੇ 'ਤੀਸਰੀ ਅੱਖ' ਬੰਦ ਹੋਣ ਕਰਕੇ ਸਰਹੱਦੀ ਖੇਤਰ ਮਮਦੋਟ ਵਿਚ ਸੁਰੱਖਿਆ ਦੇ ਚੌਕਸ ਪ੍ਰਬੰਧਾਂ ਦੀ ਪੋਲ ਖੁੱਲ੍ਹਦੀ ਸਾਫ ਨਜ਼ਰ ਆ ਰਹੀ ਹੈ। ਨਗਰ ਦੀ ਸੁਰੱਖਿਆ ਨੂੰ ਲੈ ਕੇ ਕਰੀਬ ਦਸ ਮਹੀਨੇ ਪਹਿਲਾਂ ਥਾਣਾ ਮਮਦੋਟ ਦੇ ਬਾਹਰ ਦੋਵੇਂ ਪਾਸੇ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਸਨ, ਤਾਂ ਜੋ ਲੋਕਾਂ ਦੀ ਸੁੱਰਖਿਆ ਯਕੀਨੀ ਬਣੀ ਰਹੇ ਪਰ ਭਾਰੀ ਤੂਫਾਨ ਕਾਰਨ ਇਹ ਕੈਮਰੇ ਚਾਰ ਤੋਂ ਮਹੀਨਿਆਂ ਤੋਂ ਨੁਕਸਾਨੇ ਗਏ ਸਨ। ਪੱਤਰਕਾਰਾਂ ਦੀ ਟੀਮ ਨੇ ਮੌਕੇ 'ਤੇ ਜਾ ਕੇ ਵੇਖਿਆ ਕਿ ਚਾਹ ਵਾਲੇ ਖੋਖੇ ਨਾਲ ਬੰਨੇ ਆਰਜ਼ੀ ਬਾਂਸ ਦੇ ਸਹਾਰੇ ਇਕ ਕੈਮਰਾ ਲਟਕ ਰਿਹਾ ਸੀ ਅਤੇ ਦੂਸਰਾ ਕੈਮਰਾ ਮੌਜੂਦ ਹੀ ਨਹੀਂ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਕੈਮਰਿਆਂ ਦੀ ਰਿਕਾਰਡਿੰਗ ਜਮ੍ਹਾ ਕਰਨ ਵਾਲਾ ਡੀ. ਵੀ. ਆਰ ਬਾਕਸ ਵੀ ਫਿੱਟ ਨਹੀਂ ਸੀ ਬਲਕਿ ਚਾਲੂ ਹੀ ਨਹੀਂ ਕੀਤਾ ਹੋਇਆ ਸੀ। ਇਕ ਲੰਮਾ ਵਕਫਾ ਬੰਦ ਪਏ ਕੈਮਰਿਆਂ ਨੂੰ ਮੁੜ ਚਾਲੂ ਕਰਨ ਦੀ ਨਾ ਤਾਂ ਸਥਾਨਕ ਪੁਲਸ ਨੇ ਅਤੇ ਨਾ ਹੀ ਜ਼ਿਲਾ ਪੁਲਸ ਨੇ ਜ਼ਰਾ ਜਿੰਨੀ ਜ਼ਹਿਮਤ ਕੀਤੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਪੁਲਸ ਅਤੇ ਪੈਰਾ ਮਿਲਟਰੀ ਫੋਰਸਜ਼ ਵੱਲੋਂ ਇਲਾਕੇ ਅੰਦਰ ਫਲੈਗ ਮਾਰਚ ਕਰਕੇ ਸੁਰੱਖਿਆ ਯਕੀਨੀ ਹੋਣ ਦਾ ਭਰੋਸਾ ਦੁਆਇਆ ਗਿਆ ਸੀ ਉੱਥੇ ਮਮਦੋਟ ਦੇ ਮੁੱਖ ਪ੍ਰਵੇਸ਼ ਦੁਆਰ 'ਤੇ ਲੱਗੇ ਇਹ ਕੈਮਰੇ ਬੰਦ ਹੋਣ ਕਰਕੇ ਸੁਰੱਖਿਆ ਦਾਅਵਿਆਂ ਨੰੈ' ਟਾਂਏ-ਟਾਏ, ਫਿਸ-ਫਿਸ' ਕਰ ਰਹੇ ਹਨ। ਸਥਾਨਕ ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਥਾਣੇ ਦੇ ਬਾਹਰ ਲੱਗੇ ਇਨ੍ਹਾਂ ਬੰਦ ਪਏ ਕੈਮਰਿਆ ਨੂੰ ਮੁੜ ਦੁਬਾਰਾ ਚਾਲੂ ਕਰਵਾਇਆ ਜਾਵੇ ਅਤੇ ਨਗਰ ਦੇ ਸਾਰੇ ਚੌਰਾਹਿਆਂ 'ਤੇ ਹੋਰ ਸੀਸੀਟੀਵੀ ਕੈਮਰੇ ਲਗਵਾਏ ਜਾਣ, ਤਾਂ ਜੋ ਸੰਵੇਦਨਸ਼ੀਲ ਹਲਾਤਾਂ ਦੇ ਮੱਦੇਨਜ਼ਰ ਚੌਕਸੀ ਹੋਰ ਮਜ਼ਬੂਤ ਹੋ ਸਕੇ।  
ਕੀ ਕਹਿਣਾ ਹੈ ਜ਼ਿਲਾ ਪੁਲਸ ਮੁਖੀ ਗੌਰਵ ਗਰਗ ਦਾ
ਇਹ ਮਾਮਲਾ ਜਦੋਂ ਜ਼ਿਲਾ ਪੁਲਸ ਮੁਖੀ ਗੌਰਵ ਗਰਗ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੈਮਰਿਆਂ ਦੇ ਬੰਦ ਸਥਿਤੀ ਵਿੱਚ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਸੰਵੇਸ਼ਦਨਸ਼ੀਲਤਾ ਨੂੰ ਮੁੱਖ ਰੱਖ ਕੇ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ।


Related News