ਅੱਤਵਾਦ ਨਾਲ ਲੋਹਾ ਲੈਣ ਵਾਲੀ 'ਪੰਜਾਬ ਪੁਲਸ' ਸਿਆਸੀ ਆਗੂਆਂ ਦੇ ਕੇਸਾਂ 'ਚ ਉਲਝੀ

Saturday, May 07, 2022 - 10:53 AM (IST)

ਅੱਤਵਾਦ ਨਾਲ ਲੋਹਾ ਲੈਣ ਵਾਲੀ 'ਪੰਜਾਬ ਪੁਲਸ' ਸਿਆਸੀ ਆਗੂਆਂ ਦੇ ਕੇਸਾਂ 'ਚ ਉਲਝੀ

ਚੰਡੀਗੜ੍ਹ (ਰਮਨਜੀਤ) : ਦੇਸ਼ ਭਰ ਵਿਚ ਜਿਸ ਪੰਜਾਬ ਪੁਲਸ ਦੀ ਅੱਤਵਾਦ ਖ਼ਿਲਾਫ਼ ਸਫ਼ਲਤਾ ਹਾਸਲ ਕਰਨ ਲਈ ਤਾਰੀਫ਼ ਹੁੰਦੀ ਰਹੀ ਹੈ ਅਤੇ ਜਿਸ ਪੰਜਾਬ ਪੁਲਸ ਦੀਆਂ ਟੀਮਾਂ ਨੂੰ ਦੂਰ-ਦਰਾਜ ਦੇ ਪ੍ਰਦੇਸ਼ਾਂ ਵਿਚ ਵੀ ਗੈਂਗਸਟਰਾਂ ਅਤੇ ਅਸਮਾਜਿਕ ਅਨਸਰਾਂ ਦਾ ਇਨਕਾਊਂਟਰ ਕਰਨ ਵਿਚ ਸਥਾਨਕ ਪੁਲਸ ਦਾ ਪੂਰਨ ਸਹਿਯੋਗ ਮਿਲਦਾ ਰਿਹਾ ਹੈ, ਉਹੀ ਪੰਜਾਬ ਪੁਲਸ ਹੁਣ ਸਿਆਸੀ ਆਗੂਆਂ ਖ਼ਿਲਾਫ਼ ਦਰਜ ਹੋਏ ਮਾਮਲਿਆਂ ਦੀ ਕਾਰਵਾਈ ਵਿਚ ਪੀਸਦੀ ਨਜ਼ਰ ਆ ਰਹੀ ਹੈ। ਵੱਡੇ-ਵੱਡੇ ਪੁਲਸ ਮੁਕਾਬਲਿਆਂ ਨੂੰ ਕਾਨੂੰਨੀ ਰੂਪ ਤੋਂ ਸੌਖ ਨਾਲ ਨਿਪਟਾਉਣ ਵਾਲੀ ਪੰਜਾਬ ਪੁਲਸ ਨੂੰ ਹੁਣ ਇਨ੍ਹਾਂ ਮਾਮਲਿਆਂ ਵਿਚ ਨਾ ਸਿਰਫ ਸਿਆਸੀ ਆਗੂਆਂ ਦੀ ਆਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਸਗੋਂ ਵੱਖ-ਵੱਖ ਅਦਾਲਤਾਂ ਵੱਲੋਂ ਵੀ ਫਟਕਾਰ ਲਗਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਆਮ ਲੋਕਾਂ ਨੂੰ ਵੱਡਾ ਝਟਕਾ, ਇਕ ਹਜ਼ਾਰ ਤੋਂ ਪਾਰ ਹੋਇਆ ਘਰੇਲੂ ਗੈਸ ਸਿਲੰਡਰ

ਸ਼ੁੱਕਰਵਾਰ ਸਵੇਰੇ ਭਾਜਪਾ ਨੇਤਾ ਤੇਜਿੰਦਰਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਅਤੇ ਬਾਅਦ ਵਿਚ ਉਸੇ ਬੱਗਾ ਨੂੰ ਦਿੱਲੀ ਪੁਲਸ ਵੱਲੋਂ ਪੰਜਾਬ ਪੁਲਸ ਤੋਂ ਛੁਡਾ ਕੇ ਆਪਣੇ ਨਾਲ ਵਾਪਸ ਦਿੱਲੀ ਲਿਜਾਣ ਤੋਂ ਪੰਜਾਬ ਪੁਲਸ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਪੰਜਾਬ ਪੁਲਸ ਵੱਲੋਂ ਬੱਗਾ ਦੀ ਗ੍ਰਿਫ਼ਤਾਰੀ ਨੂੰ ਕਾਨੂੰਨੀ ਤੌਰ ’ਤੇ ਪੁਖ਼ਤਾ ਕਰਨ ਲਈ ਕਾਫ਼ੀ ਯਤਨ ਕੀਤੇ, ਸਾਰੇ ਦਸਤਾਵੇਜ਼ ਤਿਆਰ ਕੀਤੇ ਗਏ, ਗ੍ਰਿਫ਼ਤਾਰੀ ਦਾ ਵੀਡੀਓ ਵੀ ਬਣਾਇਆ ਗਿਆ, ਥਾਣੇ ਵਿਚ ਸੂਚਨਾ ਦੇਣ ਲਈ ਡੀ. ਐੱਸ. ਪੀ. ਖ਼ੁਦ ਪਹੁੰਚੇ, ਪੁਲਸ ਕੰਟਰੋਲ ਰੂਮ ’ਤੇ ਵੀ ਸੂਚਨਾ ਦੇਣ ਦਾ ਦਾਅਵਾ ਕੀਤਾ ਗਿਆ, ਪਰ ਇਹ ਸਭ ਕੁੱਝ ਹੋਣ ਦੇ ਬਾਵਜੂਦ ਵੀ ਹਰਿਆਣਾ ਪੁਲਸ ਵੱਲੋਂ ਰੋਕੀ ਗਈ ਪੰਜਾਬ ਪੁਲਸ ਦੀ ਟੀਮ ਤੋਂ ਦਿੱਲੀ ਪੁਲਸ ਦੀ ਟੀਮ ਤੇਜਿੰਦਰਪਾਲ ਸਿੰਘ ਬੱਗਾ ਨੂੰ ਆਪਣੇ ਨਾਲ ਲਿਜਾਣ ਵਿਚ ਕਾਮਯਾਬ ਰਹੀ।

ਇਹ ਵੀ ਪੜ੍ਹੋ : ਪਿੰਡ ਬੇਗੋਵਾਲ 'ਚ ਨਸ਼ੇ ਨੇ ਬੁਝਾਏ 2 ਘਰਾਂ ਦੇ ਚਿਰਾਗ, ਨਸ਼ੇ ਦਾ ਟੀਕਾ ਲਾਉਣ ਕਾਰਨ 2 ਦੋਸਤਾਂ ਦੀ ਮੌਤ

ਪੰਜਾਬ ਪੁਲਸ ਦੀ ਸਾਖ ਬਚਾਉਣ ਦੀ ਕੋਸ਼ਿਸ਼ ਦੇ ਤੌਰ ’ਤੇ ਹੀ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਸਤਕ ਵੀ ਦਿੱਤੀ, ਪਰ ਉੱਥੋਂ ਵੀ ਪੰਜਾਬ ਸਰਕਾਰ ਨੂੰ ਤੱਤਕਾਲ ਕੋਈ ਰਾਹਤ ਨਹੀਂ ਹਾਸਲ ਹੋਈ, ਸਗੋਂ ਹਾਈਕੋਰਟ ਨੇ ਵੀ ਪੰਜਾਬ ਸਰਕਾਰ ਦੀ ਉਸ ਬੇਨਤੀ ਨੂੰ ਅਪ੍ਰਵਾਨ ਕਰ ਦਿੱਤਾ ਕਿ ਬੱਗਾ ਨੂੰ ਹਰਿਆਣਾ ਵਿਚ ਹੀ ਰੱਖਿਆ ਜਾਵੇ। ਇਸ ਤੋਂ ਪਹਿਲਾਂ ਰੋਪੜ ਪੁਲਸ ਵੱਲੋਂ ਦਰਜ ਇਸ ਕਿਸਮ ਦੇ ਇੱਕ ਮਾਮਲੇ ਵਿਚ ‘ਆਪ’ ਪ੍ਰਮੁੱਖ ਅਰਵਿੰਦ ਕੇਜਰੀਵਾਲ ’ਤੇ ਟਿੱਪਣੀ ਕਰਨ ਦੇ ਮਾਮਲੇ ਵਿਚ ਮੁਲਜ਼ਮ ਬਣਾਏ ਗਏ ਕਵੀ ਕੁਮਾਰ ਵਿਸ਼ਵਾਸ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਇਹ ਤੱਕ ਟਿੱਪਣੀ ਕਰ ਚੁੱਕਿਆ ਹੈ ਕਿ ਕੁਮਾਰ ਵਿਸ਼ਵਾਸ ਖ਼ਿਲਾਫ਼ ਦਰਜ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਲੱਗਦਾ ਹੈ। ਦਿੱਲੀ ਦੇ ਭਾਜਪਾ ਨੇਤਾ ਨਵੀਨ ਜਿੰਦਲ ਵੀ ਇੰਝ ਹੀ ਇੱਕ ਮਾਮਲੇ ਵਿਚ ਅਦਾਲਤ ਤੋਂ ਜ਼ਮਾਨਤ ਲੈਣ ਵਿਚ ਕਾਮਯਾਬ ਰਹੇ ਅਤੇ ਭਾਜਪਾ ਨੇਤਾ ਪ੍ਰੀਤੀ ਗਾਂਧੀ ਵੀ। ਕਾਂਗਰਸ ਨੇਤਾ ਅਲਕਾ ਲਾਂਬਾ ਵੀ ਰੋਪੜ ਪੁਲਸ ਵੱਲੋਂ ਉਨ੍ਹਾਂ ਖ਼ਿਲਾਫ਼ ਦਰਜ ਕੇਸ ਵਿਚ ਹਾਈਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News