ਪੰਜਾਬ ਪੁਲਸ ਦਾ ਮੁਲਾਜ਼ਮ ਸੁਖਵਿੰਦਰ ਬਜ਼ੁਰਗ ਔਰਤ ਲਈ ਬਣਿਆ ਮਸੀਹਾ (ਵੀਡੀਓ)
Friday, Apr 26, 2019 - 03:23 PM (IST)
ਕਪੂਰਥਲਾ (ਸੰਦੀਪ) - ਕਿਸਾਨਾਂ ਵਲੋਂ ਦਿਨ-ਰਾਤ ਇਕ ਕਰਕੇ ਤਿਆਰ ਕੀਤੀ ਗਈ ਕਣਕ ਦੀ ਫਸਲ ਜਿੱਥੇ ਪੱਕ ਕੇ ਤਿਆਰ ਹੋ ਚੁੱਕੀ ਹੈ, ਉੱਥੇ ਹੀ ਫਸਲ ਨੂੰ ਅੱਗ ਲੱਗ ਜਾਣ ਦੀਆਂ ਕਈ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਤੇਜ਼ ਮੀਂਹ ਅਤੇ ਫਸਲਾਂ ਨੂੰ ਲੱਗਦੀ ਅੱਗ ਕਾਰਨ ਕਈ ਕਿਸਾਨ ਆਰਥਿਕ ਤੰਗੀ ਦਾ ਸ਼ਿਕਾਰ ਹੋ ਕੇ ਮੌਤ ਨੂੰ ਗਲੇ ਲਗਾ ਲੈਂਦੇ ਹਨ। ਅਜਿਹੀ ਹਾਲਤ 'ਚ ਸਰਕਾਰ ਕਿਸਾਨਾਂ ਦੀ ਮਦਦ ਲਈ ਕਦੋਂ ਪਹੁੰਚੇਗੀ ਪਤਾ ਨਹੀਂ ਪਰ ਇਨ੍ਹਾਂ ਕਿਸਾਨਾਂ ਲਈ ਪੰਜਾਬ ਪੁਲਸ ਦਾ ਮੁਲਾਜ਼ਮ ਸੁਖਵਿੰਦਰ ਸਿੰਘ ਕਿਸੇ ਮਸੀਹਾ ਨਾਲੋਂ ਘੱਟ ਨਹੀਂ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਫੇਸਬੁੱਕ 'ਤੇ ਇਕ ਬਜ਼ੁਰਗ ਔਰਤ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ, ਜਿਸ 'ਚ ਉਕਤ ਮਹਿਲਾ ਆਪਣੇ ਖੇਤ 'ਚ ਫਸਲ ਨੂੰ ਲੱਗੀ ਅੱਗ ਦੇ ਬਾਰੇ ਦੱਸ ਕੇ ਮਦਦ ਕਰਨ ਦੀ ਮੰਗ ਰਹੀ ਸੀ।
ਵਾਇਰਲ ਹੋ ਰਹੀ ਇਸ ਵੀਡੀਓ ਨੂੰ ਜਦੋਂ ਪੁਲਸ ਮੁਲਾਜ਼ਮ ਸੁਖਵਿੰਦਰ ਸਿੰਘ ਨੇ ਦੇਖਿਆ ਤਾਂ ਉਸ ਨੇ ਉਕਤ ਬਜ਼ੁਰਗ ਔਰਤ ਦਾ ਪਤਾ ਲਗਾਇਆ ਅਤੇ ਆਪਣੀ ਤਨਖਾਹ 'ਚੋਂ, ਐੱਨ. ਆਰ. ਆਈ. ਤੇ ਪੰਜਾਬੀ ਵੀਰਾਂ ਦੀ ਮਦਦ ਨਾਲ ਬਜ਼ੁਰਗ ਮਹਿਲਾ ਨੂੰ 55 ਹਜ਼ਾਰ ਰੁਪਏ ਦੇ ਕੇ ਉਸ ਦੀ ਮਦਦ ਕੀਤੀ। ਦੱਸਣਯੋਗ ਹੈ ਕਿ ਦੀਪੇਵਾਲ ਦੀ ਰਹਿਣ ਵਾਲੀ ਬਜ਼ੁਰਗ ਔਰਤ ਚਨਨ ਕੌਰ ਕੋਲ ਦੋ ਏਕੜ ਜ਼ਮੀਨ ਹੈ, ਜਿਸ 'ਤੇ ਖੇਤੀ ਕਰਨ ਨਾਲ ਉਸ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ। ਮੰਗਲਵਾਰ ਦੀਪੇਵਾਲ 'ਚ ਲੱਗੀ ਅੱਗ ਨਾਲ ਮਾਤਾ ਚਨਨ ਕੌਰ ਦੀ ਦੋ ਏਕੜ ਕਣਕ ਨਾਲ-ਨਾਲ 125 ਏਕੜ ਕਣਕ ਸੜ ਕੇ ਸੁਆਹ ਹੋ ਗਈ ਸੀ।