ਵੱਡੀ ਖ਼ਬਰ: ਪੰਜਾਬ ਕਾਂਗਰਸ ਨੇ 6 ਸਾਲਾਂ ਲਈ ਪਾਰਟੀ ''ਚੋਂ ਕੱਢਿਆ ਇਹ ਆਗੂ

Saturday, May 23, 2026 - 02:51 PM (IST)

ਵੱਡੀ ਖ਼ਬਰ: ਪੰਜਾਬ ਕਾਂਗਰਸ ਨੇ 6 ਸਾਲਾਂ ਲਈ ਪਾਰਟੀ ''ਚੋਂ ਕੱਢਿਆ ਇਹ ਆਗੂ

ਜਲੰਧਰ (ਚੋਪੜਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਨੁਸ਼ਾਸਨੀ ਕਾਰਵਾਈ ਕਮੇਟੀ ਦੇ ਚੇਅਰਮੈਨ ਅਵਤਾਰ ਹੈਨਰੀ ਨੇ ਅੰਮ੍ਰਿਤਸਰ ਦੇ ਕਾਂਗਰਸ ਆਗੂ ਰਾਜੀਵ ਮਰਵਾਹਾ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ਵਿਚ 6 ਸਾਲਾਂ ਲਈ ਕਾਂਗਰਸ ਪਾਰਟੀ ਵਿਚੋਂ ਕੱਢਣ ਦੇ ਹੁਕਮ ਜਾਰੀ ਕੀਤੇ ਹਨ।

ਅਵਤਾਰ ਹੈਨਰੀ ਨੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਦੇ ਮਜੀਠਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਇਕ ਸ਼ਿਕਾਇਤ ਭੇਜੀ ਗਈ ਸੀ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਕਿ ਰਾਜੀਵ ਮਰਵਾਹਾ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 8 ਤੋਂ ਕਾਂਗਰਸ ਉਮੀਦਵਾਰ ਗੁਰਦੀਪ ਸਿੰਘ ਮੱਲ੍ਹੀ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਨਾਲ ਚੋਣ ਲੜ ਰਹੇ ਆਗੂ ਪ੍ਰਿੰਸ ਨਈਅਰ ਦੇ ਪੱਖ ਵਿਚ ਖੁੱਲ੍ਹ ਕੇ ਪ੍ਰਚਾਰ ਕਰ ਰਹੇ ਸਨ।

ਸ਼ਿਕਾਇਤ ਵਿਚ ਇਹ ਵੀ ਕਿਹਾ ਗਿਆ ਕਿ ਰਾਜੀਵ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਵੀ ਅਕਾਲੀ ਦਲ ਦੀ ਹਮਾਇਤ ਵਾਲੇ ਉਮੀਦਵਾਰ ਲਈ ਵੋਟਾਂ ਮੰਗਣ ਦਾ ਪ੍ਰਚਾਰ ਕੀਤਾ। ਇਸ ਨਾਲ ਕਾਂਗਰਸ ਅਹੁਦੇਦਾਰਾਂ ਅਤੇ ਵਰਕਰਾਂ ਵਿਚ ਭਾਰੀ ਰੋਸ ਪੈਦਾ ਹੋ ਗਿਆ।

ਅਵਤਾਰ ਹੈਨਰੀ ਨੇ ਕਿਹਾ ਕਿ ਅਨੁਸ਼ਾਸਨੀ ਕਮੇਟੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਕਿ ਰਾਜੀਵ ਦੀਆਂ ਸਰਗਰਮੀਆਂ ਪਾਰਟੀ ਅਨੁਸ਼ਾਸਨ ਅਤੇ ਮਰਿਆਦਾ ਦੇ ਖ਼ਿਲਾਫ਼ ਹਨ। ਕਿਸੇ ਵੀ ਅਹੁਦੇਦਾਰ ਜਾਂ ਵਰਕਰ ਵੱਲੋਂ ਪਾਰਟੀ ਉਮੀਦਵਾਰ ਖ਼ਿਲਾਫ਼ ਪ੍ਰਚਾਰ ਕਰਨਾ ਜਥੇਬੰਦਕ ਨਿਯਮਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ।

ਇਸੇ ਆਧਾਰ ’ਤੇ ਕਾਰਵਾਈ ਕਰਦਿਆਂ ਅਵਤਾਰ ਹੈਨਰੀ ਨੇ ਹੁਕਮ ਜਾਰੀ ਕਰ ਕੇ ਰਾਜੀਵ ਨੂੰ ਤੁਰੰਤ ਪ੍ਰਭਾਵ ਨਾਲ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ 6 ਸਾਲਾਂ ਲਈ ਕੱਢਣ ਦਾ ਐਲਾਨ ਕਰ ਦਿੱਤਾ। ਅਵਤਾਰ ਹੈਨਰੀ ਨੇ ਕਿਹਾ ਕਿ ਜਥੇਬੰਦੀ ਵਿਰੋਧੀ ਸਰਗਰਮੀਆਂ ਨੂੰ ਕਿਸੇ ਵੀ ਪੱਧਰ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਸਖ਼ਤ ਕਦਮ ਅੱਗੇ ਵੀ ਚੁੱਕਣੇ ਜਾਰੀ ਰਹਿਣਗੇ।


author

Anmol Tagra

Content Editor

Related News