ਲੋਕਾਂ ਨੂੰ ਥਾਣੇ ’ਚ ਬੰਦ ਕਰਨ ਦੀ ਧਮਕੀ ਦੇਣ ਵਾਲਾ ਥਾਣੇਦਾਰ ਖੁਦ ਪਹੁੰਚਿਆ ਸਲਾਖਾਂ ਪਿੱਛੇ, ਪੁਲਸ ਨੇ ਕੀਤਾ ਗ੍ਰਿਫ਼ਤਾਰ

Monday, Aug 29, 2022 - 06:31 PM (IST)

ਨਾਭਾ (ਸੁਸ਼ੀਲ ਜੈਨ) : ਇਥੇ ਪੁਲਸ ਵਲੋਂ ਇਕ ਚੌਂਕੀ ਇੰਚਾਰਜ ਥਾਣੇਦਾਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾਂਦਾ ਹੈ ਕਿ ਥਾਣਾ ਸਦਰ ਪੁਲਸ ਅਧੀਨ ਪੈਂਦੀ ਚੌਂਕੀ ਗਲਵੱਟੀ ਦੇ ਇੰਚਾਰਜ ਸਹਾਇਕ ਥਾਣੇਦਾਰ ਚਮਨ ਲਾਲ ਖ਼ਿਲਾਫ ਥਾਣਾ ਸਦਰ ਪੁਲਸ ਨੇ ਪਿਛਲੀ ਦੇਰ ਰਾਤੀ ਧਾਰਾ 7, 7ਏ, ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਮਾਮਲਾ ਦਰਜ ਕਰਕੇ ਤੁਰੰਤ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਮਾਈਨਿੰਗ ਦਾ ਮਾਮਲਾ ਦਰਜ ਕਰਕੇ ਟਰੈਕਟਰ ਟਰਾਲੀ ਕਬਜ਼ੇ ਵਿਚ ਲਈ ਸੀ, ਜਿਸ ਨੂੰ ਛੁਡਵਾਉਣ ਦੇ ਬਦਲੇ ਵਿਚ ਸਹਾਇਕ ਥਾਣੇਦਾਰ ਚਮਨ ਲਾਲ ਨੇ 6 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ। ਡੀ. ਐਸ. ਪੀ. ਦਵਿੰਦਰ ਅੱਤਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਵਿੱਕੀ ਤੇ ਚਮਨ ਲਾਲ ਖ਼ਿਲਾਫ ਦਾਰਾ ਖਾਨ ਪੁੱਤਰ ਜੰਗ ਖਾਨ ਵਾਸੀ ਪਿੰਡ ਬਾਗੜੀਆਂ (ਅਮਰਗੜ੍ਹ ਥਾਣਾ) ਵਲੋਂ ਰਿਸ਼ਵਤ ਲੈਣ ਦਾ ਮਾਮਲਾ ਦਰਜ ਹੋਇਆ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਸ ਨੂੰ ਦਿੱਤੀ ਧਮਕੀ

ਇਥੇ ਇਹ ਵੀ ਦੱਸਣਯੋਗ ਹੈ ਕਿ ਰਿਸ਼ਵਤ ਲੈਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਨਾਲ ਖਾਕੀ ਵਰਦੀ ਨੂੰ ਦਾਗ ਲੱਗ ਗਿਆ, ਜਿਸ ਕਰਕੇ ਪੁਲਸ ਨੇ ਉਚ ਅਧਿਕਾਰੀਆਂ ਦੇ ਨਿਰਦੇਸ਼ ਅਨੁਸਾਰ ਮਾਮਲਾ ਦਰਜ ਕਰਕੇ ਆਪਣੇ ਹੀ ਥਾਣੇਦਾਰ ਨੂੰ ਸਲਾਖਾਂ ਪਿੱਛੇ ਬੰਦ ਕਰ ਦਿੱਤਾ। ਵਰਨਣਯੋਗ ਹੈ ਕਿ ਇਹ ਥਾਣੇਦਾਰ ਪਹਿਲਾਂ ਹੀ ਕਈ ਦਿਨਾਂ ਤੋਂ ਕਥਿਤ ਭ੍ਰਿਸ਼ਟਾਚਾਰ ਕਾਰਨ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਅਕਸਰ ਇਹ ਥਾਣੇਦਾਰ ਸਲਾਖਾਂ ਪਿੱਛੇ ਬੰਦ ਕਰਨ ਦੀ ਧਮਕੀ ਦਿੰਦਾ ਸੀ ਕਿ ਰਾਤੀ ਖੁੱਦ ਹੀ ਸਲਾਖਾਂ ਪਿੱਛੇ ਬੰਦ ਹੋ ਗਿਆ। ਐੱਸ. ਐੱਚ. ਓ. ਅਨੁਸਾਰ ਇਸ ਥਾਣੇਦਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਜਦੋਂ ਕਿ ਚੌਂਕੀ ਦਾ ਕਰਮਚਾਰੀ ਵਿੱਕੀ ਅਜੇ ਪੁਲਸ ਦੀ ਪਕੜ੍ਹ ਤੋਂ ਬਾਹਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਜਾਰੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ’ਚ ਬੈਠੇ ਗੈਂਗਸਟਰ ਰਿੰਦਾ ਦੀ ਪੰਜਾਬ ਪੁਲਸ ਨੂੰ ਧਮਕੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
 


Gurminder Singh

Content Editor

Related News