ਦਲਿਤਾਂ ''ਤੇ ਜ਼ੁਲਮ ਦੀਆਂ ਸ਼ਿਕਾਇਤਾਂ ''ਤੇ ਕਾਰਵਾਈ ਨਹੀਂ ਕਰ ਰਹੀ ਪੰਜਾਬ ਪੁਲਸ : ਭਾਜਪਾ
Monday, Jun 12, 2017 - 06:50 AM (IST)
ਚੰਡੀਗੜ੍ਹ - ਐੱਸ. ਸੀ. ਮੋਰਚਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਦੇਸ਼ ਅਹੁਦੇਦਾਰਾਂ ਦੀ ਬੈਠਕ ਅੱਜ ਪ੍ਰਦੇਸ਼ ਪ੍ਰਧਾਨ ਮਨਜੀਤ ਬਾਲੀ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਸਥਿਤ ਸੂਬਾ ਦਫਤਰ 'ਚ ਹੋਈ। ਭਾਜਪਾ ਪੰਜਾਬ ਦੇ ਜਨਰਲ ਸਕੱਤਰ ਕੇਵਲ ਕੁਮਾਰ ਅਤੇ ਸਕੱਤਰ ਵਿਨੀਤ ਜੋਸ਼ੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਮੌਕੇ ਸਾਰਿਆਂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸੀ ਗੁੰਡੇ ਦਲਿਤਾਂ ਦੀ ਹੱਤਿਆ ਕਰ ਰਹੇ ਹਨ, ਉਨ੍ਹਾ ਦੀਆਂ ਜਮੀਨਾਂ 'ਤੇ ਕਬਜ਼ਾ ਕਰ ਰਹੇ ਹਨ, ਸਰੇਬਾਜ਼ਾਰ ਉਨ੍ਹਾਂ ਦੀ ਕੁੱਟਮਾਰ ਕਰ ਰਹੇ ਹਨ, ਕੱਪੜੇ ਪਾੜ ਕੇ ਨੰਗਾ ਘੁਮਾ ਰਹੇ ਹਨ, ਜ਼ਿੰਦਾ ਸਾੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਦਲਿਤ ਔਰਤਾਂ ਨਾਲ ਜ਼ੋਰ-ਜ਼ਬਰਦਸਤੀ ਕਰ ਰਹੇ ਹਨ ਅਤੇ ਪੰਜਾਬ ਪੁਲਸ ਹੱਥ 'ਤੇ ਹੱਥ ਰੱਖ ਕੇ ਮੂਕ ਦਰਸ਼ਕ ਬਣੀ ਬੈਠੀ ਹੈ। ਐੱਸ. ਸੀ. ਮੋਰਚਾ ਭਾਜਪਾ ਪੰਜਾਬ ਦੇ ਨੇਤਾਵਾਂ ਨੇ ਸਪੱਸ਼ਟ ਕਿਹਾ ਦਿ ਜੇਕਰ ਮਾਨਸਾ ਦੇ ਪਿੰਡ ਖਿਆਲੀਚਾਹਲਾਂ ਵਾਲੀ, ਤਰਨਤਾਰਨ ਜ਼ਿਲੇ ਦੇ ਪੱਟੀ, ਗੁਰਦਾਸਪੁਰ ਜ਼ਿਲੇ ਦੇ ਪਿੰਡ ਚੱਕਸ਼ਰੀਫ, ਤਰਨਤਾਰਨ ਦੇ ਪਿੰਡ ਨੱਥੂ ਚੱਕ ਤੇ ਹਰੀਕੇ ਪੱਤਣ, ਮੋਗਾ ਜ਼ਿਲੇ ਦੇ ਪਿੰਡ ਡੱਡੂ ਸ਼ਰਕੀ, ਜਲੰਧਰ ਦੇ ਨਜ਼ਦੀਕ ਪਿੰਡ ਕੰਡੋਲਾ ਆਦਿ ਦੇ ਦੋਸ਼ੀ ਕਾਂਗਰਸੀਆਂ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਪੰਜਾਬ ਭਰ ਵਿਚ ਸੜਕਾਂ 'ਤੇ ਉੱਤਰ ਕੇ ਅੰਦੋਲਨ ਸ਼ੁਰੂ ਕਰਨਗੇ।
