ਪੰਜਾਬ ’ਚ ਮਾਸਕ ਪਹਿਨਣਾ ਹੋਇਆ ਲਾਜ਼ਮੀ

Thursday, Apr 09, 2020 - 10:22 PM (IST)

ਚੰਡੀਗੜ੍ਹ (ਅਸ਼ਵਨੀ-ਰਾਜਿੰਦਰ)- ਪੰਜਾਬ 'ਚ ਹੁਣ ਘਰੋਂ ਬਾਹਰ ਨਿਕਲਣ 'ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਇਸ ਸਬੰਧੀ ਸਿਹਤ ਵਿਭਾਗ ਨੂੰ ਐਡਵਾਇਜ਼ਰੀ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਜਨਤਾ ਨੂੰ ਬੇਨਤੀ ਕੀਤੀ ਕਿ ਲੋਕ ਕੱਪੜੇ ਨਾਲ ਬਣੇ ਮਾਸਕ ਵੀ ਪਹਿਨ ਸਕਦੇ ਹਨ। ਲੋਕ ਆਪਣੇ ਕੱਪੜੇ ਦੇ ਮਾਸਕ ਨੂੰ ਰੋਜ਼ਾਨਾ ਸਾਬਣ ਤੇ ਡਿਟਰਜੈਂਟ ਨਾਲ ਧੋਣ ਤੇ ਜਦੋਂ ਵੀ ਘਰੋਂ ਬਾਹਰ ਨਿਕਲਣ, ਮਾਸਕ ਪਹਿਨਕੇ ਨਿਕਲਣ। ਇਸੇ ਰਾਹੀਂ ਹੀ ਅਸੀ ਸਭ ਮਿਲ ਕੇ ਆਪਣੀ ਸੁਰੱਖਿਆ ਤੇ ਸਫ਼ਾਈ ਨੂੰ ਪੁਖਤਾ ਕਰ ਕੇ ਕੋਵਿਡ-19 ਤੋਂ ਬਚਾਅ ਕਰ ਸਕਦੇ ਹਾਂ।
ਪੰਜਾਬ ਸਰਕਾਰ ਨੇ ਵੀਰਵਾਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਜੇਕਰ ਕੋਈ ਵੀ ਵਿਅਕਤੀ ਘਰੋਂ ਬਾਹਰ ਬਿਨਾਂ ਮਾਸਕ ਪਹਿਨੇ ਨਿਕਲਦਾ ਹੈ, ਤਾਂ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ। ਪ੍ਰਸ਼ਾਸਨ ਨੇ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਦੇ ਹੁਕਮ ਦਿੱਤੇ ਹਨ। ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਵਿਸ਼ਵ ਮਹਾਮਾਰੀ ਐਲਾਨਿਆ ਹੋਇਆ ਹੈ। ਭਾਰਤ ਸਰਕਾਰ ਨੇ 25 ਮਾਰਚ ਤੋਂ 14 ਅਪ੍ਰੈਲ ਅੱਧੀ ਰਾਤ ਤੱਕ ਲਾਕਡਾਊਨ ਦਾ ਐਲਾਨ ਕੀਤਾ ਹੈ। ਵੱਖ-ਵੱਖ ਤਰ੍ਹਾਂ ਦੀ ਸਟੱਡੀ 'ਚ ਸਾਹਮਣੇ ਆਇਆ ਹੈ ਕਿ ਚਿਹਰੇ ਦਾ ਮਾਸਕ ਕੋਰੋਨਾ ਵਾਇਰਸ ਦੇ ਖਤਰੇ ਨੂੰ ਕਾਫ਼ੀ ਘੱਟ ਕਰ ਦਿੰਦਾ ਹੈ। ਸੋਸ਼ਲ ਡਿਸਟੈਂਸਿੰਗ ਤੋਂ ਇਲਾਵਾ ਕੋਰੋਨਾ ਨੂੰ ਰੋਕਣ 'ਚ ਇਹ ਕਾਫ਼ੀ ਮੱਦਦਗਾਰ ਸਾਬਤ ਹੁੰਦਾ ਹੈ। ਇਸ ਲਈ ਪ੍ਰਸ਼ਾਸਨ ਨੇ ਫ਼ੈਸਲਾ ਲਿਆ ਹੈ ਕਿ ਸ਼ਹਿਰ ਦੇ ਹਰ ਇਕ ਵਿਅਕਤੀ ਨੂੰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।

PunjabKesari
ਗੱਡੀ ਦੇ ਅੰਦਰ ਵੀ ਮਾਸਕ ਜ਼ਰੂਰੀ
ਪ੍ਰਸ਼ਾਸਨ ਨੇ ਡਿਜ਼ਾਸਟਰ ਮੈਨੇਜਮੈਂਟ ਐਕਟ-2005 ਦੀ ਧਾਰਾ-22 ਤਹਿਤ ਹੁਕਮ ਜਾਰੀ ਕੀਤੇ ਹਨ ਕਿ ਕਿਸੇ ਵੀ ਹਸਪਤਾਲ, ਸੜਕ, ਦਫ਼ਤਰ, ਮਾਰਕਿਟ ਆਦਿ ਜਾਣ 'ਤੇ ਥ੍ਰੀ ਪਲਾਈ ਮਾਸਕ ਪਹਿਨਣਾ ਲਾਜ਼ਮੀ ਹੈ। ਕੋਈ ਵੀ ਵਿਅਕਤੀ ਜੇਕਰ ਪੈਦਲ ਜਾਂ ਗੱਡੀ ਅੰਦਰ ਵੀ ਸਫ਼ਰ ਕਰ ਰਿਹਾ ਹੈ ਤਾਂ ਉਸ ਨੂੰ ਵੀ ਮਾਸਕ ਪਹਿਨਣਾ ਪਵੇਗਾ। ਇਸ ਤੋਂ ਇਲਾਵਾ ਕਿਸੇ ਵੀ ਦਫ਼ਤਰ ਜਾਂ ਹੋਰ ਸਥਾਨਾਂ 'ਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਵੀ ਮਾਸਕ ਪਹਿਨਣਾ ਜ਼ਰੂਰੀ ਹੈ। ਕੋਈ ਵੀ ਬੈਠਕ ਚਾਹੇ ਉਹ ਸਰਕਾਰੀ ਹੋ ਜਾਂ ਗੈਰ-ਸਰਕਾਰੀ ਮਾਸਕ ਦੇ ਬਿਨਾਂ ਨਹੀਂ ਹੋ ਸਕਦੀ। ਇਹ ਮਾਸਕ ਕਿਸੇ ਵੀ ਕੈਮਿਸਟ ਸ਼ਾਪ ਜਾਂ ਘਰੋਂ ਬਣਾਏ ਵੀ ਹੋ ਸਕਦੇ ਹਨ।
ਪੰਜਾਬ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਅੰਕੜਾ 129 ਤੱਕ ਪਹੁੰਚਿਆ
ਪੰਜਾਬ 'ਚ ਹੁਣ ਤੱਕ 129 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੋਹਾਲੀ 'ਚ ਸਭ ਤੋਂ ਵੱਧ ਕੋਰੋਨਾ ਦੇ 37 ਕੇਸ ਹਨ। ਨਵਾਂਸ਼ਹਿਰ 'ਚ ਕੋਰੋਨਾ ਦੇ 19 ਕੇਸ, ਹੁਸ਼ਿਆਰਪੁਰ ਦੇ 07 ਕੇਸ, ਜਲੰਧਰ, ਮਾਨਸਾ ਅਤੇ ਅੰਮ੍ਰਿਤਸਰ 'ਚ 11-11 ਕੇਸ, ਲੁਧਿਆਣਾ 'ਚ 09 ਕੇਸ, ਪਟਿਆਲਾ-ਸੰਸਗਰੂ, ਕਪੂਰਥਲਾ ਅਤੇ ਸ੍ਰੀ ਮੁਕਤਸਰ ਸਾਹਿਬ 'ਚ 1-1 ਕੇਸ ਪਾਜ਼ੀਟਿਵ ਪਾਇਆ ਗਿਆ ਹੈ। ਰੋਪੜ 'ਚ ਕੋਰੋਨਾ ਦੇ 3 ਕੇਸ, ਪਠਾਨਕੋਟ 'ਚ 7, ਫਰੀਦਕੋਟ ਅਤੇ ਬਰਨਾਲਾ ਅਤੇ ਫਤਿਹਗੜ੍ਹ ਸਾਹਿਬ 'ਚ 2-2 ਕੇਸ ਅਤੇ ਮੋਗਾ 4 ਕੇਸ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ।


Gurdeep Singh

Content Editor

Related News