''ਆਪ'' ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਚਤੁਰਵੇਦੀ ਖ਼ਿਲਾਫ਼ ਦਿੱਤੀ ਸ਼ਿਕਾਇਤ, ਲੁਧਿਆਣਾ ''ਚ ਵੀ ਦਰਜ ਹੋਇਆ ਪਰਚਾ
Thursday, Oct 16, 2025 - 12:29 PM (IST)

ਲੁਧਿਆਣਾ: ਲੁਧਿਆਣਾ 'ਚ ਹਲਕਾ ਸੈਂਟਰਲ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਅਸ਼ੋਕ ਕੁਮਾਰ ਪਰਾਸ਼ਰ (ਪੱਪੀ) ਨੇ ਜਨਤਾ ਪਾਰਟੀ ਦੇ ਪ੍ਰਧਾਨ ਨਵਨੀਤ ਚਤੁਰਵੇਦੀ ਖ਼ਿਲਾਫ਼ ਡਵੀਜ਼ਨ ਨੰਬਰ 2 ਪੁਲਿਸ ਸਟੇਸ਼ਨ ਵਿਚ ਇੱਕ ਸ਼ਿਕਾਇਤ ਦਰਜ ਕਰਵਾਈ ਹੈ। ਵਿਧਾਇਕ ਪਰਾਸ਼ਰ ਨੇ ਦੋਸ਼ ਲਾਇਆ ਹੈ ਕਿ ਚਤੁਰਵੇਦੀ ਨੇ ਉਨ੍ਹਾਂ ਦੇ ਰਾਜ ਸਭਾ ਨਾਮਜ਼ਦਗੀ ਪੱਤਰਾਂ 'ਤੇ ਜਾਅਲੀ ਦਸਤਖਤ ਕੀਤੇ ਸਨ। ਇਸ ਤਹਿਤ ਨਵਨੀਤ ਚਤੁਰਵੇਦੀ ਖ਼ਿਲਾਫ਼ ਭਾਰਤੀ ਨਿਆ ਸੰਹਿਤਾ ਦੀਆਂ ਧਾਰਾਵਾਂ 318 (4), 338, 336 (3) ਅਤੇ 61 (2) ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਸ਼ਿਕਾਇਤ ਵਿਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਚਤੁਰਵੇਦੀ ਦੇ ਇਹ ਕੰਮ ਚੋਣ ਕਮਿਸ਼ਨ ਅਤੇ ਜਨਤਾ ਨੂੰ ਗੁੰਮਰਾਹ ਕਰਨ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਸਨ, ਜੋ ਕਿ ਇਕ ਗੰਭੀਰ ਅਪਰਾਧਿਕ ਜੁਰਮ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ! ਪੜ੍ਹੋ ਪੂਰੀ List
ਵਿਧਾਇਕ ਅਸ਼ੋਕ ਪਰਾਸ਼ਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਦਾ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਨੂੰ ਵਟਸਐਪ 'ਤੇ ਇਕ ਤਸਵੀਰ ਮਿਲੀ, ਜਿਸ ਵਿਚ ਵਿਧਾਇਕਾਂ ਦੀ ਇਕ ਸੂਚੀ ਦਿਖਾਈ ਗਈ ਸੀ, ਜਿਨ੍ਹਾਂ ਦੇ ਦਸਤਖਤਾਂ ਨਾਲ ਚਤੁਰਵੇਦੀ ਦੇ ਨਾਂ ਨੂੰ ਰਾਜ ਸਭਾ ਮੈਂਬਰ ਵਜੋਂ ਪ੍ਰਸਤਾਵਿਤ ਕੀਤਾ ਗਿਆ ਸੀ। ਪਰਾਸ਼ਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਚਤੁਰਵੇਦੀ ਨੂੰ ਕਦੇ ਵੀ ਆਪਣੇ ਨਾਂ ਦੀ ਵਰਤੋਂ ਕਰਨ ਦਾ ਅਧਿਕਾਰ ਨਹੀਂ ਦਿੱਤਾ ਤੇ ਉਕਤ ਦਸਤਖਤ ਪੂਰੀ ਤਰ੍ਹਾਂ ਨਾਲ ਜਾਅਲੀ ਸਨ। ਪਰਾਸ਼ਰ ਨੇ ਇਸ ਕਾਰਵਾਈ ਨੂੰ ਲੋਕਤੰਤਰੀ ਪ੍ਰਕਿਰਿਆ ਵਿੱਚ ਹੇਰਫੇਰ ਕਰਨ ਦੀ ਕੋਸ਼ਿਸ਼ ਦੱਸਿਆ ਅਤੇ ਆਉਣ ਵਾਲੀ ਰਾਜ ਸਭਾ ਉਪ ਚੋਣ ਦੀ ਇਮਾਨਦਾਰੀ ਦੀ ਰੱਖਿਆ ਲਈ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ! ਦੁੱਗਣਾ ਕੀਤਾ ਕੋਟਾ
ਇਹ ਹੈ ਪੂਰਾ ਮਾਮਲਾ
ਨਵਨੀਤ ਚਤੁਰਵੇਦੀ ਨੇ 6 ਅਤੇ 10 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਸ ਵਿਚ ਉਸ ਵੱਲੋਂ 20 ਵਿਧਾਇਕਾਂ ਦੇ ਦਸਤਖਤ ਅਤੇ ਮੋਹਰਾਂ ਪ੍ਰਸਤਾਵਕ ਵਜੋਂ ਲਗਾ ਕੇ ਦਿੱਤੇ ਗਏ ਸਨ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ, ਉਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ 'ਆਮ ਆਦਮੀ ਪਾਰਟੀ' ਦੇ 67 ਵਿਧਾਇਕ ਉਸ ਦੇ ਸੰਪਰਕ ਵਿਚ ਹਨ ਅਤੇ ਉਸ ਨੂੰ ਰਾਜ ਸਭਾ ਲਈ ਵੋਟ ਦੇਣਗੇ। ਇਸ ਦਾਅਵੇ ਕਾਰਨ 'ਆਪ' ਵਿਚ ਹੰਗਾਮਾ ਮਚ ਗਿਆ ਅਤੇ ਮਾਮਲਾ ਹਾਈਕਮਾਨ ਤੱਕ ਪਹੁੰਚਿਆ। ਇਸ ਤੋਂ ਬਾਅਦ ਵਿਧਾਇਕਾਂ ਨੇ ਵਿਧਾਨ ਸਭਾ ਸਕੱਤਰ ਸਮੇਤ ਡੀ.ਜੀ.ਪੀ. ਨੂੰ ਸ਼ਿਕਾਇਤਾਂ ਦੇ ਕੇ ਜਾਂਚ ਲਈ ਕਿਹਾ ਸੀ। ਕਾਗਜ਼ਾਂ ਦੀ ਜਾਂਚ ਤੋਂ ਪਹਿਲਾਂ ਹੀ ਪੁਲਸ ਨੇ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਨਵਨੀਤ ਚਤੁਰਵੇਦੀ ਖਿਲਾਫ ਅਪਰਾਧਿਕ ਮਾਮਲੇ ਦਰਜ ਕੀਤੇ ਸਨ। ਪੰਜਾਬ ਪੁਲਸ ਹੁਣ ਚਤੁਰਵੇਦੀ ਦੀ ਹਿਰਾਸਤ ਲਈ ਯਤਨ ਕਰ ਰਹੀ ਹੈ। ਉੱਥੇ ਹੀ ਨਾਮਜ਼ਦਗੀ ਕਾਗਜ਼ਾਂ ਦੀ ਜਾਂਚ ਦੌਰਾਨ, ਚੋਣ ਅਧਿਕਾਰੀਆਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਕਿ ਵਿਧਾਇਕ ਪਰਾਸ਼ਰ ਸਮੇਤ ਸਾਰੇ 10 ਵਿਧਾਇਕਾਂ ਦੇ ਦਸਤਖਤ ਜਾਅਲੀ ਸਨ, ਜਿਸ ਕਾਰਨ ਚਤੁਰਵੇਦੀ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ।