ਪੰਜਾਬ ਵਜ਼ਾਰਤ ’ਚ ਸ਼ਾਮਲ ਹੋਣਗੇ ਫੌਜਾ ਸਿੰਘ ਸਰਾਰੀ, ਮੁੱਖ ਮੰਤਰੀ ਨੇ ਫੋਨ ਕਰਕੇ ਖੁਦ ਦਿੱਤੀ ਜਾਣਕਾਰੀ

Sunday, Jul 03, 2022 - 04:44 PM (IST)

ਗੁਰੂਹਰਸਹਾਏ (ਮਨਜੀਤ ) : ਪੰਜਾਬੀ ਦੀ ਕਾਹਵਤ ਹੈ ਕਿ ਜੇਕਰ ਇਨਸਾਨ ਸਹੀ ਮੰਜ਼ਿਲ ਦੀ ਤਲਾਸ਼ ਵੱਲ ਤੁਰ ਪਵੇ ਤਾਂ ਉਸ ਨੂੰ ਮੰਜ਼ਿਲ ਮਿਲੀ ਹੀ ਜਾਂਦੀ ਹੈ। ਇਹ ਕਹਾਵਤ ਫੌਜਾ ਸਿੰਘ ਸਰਾਰੀ ’ਤੇ ਵੀ ਢੁੱਕਦੀ ਹੈ ਅਤੇ ਜਿਨ੍ਹਾਂ ਨੇ ਕਈ ਸਾਲ ਪੰਜਾਬ ਪੁਲਸ ’ਚ ਬਤੌਰ ਇਮਾਨਦਾਰ ਅਫ਼ਸਰ ਵਜੋਂ ਸੇਵਾਵਾਂ ਦੇਣ ਤੋਂ ਬਾਅਦ ਵਿਭਾਗ ’ਚੋਂ ਐੱਸ.ਐੱਚ.ਓ. ਦੇ ਅਹੁਦੇ ਤੋਂ ਰਿਟਾਇਰਮੈਟ ਹੋਏ ਸਨ। ਜਿਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਵਿਧਾਨ ਸਭਾ ਹਲਕੇ ਗੁਰੂਹਰਸਹਾਏ ਤੋਂ ਉਮੀਦਵਾਰ ਬਣਾਇਆ ਗਿਆ। ਚੋਣਾਂ ਵਿਚ ਉਨ੍ਹਾਂ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੜ੍ਹ ’ਚ ਝੰਡਾ ਬੁਲੰਦ ਕਰ ਕੇ ਭਾਰੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ। 

ਇਸ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਕੈਬਿਨਟ ਮੰਤਰੀਆਂ ਦੀ ਦੂਜੀ ਸੂਚੀ ’ਚ ਵਿਧਾਇਕ ਫ਼ੌਜਾ ਸਿੰਘ ਸਰਾਰੀ ਨੂੰ ਕੈਬਨਿਟ ਮੰਤਰੀ ਬਣਾਉਣ ਲਈ ਨਾਮ ਸ਼ਾਮਲ ਕੀਤਾ ਗਿਆ ਹੈ, ਇਸ ਦੀ ਸੂਚਨਾ ਫੋਨ ਰਾਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਵਿਧਾਇਕ ਨੂੰ ਦਿੱਤੀ ਗਈ ਹੈ। ਇਸ ਤੋਂ ਬਾਅਦ ਵਿਧਾਇਕ ਦੇ ਦਫ਼ਤਰ ’ਚ ਵਰਕਰਾਂ ਤੇ ਸਮਰਥਕਾਂ ਨੇ ਖ਼ੁਸ਼ੀ ’ਚ ਲੱਡੂ ਵੰਡ ਕੇ ਉਨ੍ਹਾਂ ਦਾ ਮੂੰਹ ਦਾ ਮਿੱਠਾ ਕਰਵਾਇਆ। ਗੁਰੂਹਰਸਹਾਏ ਦੇ ਵਿਧਾਇਕ ਫ਼ੌਜਾ ਸਿੰਘ ਸਰਾਰੀ ਨੇ ‘ਜਗਬਾਣੀ’ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸਣੇ ਪੰਜਾਬ ਦੀ ਸਮੁੱਚੀ ਕੈਬਨਿਟ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਮੇਸ਼ਾ ਹੀ ਉਨ੍ਹਾਂ ਪੰਜਾਬ ਦੀ ਭਲਾਈ ਲਈ ਨਿਰਪੱਖ ਸੋਚ ਰੱਖੀ ਹੈ ਅਤੇ ਜਿਹੜੀ ਵੀ  ਪੰਜਾਬ ਸਰਕਾਰ ਉਨ੍ਹਾਂ ਨੂੰ ਜ਼ਿੰਮੇਵਾਰੀ ਦੇਣ ਜਾ ਰਹੀ ਉਹ ਤਨਦੇਹੀ ਨਾਲ ਨਿਭਾਉਣਗੇ। ਉਨਾਂ ਕਿਹਾ ਕਿ ਉਹ ਭ੍ਰਿਸ਼ਟਾਚਾਰ, ਜ਼ੁਰਮ ਅਤੇ ਨਸ਼ੇ ਵਿਰੁੱਧ ਹਨ ਅਤੇ ਕਿਸੇ ਵੀ ਵਿਅਕਤੀ ਨਾਲ ਧੱਕਾ ਨਹੀ ਹੋਣ ਦੇਣਗੇ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ। 


Gurminder Singh

Content Editor

Related News