ਪੰਜਾਬ ਦੇ ਮੰਤਰੀਆਂ ਦੀ ''ਅਸ਼ਵਨੀ ਸ਼ਰਮਾ'' ਨੂੰ ਚਿਤਾਵਨੀ, ''ਮਰਿਆਦਾ ਦੀਆਂ ਹੱਦਾਂ ਪਾਰ ਨਾ ਕਰੋ''

12/28/2020 4:12:17 PM

ਚੰਡੀਗੜ੍ਹ : ਨੀਵੇਂ ਦਰਜੇ ਦੀ ਬਿਆਨਬਾਜ਼ੀ ਕਰਕੇ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਲਈ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ’ਤੇ ਵਰ੍ਹਦਿਆਂ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਨਿੰਦਣਯੋਗ ਅਤੇ ਅਣਉੱਚਿਤ ਵਤੀਰਾ ਅਪਣਾ ਕੇ ਮਰਿਆਦਾ ਦੀਆਂ ਹੱਦਾ ਪਾਰ ਨਾ ਕਰਨ। ਇੱਥੇ ਜਾਰੀ ਇਕ ਇੱਕ ਸਾਂਝੇ ਬਿਆਨ 'ਚ ਸੀਨੀਅਰ ਕੈਬਨਿਟ ਮੰਤਰੀਆਂ ਬ੍ਰਹਿਮ ਮਹਿੰਦਰਾ, ਭਾਰਤ ਭੂਸ਼ਣ ਆਸ਼ੂ, ਵਿਜੇ ਇੰਦਰ ਸਿੰਗਲਾ, ਓ. ਪੀ. ਸੋਨੀ ਅਤੇ ਸੁੰਦਰ ਸ਼ਾਮ ਅਰੋੜਾ ਨੇ ਸੂਬੇ ਦੇ ਚੋਟੀ ਦੇ ਪੁਲਸ ਅਧਿਕਾਰੀ ਖ਼ਿਲਾਫ਼ ਨਿਰ-ਆਧਾਰ ਦੋਸ਼ ਲਾਉਣ ਲਈ ਅਸ਼ਵਨੀ ਸ਼ਰਮਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਘਟੀਆ ਹੱਥਕੰਡੇ ਭਾਜਪਾ ਦੀ ਖੁਸ ਚੁੱਕੀ ਸਾਖ ਨੂੰ ਬਹਾਲ ਕਰਨ 'ਚ ਬਿਲਕੁਲ ਵੀ ਸਹਾਈ ਨਹੀਂ ਹੋਣਗੇ।

ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆ ਲਈ ਜਾਰੀ ਹੋਇਆ ਨਵਾਂ ਪੈਟਰਨ 

ਮੰਤਰੀਆਂ ਨੇ ਕਿਹਾ “ਤੁਸੀਂ ਸਾਡੇ ਕਿਸਾਨਾਂ ਦਾ ਖਾਲਿਸਤਾਨੀਆਂ, ਸ਼ਹਿਰੀ ਨਕਸਲੀਆਂ ਅਤੇ ਖੱਬੇ ਪੱਖੀਆਂ ਨਾਲ ਮੁਤਾਬਲਾ ਕੀਤਾ ਹੈ”। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਭਾਜਪਾ ਦੀ ਹਮੇਸ਼ਾ ਆਦਤ ਰਹੀ ਹੈ ਪਰ ਪੰਜਾਬ 'ਚ ਉਨ੍ਹਾਂ ਦੇ ਇਹ ਘਟੀਆ ਹੱਥਕੰਡੇ ਕੰਮ ਨਹੀਂ ਕਰਨਗੇ ਕਿਉਂਕਿ ਕਿਸਾਨਾਂ ਨੇ ਉਨ੍ਹਾਂ ਦੀਆਂ ਘਟੀਆ ਚਾਲਾਂ ਅਤੇ ਖੋਖਲੇ ਵਾਅਦਿਆਂ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਵੱਲੋਂ ਡੀ. ਜੀ. ਪੀ. ਖ਼ਿਲਾਫ ਲਗਾਏ ਗਏ ਨਿਰ-ਆਧਾਰ ਦੋਸ਼ਾ ਦਾ ਹਵਾਲਾ ਦਿੰਦਿਆਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮੱਦੇਨਜ਼ਰ ਅਸ਼ਵਨੀ ਸ਼ਰਮਾ ਦੀ ਨਿਰਾਸ਼ਾ ਤਾਂ ਸਮਝ 'ਚ ਆਉਂਦੀ ਹੈ ਪਰ ਉਸ ਵੱਲੋਂ ਇੰਨੀ ਛੇਤੀ ਆਪਣਾ ਮਾਨਸਿਕ ਸੰਤੁਲਨ ਗੁਆਉਣਾ ਸਮਝ ਤੋਂ ਪਰ੍ਹੇ ਹੈ।

ਇਹ ਵੀ ਪੜ੍ਹੋ : UT ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਦਾ 'ਫੇਸਬੁੱਕ ਅਕਾਊਂਟ' ਹੈਕ, ਲੋਕਾਂ ਨੂੰ ਚੌਕਸ ਰਹਿਣ ਦੀ ਕੀਤੀ ਅਪੀਲ

ਮੰਤਰੀਆਂ ਨੇ ਗੈਰ ਜ਼ਿੰਮੇਵਾਰਾਨਾ ਬਿਆਨਬਾਜ਼ੀ ਕਰਕੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਲਈ ਅਸ਼ਵਨੀ ਸ਼ਰਮਾ ਦੀ ਸਖ਼ਤ ਆਲੋਚਨਾ ਕੀਤੀ ਅਤੇ ਭਾਜਪਾ ਆਗੂ ਨੂੰ ਚਿਤਾਵਨੀ ਦਿੱਤੀ ਕਿ ਉਹ ਅਜਿਹੀਆਂ ਘਟੀਆ ਕਾਰਵਾਈਆਂ ਤੋਂ ਪਰਹੇਜ਼ ਕਰੇ ਅਤੇ ਕਿਸਾਨਾਂ ਦੇ ਮਸਲਿਆਂ ਦੇ ਜਲਦੀ ਹੱਲ ਵੱਲ ਧਿਆਨ ਕੇਂਦਰਤ ਕਰੇ। ਕਿਸਾਨਾਂ ਦੀ ਭਲਾਈ ਲਈ ਸੂਬਾ ਸਰਕਾਰ ਦੇ ਸੰਕਲਪ ਦਾ ਜ਼ਿਕਰ ਕਰਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਭਾਜਪਾ ਨੇ ਆਪਣੀਆਂ ਘਟੀਆ ਕਾਰਵਾਈਆਂ ਨਾਲ ਸਾਡੇ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ ਅਤੇ ਉਨ੍ਹਾਂ ਦਾ ਦਿਲ ਦੁਖਾਇਆ ਹੈ ਅਤੇ ਅੱਗੇ ਕਿਹਾ ਕਿ ਭਾਜਪਾ ਦੇ ਘਟੀਆ ਮਨਸੂਬਿਆਂ ਨੂੰ ਕਿਸਾਨਾਂ ਨੇ ਚੰਗੀ ਤਰ੍ਹਾਂ ਜਾਣ ਲਿਆ ਹੈ। ਕੇਂਦਰ ਸਰਕਾਰੀ ਦੀ ਘਟੀਆ ਅਤੇ ਨੀਵੇਂ ਦਰਜੇ ਦੀ ਸਿਆਸਤ ਕਰਕੇ ਲੋਕਾਂ ਨੂੰ ਦਰਪੇਸ਼ ਮੁੱਦਿਆਂ ਤੋਂ ਸਾਰਿਆਂ ਦਾ ਧਿਆਨ ਲਾਂਭੇ ਕਰਨ ਲਈ ਭਾਜਪਾ ਕੋਝੀਆਂ ਚਾਲਾਂ ਚੱਲ ਰਹੀ ਹੈ।

ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ : ਕਿਸਾਨਾਂ ਦਾ ਸਾਥ ਦੇਣ ਲਈ ਵੀਲ੍ਹ ਚੇਅਰਾਂ 'ਤੇ ਦਿੱਲੀ ਚੱਲੇ ਸੰਗਰੂਰ ਦੇ 'ਅਪਾਹਜ'

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਕੁੱਝ ਸਰਮਾਏਦਾਰਾਂ ਦੇ ਇਸ਼ਾਰੇ ’ਤੇ ਖੇਤੀਬਾੜੀ ਸੈਕਟਰ ਨੂੰ ਬਰਬਾਦ ਕਰਨ ਦੀਆਂ ਕੇਂਦਰ ਦੀਆਂ ਕੋਸ਼ਿਸ਼ਾਂ ਨੂੰ ਕਿਸੇ ਵੀ ਕੀਮਤ ’ਤੇ ਸਫ਼ਲ ਨਹੀਂ ਹੋਣ ਦੇਵੇਗੀ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਨੇ ਸ਼ਰਮਨਾਕ, ਘਟੀਆ ਅਤੇ ਨਿੰਦਣਯੋਗ ਵਤੀਰੇ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਸਾਨਾਂ ਨੂੰ ਅੱਤਵਾਦੀ ਅਤੇ ਖਾਲਿਸਤਾਨੀ ਪੁਕਾਰ ਕੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਦੀ ਇਹ ਕਾਰਵਾਈ ਪੂਰੀ ਤਰ੍ਹਾਂ ਨਿੰਦਣਯੋਗ ਹੈ। ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਭਾਜਪਾ ਦੇਸ਼ ਭਰ 'ਚ ਕਿਸਾਨਾਂ ਦੀ ਨਬਜ਼ ਨੂੰ ਸਮਝਣ 'ਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਲੋਕ ਖ਼ਾਸ ਕਰਕੇ ਪੰਜਾਬੀ ਕੇਂਦਰ ਦੀਆਂ ਘਟੀਆ ਨੀਤੀਆਂ ਕਰਕੇ ਖੁਦ ਨਾਲ ਧੋਖਾ ਹੋਇਆ ਮਹਿਸੂਸ ਕਰ ਰਹੇ ਹਨ ਅਤੇ ਲੋਕ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਆਸਤ ਦੇ ਅਖਾੜੇ ’ਚੋਂ ਭਾਜਪਾ ਦਾ ਡੱਬਾ ਗੋਲ ਕਰਕੇ ਇਸਦਾ ਕਰਾਰਾ ਜਵਾਬ ਦੇਣਗੇ।
ਨੋਟ : ਪੰਜਾਬ ਦੇ ਕਾਂਗਰਸੀ ਮੰਤਰੀਆਂ ਵੱਲੋਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਦਿੱਤੀ ਚਿਤਾਵਨੀ ਬਾਰੇ ਦਿਓ ਰਾਏ


 


Babita

Content Editor

Related News