ਪੰਜਾਬ ''ਤੇ ਆਫਤ ਦੀ ਘੜੀ, ਮੰਤਰੀ-ਵਿਧਾਇਕਾਂ ਦੀ ਰਾਹ ਤੱਕਦੀ ਥੱਕੀ ਜਨਤਾ
Friday, Mar 27, 2020 - 12:06 PM (IST)
ਚੰਡੀਗੜ੍ਹ : ਕੋਰੋਨਾ ਵਰਗੀ ਮਹਾਂਮਾਰੀ ਨੇ ਜਿੱਥੇ ਪੂਰੀ ਦੁਨੀਆਂ 'ਚ ਹਾਹਾਕਾਰ ਮਚਾਈ ਹੋਈ ਹੈ, ਉੱਥੇ ਹੀ ਪੰਜਾਬ ਵੀ ਇਸ ਤੋਂ ਅਛੂਤਾ ਨਹੀਂ ਰਿਹਾ ਹੈ। ਪੰਜਾਬ 'ਚ ਵੀ ਹੁਣ ਤੱਕ ਕੋਰੋਨਾ ਵਾਇਰਸ ਦੇ 33 ਕੇਸ ਸਾਹਮਣੇ ਆ ਚੁੱਕੇ ਹਨ। ਪੰਜਾਬ 'ਤੇ ਆਈ ਇਸ ਆਫਤ ਦੀ ਘੜੀ ਦੌਰਾਨ ਲੋਕ ਮੰਤਰੀਆਂ ਤੇ ਵਿਧਾਇਕਾਂ ਦੀ ਰਾਹ ਤੱਕਦੇ ਥੱਕ ਗਏ ਹਨ ਪਰ ਉਨ੍ਹਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ। ਪੰਜਾਬ 'ਚ ਲੱਗੇ ਕਰਫਿਊ ਦੌਰਾਨ ਕਈ ਲੋਕਾਂ ਨੂੰ ਰੋਟੀ ਤੱਕ ਨਹੀਂ ਮਿਲ ਰਹੀ ਤੇ ਕਈ ਦਵਾਈਆਂ ਜਾਂ ਹੋਰ ਸਮਾਨ ਲਈ ਤਰਸ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਸੰਕਟ 'ਚ ਸਰਕਾਰਾਂ ਦੇ ਕਦਮ ਦੀ ਸਿੱਧੂ ਵਲੋਂ ਸ਼ਲਾਘਾ
ਅਜਿਹੇ 'ਚ ਮੰਤਰੀ ਤੇ ਵਿਧਾਇਕਾਂ ਵਲੋਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਵੀ ਕਰਫਿਊ 'ਚ ਫਸੇ ਹੋਏ ਹਨ ਕਿਉਂਕਿ ਉਨ੍ਹਾਂ ਨੂੰ ਕਰਫਿਊ ਪਾਸ ਜਾਰੀ ਨਹੀਂ ਹੋ ਰਹੇ ਹਨ। ਅਜਿਹੇ 'ਚ 5 ਮੰਤਰੀਆਂ ਨੇ ਆਪਣੇ ਹਲਕਿਆਂ 'ਚ ਤਰਜ਼ੀਹ ਦਿੱਤੀ ਹੈ। ਇਸ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਕਿ ਇਸ ਔਖੀ ਘੜੀ 'ਚ ਲੋਕਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਦੇਵਾਂ। ਪੇਂਡੂ ਤੇ ਸ਼ਹਿਰੀ ਸਿਹਤ ਕੇਂਦਰਾਂ ਦਾ ਦੌਰਾ ਕਰਕੇ ਅਫਸਰਾਂ ਨਾਲ ਮੀਟਿੰਗਾਂ ਕੀਤੀਆਂ ਪਰ ਰਾਸ਼ਨ ਦੀ ਸਮੱਸਿਆ ਹੱਲ ਕਰਨੀ ਉਨ੍ਹਾਂ ਦੀ ਸਿਖਰਲੀ ਤਰਜ਼ੀਹ ਹੈ। ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਆਪਣੇ ਹਲਕੇ ਕਪੂਰਥਲਾ 'ਚ ਮੌਜੂਦ ਹਨ।
ਇਹ ਵੀ ਪੜ੍ਹੋ : ਕੋਰੋਨਾ : ਸੰਕਟ ਦੀ ਘੜੀ 'ਚ ਅੰਨਦਾਤਾ ਬਣਿਆ 'ਪੰਜਾਬ', ਦੂਜੇ ਸੂਬਿਆਂ ਨੂੰ ਭੇਜੇ ਕਣਕ ਤੇ ਚੌਲ
ਚੰਡੀਗੜ੍ਹ 'ਚ ਬੈਠੇ ਵਿਧਾਇਕ ਕੁਲਬੀਰ ਜ਼ੀਰਾ ਨੇ ਕਿਹਾ ਕਿ ਉਹ ਹਲਕੇ 'ਚ ਜਾਣਾ ਚਾਹੁੰਦੇ ਹਨ ਪਰ ਕਰਫਿਊ ਕਰ ਕ ਫਸ ਗਏ ਹਨ। ਉਨ੍ਹਾਂ ਪਾਸਾਂ ਦੀ ਮੰਗ ਕੀਤੀ। ਵਿਧਾਇਕ ਪਰਮਿੰਦਰ ਪਿੰਕੀ ਨੇ ਕਿਹਾ ਕਿ ਉਹ ਤਾਂ ਕਰਫਿਊ ਕਰਕੇ ਚੰਡੀਗੜ੍ਹ 'ਚ ਫਸੇ ਹੋਏ ਹਨ, ਪਰ ਵਜ਼ੀਰਾਂ ਨੂੰ ਜ਼ਿਲਿਆਂ 'ਚ ਜਾ ਕੇ ਪ੍ਰਬੰਧਾਂ ਦੀ ਖੁਦ ਨਿਗਰਾਨੀ ਕਰਨੀ ਚਾਹੀਦੀ ਹੈ। ਵਿਧਾਇਕ ਗੁਰਕੀਰਤ ਕੌਟਲੀ ਵੀ ਚੰਡੀਗੜ੍ਹ 'ਚ ਹੀ ਹਨ। ਔਖੀ ਘੜੀ 'ਚ ਵਿਰੋਧੀ ਧਿਰ ਦੇ ਵਿਧਾਇਕਾਂ ਦੀ ਗੈਰਹਾਜ਼ਰੀ ਵੀ ਹਲਕਿਆਂ 'ਚ ਰੜਕ ਰਹੀ ਹੈ। 'ਆਪ' ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਆਪਣੇ ਹਲਕੇ ਤੋਂ ਮੀਲਾਂ ਦੂਰ ਬੈਠੇ ਹਨ। ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਬਠਿੰਡਾ 'ਚ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਹੈ।