ਗੁਜਰਾਤ ਚੋਣਾਂ ਤੋਂ ਬਾਅਦ ਪੰਜਾਬ ’ਚ ਹੋਣਗੀਆਂ ਨਗਰ ਨਿਗਮ ਦੀਆਂ ਚੋਣਾਂ: ਡਾ. ਇੰਦਰਬੀਰ ਨਿੱਝਰ
Wednesday, Sep 21, 2022 - 03:37 PM (IST)
ਜਲੰਧਰ- ਜੇ ਅਕਾਲੀ, ਕਾਂਗਰਸ, ਭਾਜਪਾ ਵਾਲੇ ਕੰਮ ਕਰਨ ਵਾਲੇ ਹੁੰਦੇ ਤਾਂ ਸਾਨੂੰ ਵੋਟ ਕੌਣ ਪਾਉਂਦਾ। ਪੰਜਾਬ ਦੀ ਜਨਤਾ ਨੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਅਤੇ ਭਗਵੰਤ ਮਾਨ ਜੀ ਦੀ ਈਮਾਨਦਾਰੀ ਨੂੰ ਵੋਟ ਪਾਈ ਹੈ। ਪੰਜਾਬ ’ਚ ਆਮ ਆਦਮੀ ਪਾਰਟੀ ਦੇ 92 ਵਿਧਾਇਕ ਚੁਣੇ ਗਏ ਹਨ। ਇਸ ਵੋਟ ਨੇ ਪੁਰਾਣੀਆਂ ਪਾਰਟੀਆਂ ਨੂੰ ਵੀ ਨਕਾਰਿਆ ਹੈ। ਉਹ ਹੁਣ ਤਣਾਅ ’ਚ ਆ ਕੇ ਕਹਿ ਰਹੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਜਰਮਨ ਦੌਰਾ ਫਲਾਪ ਸ਼ੋਅ ਰਿਹਾ ਹੈ। ਇਹ ਕਹਿਣਾ ਹੈ ਸਥਾਨਕ ਸਰਕਾਰਾਂ ਦੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਦਾ। ਡਾ. ਨਿੱਝਰ ਨੇ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਪੰਜਾਬ ’ਚ ਨਗਰ ਨਿਗਮ ਚੋਣਾਂ ਤੋਂ ਲੈ ਕੇ ਵਿਰੋਧੀਆਂ ਵੱਲੋਂ ‘ਆਪ’ ਸਰਕਾਰ ’ਤੇ ਚੁੱਕੇ ਜਾ ਰਹੇ ਸਵਾਲਾਂ ਦੇ ਬੇਬਾਕ ਅੰਦਾਜ਼ ’ਚ ਜਵਾਬ ਦਿੱਤੇ। ਪੜ੍ਹੋ ਗੱਲਬਾਤ ਦੇ ਜ਼ਰੂਰੀ ਅੰਸ਼ :-
ਪੰਜਾਬ ’ਚ ‘ਆਪ’ ਦੀ ਸਰਕਾਰ ਬਣੀ ਨੂੰ 6 ਮਹੀਨੇ ਹੋ ਚੁੱਕੇ ਹਨ, ਨਗਰ ਨਿਗਮ ਚੋਣਾਂ ਕਦੋਂ ਹੋਣਗੀਆਂ ?
ਗੁਜਰਾਤ ਚੋਣਾਂ ਤੋਂ ਬਾਅਦ ਨਵੇਂ ਸਾਲ ’ਚ ਨਗਰ ਨਿਗਮ ਦੀਆਂ ਚੋਣਾਂ ਹੋਣਗੀਆਂ। ਉਹਦੇ ਲਈ ਸਰਵੇਖਣ ਹੋ ਚੁੱਕਾ ਹੈ ਅਤੇ ਵਾਰਡਬੰਦੀ ਚੱਲ ਰਹੀ ਹੈ। ਵਾਰਡਬੰਦੀ ਵੀ ਨਵੇਂ ਸਾਲ ਤੱਕ ਹੋ ਪੂਰੀ ਹੋ ਜਾਵੇਗੀ ਅਤੇ ਵੋਟਾਂ ਵੀ ਨਵੇਂ ਸਾਲ ’ਚ ਪੈਣਗੀਆਂ।
ਇਹ ਵੀ ਪੜ੍ਹੋ: ਜਿਹੜੇ ਵਿਧਾਇਕਾਂ ਨੂੰ 25-25 ਕਰੋੜ ਦੀ ਪੇਸ਼ਕਸ਼ ਹੋਈ, ਉਹ ਵਿਧਾਇਕ ਹਾਊਸ ’ਚ ਕਰਨਗੇ ਖ਼ੁਲਾਸਾ
ਨਗਰ ਨਿਗਮ ਚੋਣਾਂ ‘ਆਪ’ ਕਾਰਕੁੰਨਾਂ ਦੇ ਨਾਲ ਲੜੀਆਂ ਜਾਣਗੀਆਂ ਜਾਂ ਹੋਰਾਂ ਪਾਰਟੀਆਂ ’ਚੋਂ ਸ਼ਾਮਲ ਹੋ ਰਹੇ ਆਗੂਆਂ ਨਾਲ ?
ਆਮ ਆਦਮੀ ਪਾਰਟੀ ਦਾ ਕੇਡਰ ਡਿਵੈੱਲਪ ਹੋ ਰਿਹਾ ਹੈ। ਦਰਅਸਲ, ਪਾਰਟੀ ਦੀਆਂ ਜੋ ਨੀਤੀਆਂ ਹਨ ਅਤੇ ਜੋ ਗਾਰੰਟੀਆਂ ਦਿੱਤੀਆਂ ਸਨ, ਉਹ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਮੁਹੱਲਾ ਕਲੀਨਿਕ ਲੋਕਾਂ ਲਈ ਲਾਹੇਵੰਦ ਸਾਬਿਤ ਹੋ ਰਹੇ ਹਨ। 51 ਲੱਖ ਘਰਾਂ ਨੂੰ ਬਿਜਲੀ ਦਾ ਜ਼ੀਰੋ ਬਿੱਲ ਆਇਆ ਹੈ। ਅਗਲੇ ਮਹੀਨੇ ਇਸ ਗਿਣਤੀ ’ਚ ਹੋਰ ਵਾਧਾ ਹੋਵੇਗਾ। ਘਰੋ-ਘਰ ਰਾਸ਼ਨ ਦੇਣ ਜਾ ਰਹੇ ਹਾਂ। ਫ਼ਿਲਹਾਲ ਕੋਰਟ ਨੇ ਰੋਕ ਲਗਾ ਦਿੱਤੀ ਹੈ ਪਰ ਕੋਰਟ ਨੂੰ ਵੀ ਪਤਾ ਹੈ ਕਿ ਇਹ ਚੰਗੀ ਪਹਿਲ ਹੈ। ਇਜਾਜ਼ਤ ਮਿਲ ਜਾਵੇਗੀ। ਬਜ਼ੁਰਗਾਂ ਨੂੰ ਘਰੋ-ਘਰ ਪੈਨਸ਼ਨ ਮਿਲੇਗੀ। ਇਸ ਨੂੰ ਲੈ ਕੇ ਵੀ ਬੈਂਕ ਨਾਲ ਗੱਲ ਚੱਲ ਰਹੀ ਹੈ। ਜੇ ਸਰਕਾਰ ਪੈਸੇ ਖ਼ਰਚ ਕਰਦੀ ਹੈ ਤਾਂ ਲੋਕਾਂ ਨੂੰ ਸਹੂਲਤਾਂ ਕਿਉਂ ਨਾ ਮਿਲਣ। ਸੋ ਇਹੀ ਕਾਰਨ ਹੈ ਕਿ ਹਰ ਕੋਈ ਸਾਡੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਰਿਹਾ ਹੈ।
ਇਕ ਧਾਰਨਾ ਹੈ ਕਿ ਤੁਹਾਡਾ ਮਹਿਕਮਾ ਭ੍ਰਿਸ਼ਟਾਚਾਰੀ ਬਹੁਤ ਹੈ, ਕੀ ਕਦੇ ਤੁਹਾਡੇ ਧਿਆਨ ’ਚ ਵੀ ਅਜਿਹਾ ਕੋਈ ਮਾਮਲਾ ਆਇਆ?
ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਹਨ ਕਿ ਨਿਗਰ ਨਿਗਮ ਭ੍ਰਿਸ਼ਟਾਚਾਰ ਪੱਖੋਂ ਹਰ ਮਹਿਕਮੇ ਨੂੰ ਪਿਛਾਂਹ ਛੱਡ ਦਿੰਦਾ ਹੈ। ਅਸਲ ’ਚ ਆਦਤਾਂ ਨੂੰ ਛੱਡਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਹ ਹੌਲੀ-ਹੌਲੀ ਕਰਕੇ ਬਦਲੀਆਂ ਜਾ ਸਕਦੀਆਂ ਹਨ। ਕਿਸੇ ਵੀ ਸੰਸਥਾ ’ਚ 20 ਫ਼ੀਸਦੀ ਲੋਕ ਹੁੰਦੇ ਹਨ, ਜੋ ਮਾੜੇ ਕੰਮ ਕਰਦੇ ਹਨ। 20 ਫ਼ੀਸਦੀ ਲੋਕ ਬਹੁਤ ਚੰਗਾ ਕੰਮ ਕਰਦੇ ਹਨ ਅਤੇ 60 ਫ਼ੀਸਦੀ ਅਧਿਕਾਰੀ ਉਹ ਕੰਮ ਕਰਦੇ ਹਨ, ਜੋ ਆਮ ਸਿਸਟਮ ਕਰ ਰਿਹਾ ਹੁੰਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਜੀ ਈਮਾਨਦਾਰ ਹਨ ਤੇ ਸਾਰੇ ਇਸ ਗੱਲ ਤੋਂ ਜਾਣੂੰ ਹੋਣ ਕਰਕੇ ਮਾੜੇ ਕੰਮ ਛੱਡ ਰਹੇ ਹਨ। ਬਾਕੀ ਲੋਕਾਂ ਦੇ ਕੰਮ ਹੋ ਰਹੇ ਹਨ। ਮਾੜੇ ਕੰਮ ਕਰਨ ਵਾਲੇ ਅਧਿਕਾਰੀ ਵੀ ਚੰਗੇ ਕੰਮਾਂ ਵੱਲ ਮੁੜ ਰਹੇ ਹਨ।
ਸ਼ਹਿਰਾਂ ’ਚ ਵੱਡੀ ਸਮੱਸਿਆ ਪੀਣ ਵਾਲੇ ਪਾਣੀ ’ਚ ਸੀਵਰੇਜ ਦੇ ਪਾਣੀ ਦਾ ਰਲਣਾ ਹੈ। ਇਸ ਨੂੰ ਲੈ ਕੇ ਤੁਹਾਡੀ ਕੀ ਰਣਨੀਤੀ ਹੈ?
ਪੰਜਾਬ ਦੇ 4 ਸ਼ਹਿਰਾਂ ’ਚ ਵੱਡੇ ਪ੍ਰਾਜੈਕਟ ਚੱਲ ਰਹੇ ਹਨ। ਜਲੰਧਰ ’ਚ ਸਭ ਤੋਂ ਐਂਡਵਾਸ ਪ੍ਰਾਜੈਕਟ ਚੱਲ ਰਿਹਾ ਹੈ। ਬਿਸਤ ਦੁਆਬ ਨਹਿਰ ’ਚੋਂ ਆਦਮਪੁਰ ਵਾਲੇ ਪਾਸਿਓਂ ਪਾਣੀ ਲੈ ਕੇ ਨਾਰਥ ਵੱਲੋਂ ਪਾਣੀ ਨੂੰ ਗਰੈਵਟੀ ਨਾਲ ਸ਼ਹਿਰ ’ਚ ਲੈ ਕੇ ਆਵਾਂਗੇ। ਅੰਮ੍ਰਿਤਸਰ ’ਚ ਪਾਣੀ ਨੂੰ ਫਿਲਟਰ ਕਰਨ ਵਾਲਾ ਪਲਾਂਟ ਲੱਗਣਾ ਸ਼ੁਰੂ ਹੋ ਗਿਆ ਹੈ। ਪਾਈਪਾਂ ਪੈ ਰਹੀਆਂ ਹਨ। ਉਥੇ ਵੱਡੇ ਟੈਂਕ ਬਣਨਗੇ ਜਿੱਥੋਂ 24 ਘੰਟੇ ਪਾਣੀ ਦੀ ਸਪਲਾਈ ਹੋਵੇਗੀ। ਜਦੋਂ 24 ਘੰਟੇ ਪਾਣੀ ਚੱਲੇਗਾ, ਉਦੋਂ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਵਿਚ ਨਹੀਂ ਮਿਲੇਗਾ। ਇਹ ਸਮੱਸਿਆ ਉਦੋਂ ਆਉਂਦੀ ਹੈ, ਜਦੋਂ ਪੀਣ ਵਾਲਾ ਪਾਣੀ ਬੰਦ ਹੁੰਦਾ ਹੈ ਜਾਂ ਪਾਈਪ ਲੀਕੇਜ ਹੋਵੇ। ਅਸੀਂ ਪਾਈਪ ਲੀਕੇਜ ਨੂੰ ਵੀ ਬੰਦ ਕਰਾਂਗੇ। ਲੋਕਾਂ ਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਾਜਾਇਜ਼ ਕੁਨੈਕਸ਼ਨ ਨਾ ਲਏ ਜਾਣ ਕਿਉਂਕਿ ਅਜਿਹੇ ਕੰਮ ਕਰਨ ਵਾਲਾ ਮਕੈਨਿਕ ਵੀ ਅਨਾੜੀ ਹੁੰਦਾ ਹੈ। ਉਹ ਅਕਸਰ ਗ਼ਲਤ ਕੁਨੈਕਸ਼ਨ ਜੋੜ ਦਿੰਦਾ ਹੈ, ਜਿਸ ਕਾਰਨ ਪਾਇਪ ’ਚ ਮੋਰੀਆਂ ਰਹਿ ਜਾਂਦੀਆਂ ਹਨ ਅਤੇ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਨਾਲ ਮਿਲ ਜਾਂਦਾ ਹੈ। ਪਾਣੀ ਦਾ ਬਿੱਲ ਤਾਂ ਨਾਮਾਤਰ ਆ ਰਿਹਾ ਹੈ। ਜੇ ਲੋਕ ਨਾਜਾਇਜ਼ ਕੁਨੈਕਸ਼ਨ ਨਹੀਂ ਲੈਣਗੇ ਤਾਂ ਸਾਨੂੰ ਪਤਾ ਚੱਲੇਗਾ ਕਿ ਅਸਲ ’ਚ ਪਾਣੀ ਦੀ ਮੰਗ ਕਿੰਨੀ ਹੈ।
ਇਹ ਵੀ ਪੜ੍ਹੋ: ਪ੍ਰਤਾਪ ਬਾਜਵਾ ਨੇ ਕੈਪਟਨ ਨੂੰ ਦੱਸਿਆ ਚੱਲਿਆ ਹੋਇਆ ਕਾਰਤੂਸ, CM ਮਾਨ ’ਤੇ ਵੀ ਸਾਧੇ ਨਿਸ਼ਾਨੇ
ਪੰਜਾਬ ਦੇ ਮਹਾਨਗਰਾਂ ’ਚ ਐਂਟਰੀ ਪੁਆਇੰਟ ’ਤੇ ਕੂੜੇ ਦੇ ਢੇਰ ਨਜ਼ਰ ਆਉਂਦੇ ਹਨ। ਲੋਕਾਂ ਨੂੰ ਇਸ ਤੋਂ ਕਦੋਂ ਨਿਜਾਤ ਮਿਲੇਗੀ?
ਅਸੀਂ ਵੱਡੇ ਪੱਧਰ ’ਤੇ ਲੱਗੇ ਹੋਏ ਹਾਂ ਤੇ ਅਗਲੇ 5 ਸਾਲਾਂ ’ਚ ਇਹ ਮਸਲੇ ਪੱਕੇ ਤੌਰ ’ਤੇ ਹੱਲ ਕਰ ਦਿੱਤੇ ਜਾਣਗੇ ਪਰ ਕਈ ਵਾਰ ਸਮੱਸਿਆਵਾਂ ਹੋਰ ਹੁੰਦੀਆਂ ਹਨ। ਜਿਵੇਂ ਅੰਮ੍ਰਿਤਸਰ ਵਿਚ ਅਬਰਡਾ ਕੰਪਨੀ ਨਾਲ ਪੁਰਾਣਾ ਕੰਟ੍ਰੈਕਟ ਹੋਇਆ ਹੈ। ਇਸ ਕੰਟ੍ਰੈਕਟ ’ਚ ਕਈ ਪੁਆਇੰਟ ਇਹੋ ਜਿਹੇ ਹਨ, ਜਿਹੜੇ ਬਿਲਕੁਲ ਕੰਪਨੀ ਦਾ ਪੱਖ ਕਰ ਰਹੇ ਹਨ। ਇਹੋ ਜਿਹੇ ਕੰਮਾਂ ’ਚੋਂ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਉਸ ਨੂੰ ਅਸੀਂ ਹੱਲ ਕਰ ਰਹੇ ਹਾਂ। ਪਟਿਆਲਾ ’ਚ ਵੀ ਅਸੀਂ ਮਸਲੇ ਦੇ ਹੱਲ ਲਈ ਯਤਨ ਕਰ ਰਹੇ ਹਾਂ। ਜਲੰਧਰ, ਲੁਧਿਆਣਾ ’ਚ ਅਸੀਂ ਕੰਟ੍ਰੈਕਟ ਕੀਤੇ ਹਨ। ਸਾਨੂੰ ਚੰਗਾ ਹੁੰਗਾਰਾ ਮਿਲਿਆ ਹੈ। ਜਲੰਧਰ ’ਚ ਕਮਿਸ਼ਨਰ ਸਾਬ੍ਹ ਨਾਲ ਗੱਲ ਹੋਈ ਹੈ। ਕਪੂਰਥਲਾ ਦੇ ਅਧਿਕਾਰੀਆਂ ਨੇ ਵੀ ਭਰੋਸਾ ਦਿਵਾਇਆ ਹੈ ਕਿ ਕੂੜਾ ਸੁੱਟਣ ਲਈ ਢੁੱਕਵੀਂ ਜਗ੍ਹਾ ਮਿਲ ਗਈ ਹੈ। ਸਾਨੂੰ ਕਈ ਥਾਈਂ ਪੁਰਾਣੇ ਕੂੜਾ ਡੰਪ ਸਥਾਨਾਂ ਨੂੰ ਲੈ ਕੇ ਥੋੜ੍ਹੀ ਸਮੱਸਿਆ ਆ ਰਹੀ ਹੈ ਤੇ ਬੜੀ ਜਲਦੀ ਇਸ ਦਾ ਹੱਲ ਹੋ ਜਾਵੇਗਾ।
ਕੀ ਪੰਜਾਬ ਨੂੰ ਟ੍ਰੈਫਿਕ ਜਾਂ ਟਰਾਂਸਪੋਰਟ ਦੇ ਮਾਧਿਅਮ ਤੋਂ ਕੋਈ ਨਵੀਂ ਤਕਨੀਕ ਵੀ ਮਿਲੇਗੀ?
ਆਈ ਟ੍ਰਿਪਲ ਸੀ ਤਕਨੀਕ, ਜਿਸ ਨੂੰ ਇੰਟੇਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਹਨ, ਦਾ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਜਲੰਧਰ ’ਚ ਨਿਰਮਾਣ ਹੋ ਚੁੱਕਿਆ ਹੈ। ਇਸ ਤਕਨੀਕ ਤਹਿਤ ਲੁਧਿਆਣਾ ’ਚ 1700 ਹਾਈਡੈਫੀਨੇਸ਼ਨ ਕੈਮਰੇ ਲੱਗਣੇ ਹਨ, ਜਿਨ੍ਹਾਂ ’ਚੋਂ 1400 ਲੱਗ ਚੁੱਕੇ ਹਨ। ਦੋ ਕੰਟਰੋਲ ਸੈਂਟਰ ਬਣਾਏ ਗਏ ਹਨ। ਇਕ ਸੈਂਟਰ ਪੁਲਸ ਤੇ ਇਕ ਨਗਰ ਨਿਗਮ ਦੇ ਕੰਟਰੋਲ ਅਧੀਨ ਹੈ। ਪੁਲਸ ਵਾਲੇ ਰੈੱਡ ਲਾਈਟ, ਐਕਸੀਡੈਂਟ ਮੌਕੇ ਗ਼ਲਤੀ ਦੀ ਪੜਤਾਲ ਕਰਨਗੇ।
ਪੰਜਾਬ ’ਚ ਆਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਬੜੀ ਵੱਡੀ ਸਮੱਸਿਆ ਹੈ। ਲੋਕਾਂ ਨੂੰ ਕਿਵੇਂ ਨਿਜਾਤ ਮਿਲੇਗੀ?
ਦਰਅਸਲ, ਕਈ ਵਾਰ ਇਵੇਂ ਹੁੰਦਾ ਵੀ ਲੋਕ ਪਹਿਲਾਂ ਪਸ਼ੂ ਪਾਲਦੇ ਹਨ, ਫਿਰ ਆਵਾਰਾ ਛੱਡ ਦਿੰਦੇ ਨੇ। ਇਸੇ ਤਰ੍ਹਾਂ ਕੁੱਤਿਆਂ ਨੂੰ ਵੀ ਰੋਟੀ ਪਾਉਂਦੇ ਹਨ ਤਾਂ ਕੁੱਤੇ ਉਨ੍ਹਾਂ ਦੇ ਘਰ ਆਉਣਾ ਸ਼ੁਰੂ ਕਰ ਦਿੰਦੇ ਹਨ। ਫਿਰ ਕਹਿੰਦੇ ਨੇ ਇਹ ਗੰਦ ਪਾਉਂਦੇ ਹਨ ਜਾਂ ਵੱਢਦੇ ਹਨ। ਕੁੱਤਿਆਂ ਦੀ ਨਸਬੰਦੀ ਲਈ ਜੋ ਪ੍ਰੋਗਰਾਮ ਚੱਲ ਰਿਹਾ ਹੈ, ਉਹ ਪਹਿਲਾਂ ਬਹੁਤ ਹੌਲੀ ਗਤੀ ’ਚ ਸੀ, ਹੁਣ ਇਸ ’ਚ ਤੇਜ਼ੀ ਲਿਆਉਣ ਦੇ ਆਦੇਸ਼ ਦੇ ਦਿੱਤੇ ਹਨ। ਕਿਸੇ ਵੀ ਸ਼ਹਿਰ ਦੀ ਗੱਲ ਕਰੀਏ ਤਾਂ 7-8 ਸਾਲ ਇਸ ਮਸਲੇ ਨੂੰ ਹੱਲ ਕਰਦਿਆਂ ਲੱਗ ਜਾਣਗੇ।
ਇਹ ਵੀ ਪੜ੍ਹੋ: ਮਾਪਿਆਂ ਦਿਲ ਦੀ ਜਾਣੇ ਬਿਨਾਂ ਕਰ ਦਿੱਤਾ ਵਿਆਹ, ਹੁਣ ਸਹੁਰੇ ਘਰੋਂ ਤੰਗ ਵਿਆਹੁਤਾ ਬੱਚੀ ਸਣੇ ਖਾ ਰਹੀ ਠੋਕਰਾਂ
ਆਪ੍ਰੇਸ਼ਨ ਲੋਟਸ ਨੂੰ ਲੈ ਕੇ ਭਾਜਪਾ ਵਾਲੇ ਕਹਿੰਦੇ ਹਨ ਕਿ ਤੁਹਾਡੇ ਕੋਲ ਸਬੂਤ ਕੀ ਹਨ?
ਭਾਜਪਾ ਨੇ ਪੂਰੇ ਦੇਸ਼ ’ਚ 280 ਤੋਂ ਵਧੇਰੇ ਵਿਧਾਇਕ ਖ਼ਰੀਦੇ ਹਨ, ਇਸ ਤੋਂ ਵੱਡੇ ਸਬੂਤ ਕੀ ਚਾਹੀਦਾ ਹੈ। ਈਸਟ, ਸਾਊਥ ਮਹਾਰਾਸ਼ਟਰ ਤੋਂ ਬਾਅਦ ਹੁਣ ਗੋਆ ’ਚ 8 ਵਿਧਾਇਕ ਖ਼ਰੀਦੇ ਹਨ। ਬਿਕਰਮ ਮਜੀਠੀਆ ਕਹਿੰਦੇ ਕਿ ‘ਆਪ’ ਵਾਲੇ ਤਾਂ ਖੁਦ ਹੀ ਆਪਣੇ ਮੁੱਖ ਮੰਤਰੀ ਨੂੰ ਕੁਰਸੀ ਤੋਂ ਉਤਾਰਨ ਨੂੰ ਫਿਰਦੇ ਹਨ।
ਬਿਕਰਮ ਮਜੀਠੀਆ ਸਿਆਣੇ ਹਨ। ਉਨ੍ਹਾਂ ਬਾਰੇ ਕੀ ਕਹਿਣਾ। ਰਹੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਂ ਉਹ ਬਹੁਤ ਸਿਆਣੇ ਹਨ। ਬਹੁਤ ਮਿਹਨਤੀ ਹਨ। ਉਨ੍ਹਾਂ ਦੀ ਸੋਚ ਬਹੁਤ ਅਗਾਂਹਵਧੂ ਹੈ। ਅਸੀਂ ਉਨ੍ਹਾਂ ਨੂੰ ਕੁਰਸੀ ਤੋਂ ਕੀ ਉਤਾਰਨਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ