ਸਕੇਲ ਰਿਵਾਈਜ਼ ਤੇ ਡੀ. ਏ. ਸਬੰਧੀ ਕੈਪਟਨ ਸਰਕਾਰ ਨੂੰ ਦਿੱਤਾ 15 ਦਿਨ ਦਾ ਅਲਟੀਮੇਟਮ

01/23/2019 9:44:09 AM

ਜਲੰਧਰ (ਮਹੇਸ਼)—ਪੰਜਾਬ ਮਾਰਕੀਟ ਕਮੇਟੀ ਮੁਲਾਜ਼ਮ ਜਥੇਬੰਦੀ ਸਬੰਧਤ ਮੰਡੀ ਬੋਰਡ ਅਦਾਰਾ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਮੰਡੀ ਅਫਸਰ ਡਰਾਇੰਗ ਬ੍ਰਾਂਚ ਵਿਚ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਸੁਰਜੀਤ ਸਿੰਘ ਜੌਹਲ ਨੇ ਕੀਤੀ।

ਸੁਖਦੇਵ ਸਿੰਘ ਐਕਸੀਅਨ ਵਿੰਗ ਜ਼ਿਲਾ ਪ੍ਰਧਾਨ ਨੇ ਪੰਜਾਬ ਸਰਕਾਰ 'ਤੇ ਬਹੁਤ ਭਾਰੀ ਇਤਰਾਜ਼ ਜਤਾਇਆ ਕਿ ਕੈਪਟਨ ਸਰਕਾਰ ਨੂੰ ਤੀਜਾ ਸਾਲ ਸ਼ੁਰੂ ਹੋ ਗਿਆ ਹੈ ਅਤੇ ਮੁਲਾਜ਼ਮਾਂ ਨੂੰ ਕੋਈ ਵੀ ਲਾਭ ਨਹੀਂ ਦਿੱਤਾ ਗਿਆ ਸਗੋਂ ਉਲਟਾ ਮੁਲਾਜ਼ਮਾਂ 'ਤੇ  2400 ਰੁਪਏ ਸਾਲਾਨਾ ਬੋਝ ਪਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਵਲੋਂ ਨਾ ਤਾਂ ਕੋਈ ਹੋਰ ਭਰਤੀ ਕੀਤੀ ਗਈ ਹੈ ਅਤੇ ਨਾ ਹੀ ਕੱਚੇ ਮੁਲਾਜ਼ਮਾਂ ਨੂੰ ਪੋਸਟਾਂ 'ਤੇ ਪੱਕਾ ਕੀਤਾ ਗਿਆ ਹੈ। ਸਾਲ 2016 ਤੋਂ ਗ੍ਰੇਡ ਰਿਵਾਈਜ਼ ਅਤੇ 5 ਡੀ. ਏ. ਦੀਆਂ ਕਿਸ਼ਤਾਂ ਵੀ ਡਿਊ ਹਨ, ਜੋ ਕਿ ਅਜੇ ਤਕ ਨਹੀਂ ਦਿੱਤੀਆਂ ਗਈਆਂ। ਅਮਰਜੀਤ ਪ੍ਰਧਾਨ ਰਈਆ, ਮੁਖਤਿਆਰ ਸਿੰਘ, ਚਰਨਜੀਤ ਸਿੰਘ ਸੁਪਰਵਾਈਜ਼ਰ, ਸੁਖਦੇਵ ਸਿੰਘ ਮਹਿਤਾ, ਇਕਬਾਲ ਸਿੰਘ, ਹਰਜਿੰਦਰ ਸਿੰਘ ਜੌਹਲ, ਹਰਪ੍ਰੀਤ ਸਿੰਘ ਆਦਿ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦਾ ਇਖਲਾਕੀ ਫਰਜ਼ ਹੈ ਕਿ ਹੁਣ ਤਕ ਲਾਭ ਮੁਲਾਜ਼ਮਾਂ ਨੂੰ ਦੇ ਦੇਣਾ ਚਾਹੀਦਾ ਹੈ। 

ਪੰਜਾਬ ਪ੍ਰਧਾਨ ਨੇ ਸਤਿਕਾਰਯੋਗ ਅਫਸਰੀ ਢਾਂਚੇ ਅਤੇ ਬੁਲਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਿਰੁੱਧ ਸੁਰਾਂ ਉਠ ਰਹੀਆਂ ਹਨ ਕਿ ਸ਼ਿਵ ਸੈਨਾ ਦੇ ਪ੍ਰਧਾਨਾਂ ਨੂੰ, ਡੇਰੇ ਦੇ ਸਾਧਾਂ ਨੂੰ ਅਤੇ ਬਾਦਲ ਪਰਿਵਾਰ ਨੂੰ ਬਚਾਉਣ ਸਬੰਧੀ 3 ਗੱਡੀਆਂ ਤੋਂ 7 ਗੱਡੀਆਂ ਤਕ ਦਿੱਤੀਆਂ ਹਨ, ਜਿਸ ਨਾਲ ਕਰੋੜਾਂ ਰੁਪਏ ਦੀ ਬਰਬਾਦੀ ਕੈਪਟਨ ਸਰਕਾਰ ਕਰ ਰਹੀ ਹੈ। ਇਸ ਤੋਂ ਇਲਾਵਾ 261 ਲਿਟਰ ਡੀਜ਼ਲ ਤੋਂ 524 ਲਿਟਰ ਤਕ ਡੇਰੇ ਦੇ ਸਾਧਾਂ, ਸ਼ਿਵ ਸੈਨਾ ਦੇ ਪ੍ਰਧਾਨਾਂ ਅਤੇ ਬਾਦਲ ਪਰਿਵਾਰ ਨੂੰ ਬੇਵਜ੍ਹਾ ਦੇ ਰਹੀ ਹੈ, ਜੋ ਕਿ ਕਰੋੜਾਂ ਰੁਪਏ ਦਾ ਨੁਕਸਾਨ ਹੈ।

ਸ. ਜੌਹਲ ਨੇ ਆਪਣੇ ਸਬੰਧਤ ਅਦਾਰਿਆਂ ਤੋਂ ਮੁਆਫੀ ਚਾਹੁੰਦੇ ਹੋਏ ਕਿਹਾ ਕਿ ਸਕੇਲ ਰਿਵਾਈਜ਼ ਸਾਲ 2016 ਤੋਂ ਅਤੇ 5 ਡੀ. ਏ. ਦੀਆਂ ਕਿਸ਼ਤਾਂ ਸਬੰਧੀ ਕੈਪਟਨ ਸਰਕਾਰ ਨੂੰ 15 ਦਿਨ ਦਾ ਅਲਟੀਮੇਟਮ  ਦੇ ਦਿਓ ਤਾਂ ਜੋ ਸਰਕਾਰ ਨੂੰ ਸ਼ਾਇਦ ਜਾਗ ਆ ਜਾਵੇ, ਫੈਸਲਾ ਫਿਰ ਹੀ ਦੱਸਾਂਗੇ? ਇਨ੍ਹਾਂ ਕਿਹਾ ਕਿ ਅਸੀਂ ਸਿਆਸੀ ਵੀ ਹਾਂ, ਦਰਬਾਰਾ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਪਿੰਡ ਦੇ ਵੀ ਹਾਂ, ਜੇਕਰ ਮੁਲਾਜ਼ਮ ਜਥੇਬੰਦੀਆਂ ਨੇ ਫੈਸਲਾ ਬਦਲ ਲਿਆ ਤਾਂ ਸ਼ਿਵ ਸੈਨਾ ਜਾਂ ਡੇਰਿਆਂ ਵਾਲੇ ਪੰਜਾਬ ਸਰਕਾਰ ਨੂੰ ਨਹੀਂ ਬਚਾ ਸਕਣਗੇ। ਇਸ ਮੀਟਿੰਗ ਵਿਚ ਰਕਨ ਕੁਮਾਰ ਐੱਸ. ਡੀ. ਓ., ਹਰਪ੍ਰੀਤ ਸਿੰਘ ਐੱਸ. ਡੀ. ਓ., ਜਗਦੀਪ ਸਿੰਘ ਐੱਸ. ਡੀ. ਓ., ਇਕਬਾਲ ਸਿੰਘ ਸੁਪਰਵਾਈਜ਼ਰ, ਸੁਭੇਗ ਸਿੰਘ ਸੁਪਰਵਾਈਜ਼ਰ, ਸਰਨਜੀਤ ਸਿੰਘ ਆਦਿ ਸਾਥੀ ਮੌਜੂਦ ਸਨ।


Shyna

Content Editor

Related News