ਵਿਆਹ ਤੇ ਭੋਗ ਸਮਾਗਮਾਂ ਨੂੰ ਛੱਡ ਕੇ ਪੰਜ ਤੋਂ ਵੱਧ ਵਿਅਕਤੀਆਂ ਵਾਲੇ ਇਕੱਠਾਂ ’ਤੇ ਪਾਬੰਦੀ
Saturday, Aug 22, 2020 - 09:53 AM (IST)
ਚੰਡੀਗੜ੍ਹ/ਜਲੰਧਰ (ਅਸ਼ਵਨੀ,ਧਵਨ) : ਸੂਬੇ ’ਚ 31 ਅਗਸਤ ਤੱਕ ਨਵੀਂਆਂ ਤਾਲਾਬੰਦੀ ਪਾਬੰਦੀਆਂ ਦੇ ਐਲਾਨ ਤੋਂ ਇੱਕ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁੱਕਰਵਾਰ ਨੂੰ ਵਿਆਹ ਅਤੇ ਭੋਗ ਸਮਾਗਮਾਂ ਤੋਂ ਇਲਾਵਾ ਪੰਜ ਤੋਂ ਜ਼ਿਆਦਾ ਵਿਅਕਤੀਆਂ ਦੀ ਸ਼ਮੂਲੀਅਤ ਵਾਲੀਆਂ ਸਾਰੀਆਂ ਸਭਾਵਾਂ ’ਤੇ ਰੋਕ ਲਾਉਣ ਲਈ ਧਾਰਾ 144 ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ। ਮੁੱਖ ਮੰਤਰੀ ਵਲੋਂ ਚਿਤਾਵਨੀ ਦਿੱਤੀ ਗਈ ਕਿ ਪੰਜਾਬ ਦੇ ਲੋਕਾਂ ਦੀ ਜਾਨ ਬਚਾਉਣ ਅਤੇ ਕੋਵਿਡ ਦੀ ਰੋਕਥਾਮ ਲਈ ਜੇਕਰ ਜ਼ਰੂਰਤ ਪਈ ਤਾਂ 31 ਅਗਸਤ ਤੋਂ ਬਾਅਦ ਹੋਰ ਸਖਤ ਕਦਮ ਵੀ ਚੁੱਕੇ ਜਾਣਗੇ।
ਉਨ੍ਹਾਂ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਧਰਨਿਆਂ ਸਮੇਤ ਸਾਰੀਆਂ ਸਭਾਵਾਂ ਤੋਂ ਬਚਣ ਲਈ ਅਪੀਲ ਕੀਤੀ। ਅਜਿਹੇ ਮਾਮਲੇ ਵਿਚ ਮੁਕੰਮਲ ਸਖਤੀ ਦੀ ਚਿਤਾਵਨੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਧਾਰਾ 144 ਦੇ ਕਿਸੇ ਵੀ ਉਲੰਘਣਾ ਦੇ ਮਾਮਲੇ ਵਿਚ ਅਜਿਹੇ ਜਲਸੇ ਦੇ ਪ੍ਰਬੰਧਕਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ, ਜਿਨ੍ਹਾਂ ਵਲੋਂ ਜਲਸਾ ਕਰਕੇ ਜਾਂ ਮਾਸਕ ਦੇ ਬਿਨਾਂ ਜਲਸੇ ਦੀ ਆਗਿਆ ਦੇ ਕੇ ਲੋਕਾਂ ਦੀ ਜਾਨ ਨੂੰ ਜ਼ੋਖਮ ਵਿਚ ਪਾਇਆ ਜਾ ਰਿਹਾ ਹੈ। ਫੇਸਬੱੁਕ ਲਾਈਵ ਪ੍ਰੋਗਰਾਮ ‘ਕੈਪਟਨ ਨੂੰ ਸਵਾਲ’ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਦੇ ਆਂਕੜੇ ਨਿਰਾਸ਼ਾਜਨਕ ਤਸਵੀਰ ਪੇਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਅਮਰੀਕਾ ਵਰਗੇ ਹਾਲਾਤਾਂ ਵੱਲ ਨਹੀਂ ਜਾਣ ਦੇਵਾਂਗੇ। ਮੁੱਖ ਮੰਤਰੀ ਨੇ ਕੋਵਿਡ ਤੋਂ ਤੰਦਰੁਸਤ ਹੋ ਚੁੱਕੇ ਆਦਮੀਆਂ ਨੂੰ ਦੂਸਰਿਆਂ ਦੀ ਜਾਨ ਬਚਾਉਣ ਲਈ ਪਲਾਜ਼ਮਾ ਦਾਨ ਕਰਨ ਦੀ ਆਪਣੀ ਅਪੀਲ ਨੂੰ ਦੁਹਰਾਇਆ ਹੈ।