ਪੰਜਾਬ ਦੀ ''ਸਿਆਸਤ'' ''ਤੇ ਭਾਰੂ ''ਕੋਰੋਨਾ'', ਹੁਣ ਤੱਕ ਇਹ ਆਗੂ ਹੋ ਚੁੱਕੇ ਨੇ ਸ਼ਿਕਾਰ
Tuesday, Aug 18, 2020 - 03:55 PM (IST)
ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਮਹਾਮਾਰੀ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਹੈ। ਰੋਜ਼ਾਨਾ ਵੱਡੀ ਗਿਣਤੀ 'ਚ ਜਿੱਥੇ ਕੋਰੋਨਾ ਪੀੜਤ ਮਰੀਜ਼ ਸਾਹਮਣੇ ਆ ਰਹੇ ਹਨ, ਉੱਥੇ ਹੀ ਸੂਬੇ ਅੰਦਰ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਕੋਰੋਨਾ ਮਹਾਮਾਰੀ ਤੋਂ ਪੰਜਾਬ ਦੀ ਸਿਆਸਤ ਵੀ ਅਛੂਤੀ ਨਹੀਂ ਰਹੀ। ਪੰਜਾਬ ਦੇ ਕਈ ਸਿਆਸੀ ਆਗੂ ਹੁਣ ਤੱਕ ਇਸ ਭਿਆਨਕ ਬੀਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ।
ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ
ਸੂਬੇ ਦੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕੋਰੋਨਾ ਦਾ ਸ਼ਿਕਾਰ ਹੋ ਗਏ ਸਨ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਬੇਟੇ ਨੂੰ ਵੀ ਕੋਰੋਨਾ ਹੋ ਗਿਆ ਸੀ, ਜਿਨ੍ਹਾਂ ਨੇ ਇਸ ਬੀਮਾਰੀ ਨੂੰ ਮਾਤ ਪਾ ਦਿੱਤੀ।
ਇਹ ਵੀ ਪੜ੍ਹੋ : ਮੋਗਾ 'ਚ ਪ੍ਰੇਮ ਸਬੰਧਾਂ ਦੇ ਚੱਲਦਿਆਂ ਕੁੜੀ ਨੇ ਪੁਲ ਤੋਂ ਮਾਰੀ ਛਾਲ, ਮੌਤ
ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ
ਆਜ਼ਾਦੀ ਦਿਹਾੜੇ ਦੇ ਸਮਾਰੋਹ ਦੌਰਾਨ ਝੰਡਾ ਲਹਿਰਾਉਣ ਵਾਲੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਕੁੱਝ ਦਿਨਾਂ ਤੋਂ ਬੀਮਾਰ ਚੱਲ ਰਹੇ ਕਾਂਗੜ ਵੱਲੋਂ ਇਕ ਸਮਾਰਟ ਸਕੂਲ ਦਾ ਉਦਘਾਟਨ ਵੀ ਕੀਤਾ ਗਿਆ ਸੀ ਅਤੇ ਸਕੂਲੀ ਬੱਚਿਆਂ ਨਾਲ ਮੁਲਾਕਾਤ ਵੀ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ 10 ਲੋਕ ਕੋਰੋਨਾ ਦੀ ਚਪੇਟ 'ਚ ਆ ਗਏ ਸਨ।
ਇਹ ਵੀ ਪੜ੍ਹੋ : NRI ਦੇ ਬੰਦ ਪਏ ਘਰ 'ਚ ਵੱਡੀ ਵਾਰਦਾਤ, ਵਾਪਸ ਪਰਤੇ ਟੱਬਰ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ
ਲੁਧਿਆਣਾ ਜ਼ਿਲ੍ਹੇ ਦੇ ਦਾਖਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਕੋਰੋਨਾ ਰਿਪੋਰਟ ਹਾਲ ਹੀ 'ਚ ਪਾਜ਼ੇਟਿਵ ਪਾਈ ਗਈ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਦੇ ਮਾਧਿਅਮ ਰਾਹੀਂ ਆਮ ਜਨਤਾ ਨਾਲ ਸਾਂਝੀ ਕੀਤੀ।
ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ। 69 ਸਾਲਾ ਅਜਾਇਬ ਸਿੰਘ ਭੱਟੀ ਮਲੋਟ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਹਨ ਅਤੇ ਉਨ੍ਹਾਂ ਨੇ ਵੀ ਆਜ਼ਾਦੀ ਦਿਹਾੜੇ ਮੌਕੇ ਝੰਡਾ ਲਹਿਰਾਇਆ ਸੀ।
ਇਹ ਵੀ ਪੜ੍ਹੋ : 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਲਣਗੇ 'ਡਿਜੀਟਲ ਸਰਟੀਫਿਕੇਟ', PSEB ਨੇ ਕੀਤੇ ਅਪਲੋਡ
'ਆਪ' ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ
ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਸੰਪਰਕ 'ਚ ਆਉਣ ਕਾਰਨ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੀ ਕੋਰੋਨਾ ਦਾ ਸ਼ਿਕਾਰ ਹੋ ਗਏ। ਫਿਲਹਾਲ ਮਾਨਸ਼ਾਹੀਆ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ।
ਸੀਨੀਅਰ ਅਕਾਲੀ ਆਗੂ ਰੋਜ਼ੀ ਬਰਕੰਦੀ
ਮੁਕਤਸਰ ਸਾਹਿਬ ਤੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਹਾਲ 'ਚ ਹੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਰੋਜ਼ੀ ਬਰਕੰਦੀ ਨੇ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ 'ਤੇ ਕੋਰੋਨਾ ਦਾ ਨਮੂਨਾ ਦਿੱਤਾ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦੋਂ ਕਿ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਪੰਜਾਬ 'ਚ 'ਕੋਰੋਨਾ' ਦੇ ਤਾਜ਼ਾ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਨੇ ਪੂਰੀ ਤੜਥੱਲੀ ਮਚਾਈ ਹੋਈ ਹੈ। ਹੁਣ ਤੱਕ ਦੇ ਤਾਜ਼ਾ ਅੰਕੜਿਆਂ ਮੁਤਾਬਕ ਸੂਬੇ ਅੰਦਰ ਕੋਰੋਨਾ ਦੇ ਕੁੱਲ 32,660 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ ਸੂਬੇ ਅੰਦਰ 10,690 ਸਰਗਰਮ ਮਾਮਲੇ ਚੱਲ ਰਹੇ ਹਨ, ਜਦੋਂ ਕਿ ਹੁਣ ਤੱਕ ਕੋਰੋਨਾ ਮਹਾਮਾਰੀ ਕਾਰਨ 881 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 21,090 ਲੋਕ ਇਸ ਭਿਆਨਕ ਬੀਮਾਰੀ ਨੂੰ ਮਾਤ ਦੇ ਕੇ ਆਪੋ-ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।